ਸਿੱਖਿਆ ਸਕੱਤਰ ਵੱਲੋਂ ਸੈਲਫ਼ ਸਮਾਰਟ ਸਕੂਲਾਂ, ਪ੍ਰੀਖਿਆਵਾਂ ਦੀ ਤਿਆਰੀ ਤੇ ਦਾਖ਼ਲਾ ਮੁਹਿੰਮ ਦੀ ਸਫਲਤਾ ’ਤੇ ਜ਼ੋਰ

ਕ੍ਰਿਸ਼ਨ ਕੁਮਾਰ ਨੇ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਸਬੰਧੀ ਐਜੂਸੈਟ ਰਾਹੀਂ ਸਕੂਲਾਂ ਵਿੱਚ ਅਧਿਆਪਕਾਂ ਨਾਲ ਕੀਤੀ ਸਿੱਧੀ ਗੱਲ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 28 ਜਨਵਰੀ:
ਸਿੱਖਿਆ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਨੇ ਸੋਮਵਾਰ ਨੂੰ ਐਜੂਸੈਟ ਰਾਹੀਂ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਕੰਮ ਕਰ ਰਹੀ ‘ਪੜ੍ਹੋ ਪੰਜਾਬ ਪੜ੍ਹਾਓ ਪੰਜਾਬ’ ਟੀਮ ਦੇ ਸਮੂਹ ਮੈਂਬਰਾਂ, ਅਧਿਆਪਕਾਂ, ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰਾਂ ਤੇ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨਾਲ ਸਿੱਧੀ ਗੱਲ ਕਰਦਿਆਂ
ਸੈਲਫ਼ ਸਮਾਰਟ ਸਕੂਲਾਂ ਅਤੇ ਸਾਲਾਨਾ ਪ੍ਰੀਖਿਆਵਾਂ ਦੀ ਸੁਚੱਜੇ ਢੰਗ ਨਾਲ ਤਿਆਰੀ ਅਤੇ ਬੱਚਿਆਂ ਦੇ ਨਵੇਂ ਦਾਖ਼ਲਿਆਂ ਸਬੰਧੀ ਦਾਖ਼ਲਾ ਮੁਹਿੰਮ ਨੂੰ ਸਫਲ ਬਣਾਉਣ ’ਤੇ ਜ਼ੋਰ ਦਿੱਤਾ।
ਇਸ ਮੌਕੇ ਕ੍ਰਿਸ਼ਨ ਕੁਮਾਰ ਨੇ ਕਿਹਾ ਕਿ ਸਿੱਖਿਆ ਮੰਤਰੀ ਓਪੀ ਸੋਨੀ ਦੀ ਅਗਵਾਈ ਹੇਠ ਸਮੂਹ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦਾ ਮਿਆਰ ਗੁਣਾਤਮਿਕਤਾ ਵਿੱਚ ਬਹੁਤ ਜ਼ਿਆਦਾ ਉੱਚਾ ਉੱਠ ਰਿਹਾ ਹੈ। ਇਸ ਲਈ ਸਮੂਹ ਅਧਿਆਪਕ, ਸਕੂਲ ਮੁਖੀ ਤੇ ਸਿੱਖਿਆ ਅਧਿਕਾਰੀ ਵਧਾਈ ਦੇ ਪਾਤਰ ਹਨ। ਉਨ੍ਹਾਂ ਪੰਜਾਬ ਵਿੱਚ ਕਰੀਬ 2400 ਸੈਲਫ ਸਮਾਰਟ ਸਕੂਲਾਂ ਦੇ ਬਿਹਤਰੀਨ ਕਾਰਜ ਲਈ ਅਧਿਆਪਕਾਂ ਦੀ ਪਿੱਠ ਥਾਪੜਦਿਆਂ ਕਿਹਾ ਕਿ ਸਕੂਲਾਂ ਵਿੱਚ ਵਿਦਿਆਰਥੀਆਂ ਦੇ ਪ੍ਰੀਖਿਆਵਾਂ ਵਿੱਚ ਵਧੀਆ ਨਤੀਜਿਆਂ ਲਈ ਕੀਤੀ ਜਾ ਰਹੀ ਸਕੂਲ ਪੱਧਰ ਦੀ ਮਾਈਕਰੋ ਯੋਜਨਾਬੰਦੀ ਅਤੇ ਅਧਿਆਪਕਾਂ ਦੇ ਛੁੱਟੀਆਂ ਦੌਰਾਨ ਵੀ ਸਕੂਲਾਂ ਵਿੱਚ ਕਲਾਸਾਂ ਲਾਉਣ ਦੀ ਸ਼ਲਾਘਾ ਕੀਤੀ।
ਇਸ ਮੌਕੇ ਸਿੱਖਿਆ ਵਿਭਾਗ ਵੱਲੋਂ ਚਲਾਈ ਜਾ ਰਹੀ ਦਾਖ਼ਲਾ ਮੁਹਿੰਮ ‘ਈਚ ਵਨ, ਬਰਿੰਗ ਵਨ’ ਲਈ ਪੰਜਾਬ ਦੇ ਸਮੂਹ ਅਧਿਆਪਕਾਂ, ਸਕੂਲ ਮੁਖੀਆਂ, ਆਂਗਨਵਾੜੀ ਵਰਕਰਾਂ, ਸਕੂਲ ਮੈਨੇਜਮੈਂਟ ਕਮੇਟੀਆਂ ਅਤੇ ਸਮਾਜ ਸੇਵੀ ਸੰਸਥਾਵਾਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਪ੍ਰੀ-ਪ੍ਰਾਇਮਰੀ ਤੋਂ ਬਾਰ੍ਹਵੀਂ ਤੱਕ ਦੀ ਸਿੱਖਿਆ ਲਈ ਦਾਖ਼ਲਾ ਸ਼ੁਰੂ ਕੀਤਾ ਜਾ ਚੁੱਕਾ ਹੈ। ਇਸ ਸਾਲ ਅਧਿਆਪਕ ਆਪਣੇ ਸਕੂਲਾਂ ਵਿੱਚ ਦਾਖ਼ਲਾ ਵਧਾਉਣ ਲਈ ਘਰ ਘਰ ਜਾ ਕੇ ਮੁਹਿੰਮ ਚਲਾ ਰਹੇ ਹਨ।
ਸਿੱਖਿਆ ਸਕੱਤਰ ਨੇ ਰਾਸ਼ਟਰੀ ਪੱਧਰ ’ਤੇ ਕੀਤੇ ਗਏ ਸਿੱਖਿਆ ਸਰਵੇਖਣ ‘ਐਨੂਅਲ ਸਟੇਟਸ ਆਫ਼ ਐਜੂਕੇਸ਼ਨ ਰਿਪੋਰਟ’ ਦੀ ਤੁਲਾਨਤਮਿਕ ਰਿਪੋਰਟ ਵੀ ਐਜੂਸੈਟ ਰਾਹੀਂ ਸਾਂਝੀ ਕੀਤੀ। ਜਿੱਥੇ ਉਨ੍ਹਾਂ ਭਾਰਤ ਦੇ ਮੁਕਾਬਲੇ ਗਣਿਤ ਤੇ ਪੰਜਾਬੀ ਵਿੱਚ ਵੱਖ-ਵੱਖ ਜਮਾਤਾਂ ਦੇ ਸਿੱਖਣ ਪੱਧਰ ਦੀ ਰਿਪੋਰਟ ਵਿੱਚ ਪੰਜਾਬ ਦਾ ਪੱਲੜਾ ਉੱਪਰ ਆਉਣ ਬਾਰੇ ਦੱਸਿਆ ਉੱਥੇ ਦਾਖ਼ਲਿਆਂ ਵਿੱਚ ਮੁੰਡਿਆਂ ਤੇ ਕੁੜੀਆਂ ਦੀ ਬਰਾਬਰਤਾ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ‘ਪੜ੍ਹੋ ਪੰਜਾਬ ਪੜ੍ਹਾਓ ਪੰਜਾਬ’ ਪ੍ਰਾਜੈਕਟ ਤਹਿਤ ਵਿਦਿਆਰਥੀਆਂ ਦੀ ਅੰਤਿਮ ਜਾਂਚ ਵੀ ਕੀਤੀ ਜਾਣੀ ਹੈ। ਉਨ੍ਹਾਂ ਸਕੂਲਾਂ ਦੀਆਂ ਇਮਾਰਤਾਂ ਨੂੰ ਸਿੱਖਣ ਸਿਖਾਉਣ ਸਮੱਗਰੀ ਤੇ ਕਿਰਿਆਵਾਂ ਤੇ ਆਧਾਰਿਤ ਸਿੱਖਣ ਪ੍ਰਕਿਰਿਆ (ਐਕਟੀਵਿਟੀ ਬੇਸਡ ਲਰਨਿੰਗ) ’ਤੇ ਵੀ ਜ਼ੋਰ ਦਿੰਦਿਆਂ ਕਿਹਾ ਕਿ ‘ਪੜ੍ਹੋ ਪੰਜਾਬ, ਖੇਡੋ ਪੰਜਾਬ’ ਤਹਿਤ ਵੀ ਸਕੂਲ ਖੇਡ ਨੀਤੀ ਅਨੁਸਾਰ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਦਾ ਮੁਲੰਕਣ ਕੀਤਾ ਜਾਵੇ।
ਪੰਜਾਬ ਦੇ ਸਰਕਾਰੀ ਸਕੂਲ ਜਿਨ੍ਹਾਂ ਵਿੱਚ ਅੰਗਰੇਜ਼ੀ ਮਾਧਿਅਮ ਵਿੱਚ ਪੜ੍ਹਾਈ ਹੋ ਰਹੀ ਹੈ। ਉਨ੍ਹਾਂ ਸਕੂਲਾਂ ਨੂੰ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ‘ਤੇ ਜ਼ੋਰ ਦੇਣ ਦੀ ਗੱਲ ਕਰਦਿਆਂ ਕਿਹਾ ਕਿ ਅਗਲੇ ਸੈਸ਼ਨ ਦੌਰਾਨ ਹੋਰ ਸਕੂਲਾਂ ਨੂੰ ਵੀ ਅੰਗਰੇਜ਼ੀ ਮਾਧਿਅਮ ਵਿੱਚ ਆਉਣ ਲਈ ਉਤਸ਼ਾਹਿਤ ਕੀਤਾ ਜਾਵੇਗਾ ਤਾਂ ਜੋ ਮਾਪਿਆਂ ਦਾ ਰੁਝਾਨ ਸਰਕਾਰੀ ਸਕੂਲਾਂ ਵੱਲ ਵਧ ਸਕੇ। ਉਨ੍ਹਾਂ ਸਰਕਾਰੀ ਸਕੂਲਾਂ ਵਿੱਚ ਟੀਚਿੰਗ ਪ੍ਰੈਕਟਿਸ ਲਗਾ ਰਹੇ ਸਰਕਾਰੀ ਡਾਇਟਾਂ ਜਾਂ ਨਿੱਜੀ ਕਾਲਜਾਂ ਦੇ ਈਟੀਟੀ ਸਿੱਖਿਆਰਥੀਆਂ ਸਬੰਧੀ ਕਿਹਾ ਕਿ ਇਨ੍ਹਾਂ ਦੇ ਸਕੂਲਾਂ ਵਿੱਚ ਟੀਚੇ ਨਿਰਧਾਰਿਤ ਕੀਤੇ ਜਾਣਗੇ ਤਾਂ ਜੋ ਉਨ੍ਹਾਂ ਦੇ ਸਕੂਲਾਂ ਵਿੱਚ ਟੀਚਿੰਗ ਪ੍ਰੈਕਟਿਸ ਲਗਾਉਂਦੇ ਸਮੇਂ ਸਿੱਖਿਆਰਥੀਆਂ ਦੇ ਕਾਰਜਾਂ ਦਾ ਮੁਲੰਕਣ ਵਿਦਿਆਰਥੀਆਂ ਦੇ ਸਿੱਖਣ ਪੱਧਰ ਵਿੱਚ ਆਈ ਪ੍ਰਗਤੀ ਤੋਂ ਕੀਤਾ ਜਾ ਸਕੇ।
ਇਸ ਤੋਂ ਇਲਾਵਾ ਰੀਡਿੰਗ ਕਾਰਨਰ ਦੀ ਸਥਾਪਨਾ ਤੇ ਉਚਿੱਤ ਵਰਤੋਂ, ਵਿਦਿਆਰਥੀਆਂ ਦੀ ਸਹਿ-ਅਕਾਦਮਿਕ ਕਿਰਿਆਵਾਂ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ, ਅਧਿਆਪਕਾਂ ਦੇ ਬਕਾਇਆ ਕੰਮਕਾਜੀ ਮਸਲਿਆਂ ’ਤੇ ਲੋੜੀਂਦੀ ਕਾਰਵਾਈ, ਸੋਹਣਾ ਤੇ ਸਮਾਰਟ ਸਕੂਲ ਬਣਾਉਣ ਲਈ ਕੀਤੇ ਜਾਣ ਵਾਲੇ ਹੋਰ ਉਪਰਾਲਿਆਂ, ਸਮਾਰਟ ਸਕੂਲਾਂ ਵਿੱਚ ਦਾਖ਼ਲੇ ਵਧਾਉਣ, ਸੁੰਦਰ ਲਿਖਾਈ ’ਤੇ ਜ਼ੋਰ ਦੇਣ ਦੀ ਗੱਲ ਅਤੇ ਸਕੂਲ ਦੀ ਸਫ਼ਾਈ ਤੇ ਵਿਦਿਆਰਥੀ ਦੀ ਸਿਹਤ ਸੰਭਾਲ ਮੁੱਦਿਆਂ ’ਤੇ ਵੀ ਅਧਿਆਪਕਾਂ ਤੇ ਅਧਿਕਾਰੀਆਂ ਨੂੰ ਵਿਸ਼ੇਸ਼ ਧਿਆਨ ਦੇਣ ਦੀ ਗੱਲ ਕੀਤੀ। ਡਿਪਟੀ ਸਟੇਟ ਪ੍ਰਾਜੈਕਟ ਡਾਇਰੈਕਟਰ ਸੰਜੀਵ ਸ਼ਰਮਾ ਨੇ ਸਰਕਾਰੀ ਸਕੂਲਾਂ ਵਿੱਚ ਸਮਾਜ ਸੇਵੀ ਸੰਸਥਾਵਾਂ ਨੂੰ ਯੋਗਦਾਨ ਪਾਉਣ ਲਈ ਉਤਸ਼ਾਹਿਤ ਕਰਨ ਹਿੱਤ ਜ਼ਿਲ੍ਹਾਵਾਰ ਮੀਟਿੰਗਾਂ ਕਰਨ ਲਈ ਹਦਾਇਤਾਂ ਦਿੱਤੀਆਂ।
‘ਪੜ੍ਹੋ ਪੰਜਾਬ ਪੜ੍ਹਾਓ ਪੰਜਾਬ’ ਦੇ ਸਟੇਟ ਕੋਆਰਡੀਨੇਟਰ ਡਾ. ਦਵਿੰਦਰ ਸਿੰਘ ਬੋਹਾ ਨੇ ਪੰਜਾਬ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਦੇ ਸਿੱਖਣ ਪੱਧਰ ਨੂੰ ਉੱਚਾ ਚੁੱਕਣ ਲਈ ਤੇ ਅਮਰਜੀਤ ਸਿੰਘ ਮਾਨਸਾ ਨੇ ਐਕਟੀਵਿਟੀ ਬੇਸਡ ਲਰਨਿੰਗ ਤੇ ਵਿਸਤਾਰ ਵਿੱਚ ਆਪਣੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਸਹਾਇਕ ਡਾਇਰੈਕਟਰ (ਟਰੇਨਿੰਗਾਂ) ਡਾ. ਜਰਨੈਲ ਸਿੰਘ ਕਾਲੇਕੇ, ਡਿਪਟੀ ਐਸਪੀਡੀ ਐਜੂਸੈਟ ਕਰਮਜੀਤ ਕੌਰ, ਬਲਵਿੰਦਰ ਸਿੰਘ ਏਐੱਸਪੀਡੀ ਅਤੇ ਸਿੱਖਿਆ ਵਿਭਾਗ ਦੇ ਅਧਿਕਾਰੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In Education and Board

Check Also

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ ਨਬਜ਼-ਏ-ਪੰਜਾਬ, ਮੁਹ…