ਵਿੱਦਿਅਕ ਅਦਾਰਿਆਂ ਲਈ ਲੋੜੀਂਦੇ ਫ਼ੰਡਾਂ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ: ਕੁਲਵੰਤ ਸਿੰਘ

‘ਆਪ’ ਵਿਧਾਇਕ ਕੁਲਵੰਤ ਸਿੰਘ ਸਰਕਾਰੀ ਹਾਈ ਸਕੂਲ ਦੇ ਸਾਲਾਨਾ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਪੁੱਜੇ

ਨਬਜ਼-ਏ-ਪੰਜਾਬ, ਮੁਹਾਲੀ, 22 ਫਰਵਰੀ:
ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਚੋਣਾਂ ਦੌਰਾਨ ਪੰਜਾਬ ਵਿੱਚ ਸਿੱਖਿਆ ਤੇ ਸਿਹਤ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਕੀਤੇ ਵਾਅਦੇ ਮੁਤਾਬਕ ਕਾਰਜ ਕੀਤੇ ਜਾ ਰਹੇ ਹਨ ਅਤੇ ਪਿਛਲੇ ਤਿੰਨ ਵਰ੍ਹਿਆਂ ਵਿੱਚ ਸਿਹਤ ਅਤੇ ਸਿੱਖਿਆ ਦੇ ਖੇਤਰ ਵਿੱਚ ਵਧੇਰੇ ਸੁਧਾਰ ਆਇਆ ਹੈ। ਜਿੱਥੇ ਆਮ ਆਦਮੀ ਕਲੀਨਿਕਾਂ ਵਿੱਚ ਮਰੀਜ਼ਾਂ ਦਾ ਮੁਫ਼ਤ ਇਲਾਜ ਕੀਤਾ ਜਾ ਰਿਹਾ ਹੈ, ਉੱਥੇ ਸਰਕਾਰੀ ਸਕੂਲਾਂ ਵਿੱਚ ਮਿਆਰੀ ਸਿੱਖਿਆ ਪ੍ਰਦਾਨ ਕੀਤੀ ਜਾ ਰਹੀ ਹੈ। ਜਿਸ ਦੇ ਚੰਗੇ ਨਤੀਜੇ ਵੀ ਸਾਹਮਣੇ ਆ ਰਹੇ ਹਨ।
ਸਰਕਾਰੀ ਹਾਈ ਸਕੂਲ ਪਿੰਡ ਸਨੇਟਾ ਵਿੱਚ ਸਾਲਾਨਾ ਸਮਾਗਮ ‘‘ਰਿਫਲੈਕਸ਼ਨ’’ ਵਿੱਚ ਮੁੱਖ ਮਹਿਮਾਨ ਵਜੋਂ ਹਾਜ਼ਰੀ ਭਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਿੱਖਿਆ ਅਤੇ ਸਿਹਤ ਨਾਲ ਸਬੰਧਤ ਕਾਰਜਾਂ ਲਈ ਦਿਲ ਖੋਲ੍ਹ ਕੇ ਗਰਾਂਟਾਂ ਦਿੱਤੀਆਂ ਜਾ ਰਹੀਆਂ ਹਨ ਅਤੇ ਮੌਜੂਦਾ ਸਮੇਂ ਵਿੱਚ ਚੱਲ ਰਹੇ ਵਿਕਾਸ ਕੰਮਾਂ ਲਈ ਫ਼ੰਡਾਂ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਦਾਅਵਾ ਕੀਤਾ ਕਿ ਗਰਾਂਟ ਦਾ ਇੱਕ-ਇੱਕ ਸਬੰਧਤ ਕੰਮਾਂ ’ਤੇ ਖ਼ਰਚ ਕੀਤਾ ਜਾ ਰਿਹਾ ਹੈ ਜਦੋਂਕਿ ਪਹਿਲਾਂ ਕਿਸੇ ਸਰਕਾਰ ਦੇ ਸਮੇਂ ਪੈਸਾ ਸਹੀ ਥਾਂ ’ਤੇ ਨਹੀਂ ਲੱਗਿਆ ਸਗੋਂ ਕਮਿਸ਼ਨ ਦੇ ਰੂਪ ਵਿੱਚ ਦਲਾਲਾਂ ਅਤੇ ਬੇਈਮਾਨ ਆਗੂ ਦੀ ਜੇਬਾਂ ਵਿੱਚ ਜਾਂਦਾ ਸੀ।
ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਵੱਖ-ਵੱਖ ਪੇਸ਼ਕਾਰੀਆਂ ਦੌਰਾਨ ਵਿਦਿਆਰਥੀਆਂ ਦੇ ਮਨੋਬਲ ਵਿੱਚ ਵਾਧਾ ਹੁੰਦਾ ਹੈ ਅਤੇ ਉਨ੍ਹਾਂ ਵਿੱਚ ਆਤਮ ਵਿਸ਼ਵਾਸ ਪੈਦਾ ਹੋਣ ਨਾਲ ਉਹ ਭਵਿੱਖ ਵਿੱਚ ਆਪਣੀ ਮੰਜ਼ਲ ਨੂੰ ਸਫਲਤਾ ਪੂਰਵਕ ਸਰ ਕਰ ਸਕਦੇ ਹਨ। ਉਨ੍ਹਾਂ ਨੇ ਦੁਹਰਾਇਆ ਕਿ ਉਹ ਪੰਜਾਬ ਵਿੱਚ ਦਹਾਕਿਆਂ ਤੋਂ ਸ਼ੁਰੂ ਹੋਈ ਰਿਸ਼ਵਤਖ਼ੋਰੀ ਨੂੰ ਖ਼ਤਮ ਕਰਨ ਲਈ ਲਈ ਯਤਨਸ਼ੀਲ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਸਰਕਾਰੀ ਕੰਮ ਲਈ ਕੋਈ ਪੈਸਾ ਰਿਸ਼ਵਤ ਦੇ ਰੂਪ ਵਿੱਚ ਦੇਣ ਦੀ ਜ਼ਰੂਰਤ ਨਹੀਂ ਅਤੇ ਉਹ ਸਿੱਧਾ ਉਨ੍ਹਾਂ ਨਾਲ ਸੰਪਰਕ ਕਰ ਸਕਦੇ ਹਨ ਅਤੇ ਮੈਂ ਇਹ ਭਰੋਸਾ ਦਿਵਾਉਂਦਾ ਹਾਂ ਕਿ ਉਨ੍ਹਾਂ ਦਾ ਕੰਮ ਹਰ ਹੀਲੇ ਸਮਾਂ ਰਹਿੰਦਿਆਂ ਅਤੇ ਬਿਨਾਂ ਕਿਸੇ ਪੈਸੇ ਦੇ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦੇ ਵੱਲੋਂ ਪੰਜਾਬ ਦੇ ਸਮੁੱਚੇ ਵਿਦਿਅਕ ਅਦਾਰਿਆਂ ਲਈ ਲੋੜੀਂਦੇ ਫੰਡਸ ਲਗਾਤਾਰ ਭੇਜੇ ਜਾ ਰਹੇ ਹਨ।
ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਗਿੰਨੀ ਦੱੁਗਲ, ਡਿਪਟੀ ਡੀਈਓ ਅੰਗਰੇਜ਼ ਸਿੰਘ, ਮੁੱਖ ਅਧਿਆਪਕਾ ਸ਼ੁਭਵੰਤ ਕੌਰ, ਕੁਲਦੀਪ ਸਿੰਘ ਸਮਾਣਾ, ਆਰਪੀ ਸ਼ਰਮਾ, ਹਰਪਾਲ ਸਿੰਘ ਚੰਨਾ, ਜਸਪਾਲ ਸਿੰਘ ਮਟੌਰ, ਅਵਤਾਰ ਸਿੰਘ ਮੌਲੀ, ਪੰਜਾਬੀ ਟ੍ਰਿਬਿਊਨ ਦੇ ਪੱਤਰਕਾਰ ਡਾ. ਕਰਮਜੀਤ ਸਿੰਘ ਚਿੱਲਾ, ਗੁਰਦੇਸ਼ ਸਿੰਘ ਸਰਪੰਚ, ਸਨੇਟਾ, ਰਾਜੀਵ ਕੁਮਾਰ ਸਾਬਕਾ ਸਰਪੰਚ ਸਨੇਟਾ, ਮਲਕੀਤ ਸਿੰਘ ਸਰਪੰਚ ਦੁਰਾਲੀ, ਰਮੇਸ਼ਵਰ ਦਾਸ ਸਨੇਟਾ, ਰੂਪ ਚੰਦ ਸਨੇਟਾ, ਨਿਰਮਲ ਸਿੰਘ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਦਾਨੀ ਸੱਜਣ ਵੱਲੋਂ ਜੌਨ ਡੀਅਰ-5210 ਟਰੈਕਟਰ ਤੇ ਹਾਈਡਰੋਲਿਕ ਟਰਾਲੀ ਭੇਂਟ

ਦਾਨੀ ਸੱਜਣ ਵੱਲੋਂ ਜੌਨ ਡੀਅਰ-5210 ਟਰੈਕਟਰ ਤੇ ਹਾਈਡਰੋਲਿਕ ਟਰਾਲੀ ਭੇਂਟ ਨਬਜ਼-ਏ-ਪੰਜਾਬ, ਮੁਹਾਲੀ, 22 ਫਰਵਰੀ…