Share on Facebook Share on Twitter Share on Google+ Share on Pinterest Share on Linkedin ਉੱਘੇ ਸਿੱਖਿਆ ਸ਼ਾਸਤਰੀ ਡਾ. ਵਰਿੰਦਰ ਭਾਟੀਆ ਪੰਜਾਬ ਸਕੂਲ ਬੋਰਡ ਦੇ ਵਾਈਸ ਚੇਅਰਮੈਨ ਨਿਯੁਕਤ ਸਿੱਖਿਆ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਵੱਲੋਂ ਰਾਜਪਾਲ ਦੀ ਪ੍ਰਵਾਨਗੀ ਮਿਲਣ ਉਪਰੰਤ ਨੋਟੀਫ਼ਿਕੇਸ਼ਨ ਜਾਰੀ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 10 ਅਗਸਤ: ਪੰਜਾਬ ਸਰਕਾਰ ਨੇ ਉੱਘੇ ਸਿੱਖਿਆ ਸ਼ਾਸਤਰੀ ਡਾ. ਵਰਿੰਦਰ ਭਾਟੀਆ (52) ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਨਵਾਂ ਵਾਈਸ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਡਾ. ਭਾਟੀਆ ਵੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪਰਿਵਾਰ ਦੇ ਨੇੜਲਿਆਂ ਵਿੱਚ ਗਿਣੇ ਜਾਂਦੇ ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਹਿਮਤੀ ਤੋਂ ਬਾਅਦ ਪੰਜਾਬ ਦੇ ਰਾਜਪਾਲ ਨੇ ਵੀ ਇਸ ਫੈਸਲੇ ਨੂੰ ਰਸਮੀ ਤੌਰ ’ਤੇ ਪ੍ਰਵਾਨਗੀ ਦੇ ਦਿੱਤੀ ਹੈ। ਵਾਈਸ ਚੇਅਰਮੈਨ ਦੇ ਅਹੁਦੇ ਦੀ ਮਿਆਦ ਤਿੰਨ ਵਰ੍ਹਿਆ ਲਈ ਹੋਵੇਗੀ। ਇਸ ਸਬੰਧੀ ਸਿੱਖਿਆ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਨੇ ਸੋਮਵਾਰ ਨੂੰ ਰਾਜਪਾਲ ਦੀ ਪ੍ਰਵਾਨਗੀ ਮਿਲਣ ਉਪਰੰਤ ਪੰਜਾਬ ਸਕੂਲ ਸਿੱਖਿਆ ਬੋਰਡ ਐਕਟ 1969 (ਅਮੈਂਡਮੈਂਡ ਐਕਟ 1987, 2005, 2008, 2011, 2013, 2016 ਅਤੇ 2017) ਦੇ ਸੈਕਸ਼ਨ 4 (2) ਰਾਹੀਂ ਪ੍ਰਾਪਤ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਡਾ. ਵਰਿੰਦਰ ਭਾਟੀਆ ਨੂੰ ਬੋਰਡ ਦਾ ਵਾਈਸ ਚੇਅਰਮੈਨ ਨਿਯੁਕਤ ਕਰਨ ਦੇ ਹੁਕਮ ਜਾਰੀ ਕਰਦਿਆਂ ਨੋਟੀਫ਼ਿਕੇਸ਼ਨ ਜਾਰੀ ਕਰ ਦਿੱਤਾ ਹੈ। ਤਾਜ਼ਾ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਇਹ ਨਿਯੁਕਤੀ ਅਧਿਸੂਚਨਾ ਜਾਰੀ ਹੋਣ ’ਤੇ 66 ਸਾਲ ਦੀ ਉਮਰ ਤੱਕ ਜਾਂ 3 ਸਾਲ ਦੇ ਸਮੇਂ ਲਈ ਤੱਕ ਹੋਵੇਗੀ। ਨਵੇਂ ਵਾਈਸ ਚੇਅਰਮੈਨ ਦੀ ਨਿਯੁਕਤੀ ਸਬੰਧੀ ਟਰਮਜ਼ ਅਤੇ ਕੰਡੀਸ਼ਨਜ਼ ਬਾਅਦ ਵਿੱਚ ਤੈਅ ਕੀਤੀਆਂ ਜਾਣਗੀਆਂ। ਇਕੱਤਰ ਜਾਣਕਾਰੀ ਅਨੁਸਾਰ ਤਤਕਾਲੀ ਵਾਈਸ ਚੇਅਰਮੈਨ ਬਲਦੇਵ ਸਚਦੇਵਾ ਬੀਤੀ 13 ਜਨਵਰੀ ਨੂੰ ਸੇਵਾਮੁਕਤ ਹੋ ਚੁੱਕੇ ਸਨ ਅਤੇ ਪਿਛਲੇ ਸੱਤ ਮਹੀਨਿਆਂ ਤੋਂ ਵਾਈਸ ਚੇਅਰਮੈਨ ਦੀ ਆਸਾਮੀ ਖਾਲੀ ਪਈ ਸੀ ਲੇਕਿਨ ਹੁਣ ਬੋਰਡ ਨੂੰ ਨਵਾਂ ਚੇਅਰਮੈਨ ਡਾ. ਯੋਗਰਾਜ (ਚੇਅਰਮੈਨ ਨਿਯੁਕਤੀ ਕੁਝ ਦਿਨਾਂ ਪਹਿਲਾਂ ਹੀ ਹੋਈ ਹੈ) ਅਤੇ ਵਾਈਸ ਚੇਅਰਮੈਨ ਮਿਲਣ ਨਾਲ ਸਿੱਖਿਆ ਭਵਨ ਵਿੱਚ ਮੁੜ ਰੌਣਕਾਂ ਪਰਤ ਆਈਆਂ ਹਨ। ਡਾ. ਵਰਿੰਦਰ ਭਾਟੀਆ ਦਾ ਜਨਮ ਪਿਤਾ ਜਗਦੀਸ਼ ਭਾਟੀਆ ਦੇ ਘਰ 20 ਫਰਵਰੀ 1968 ਨੂੰ ਹੋਇਆ। ਉਨ੍ਹਾਂ ਨੇ ਦਸਵੀਂ ਅਤੇ ਹਾਇਰ ਸੈਕੰਡਰੀ ਦੀ ਪੜ੍ਹਾਈ ਪੰਜਾਬ ਬੋਰਡ ਤੋਂ ਕੀਤੀ ਹੈ। ਬੀ.ਕਾਮ ਅਤੇ ਐਮ.ਕਾਮ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੋਂ ਕੀਤੀ। ਬੀਆਰ ਅੰਬੇਦਕਰ ਇੰਸਟੀਚਿਊਟ ਆਗਰਾ ਤੋਂ ਪੀਐੱਚਡੀ ਦੀ ਡਿਗਰੀ ਅਤੇ ਲਵਲੀ ਯੂਨੀਵਰਸਿਟੀ ਤੋਂ ਐਮਬੀਏ ਦੀ ਪੜ੍ਹਾਈ ਕੀਤੀ। ਉਨ੍ਹਾਂ ਕੋਲ ਅਧਿਆਪਨ ਅਤੇ ਪ੍ਰਸ਼ਾਸਕ ਵਜੋਂ ਕਰੀਬ 31 ਸਾਲਾਂ ਦਾ ਲੰਮਾ ਤਜਰਬਾ ਹੈ। ਉਹ ਐਸਐਲ ਬਾਵਾ ਡੀਏਵੀ ਕਾਲਜ ਬਟਾਲਾ ਵਿੱਚ 5 ਸਾਲ 3 ਮਹੀਨੇ ਪ੍ਰਿੰਸੀਪਲ ਰਹੇ। ਡੀਏਵੀ ਕਾਲਜ ਕਾਂਗੜਾ (ਹਿਮਾਚਲ ਪ੍ਰਦੇਸ਼) ਵਿੱਚ 2 ਸਾਲ 3 ਮਹੀਨੇ ਪ੍ਰਿੰਸੀਪਲ ਰਹੇ। ਡੀਏਵੀ ਕਾਲਜ ਅੰਮ੍ਰਿਤਸਰ ਵਿੱਚ 6 ਸਾਲ ਅਸਿਸਟੈਂਟ ਪ੍ਰੋਫੈਸਰ (ਟੀਚਿੰਗ), ਡੀਏਵੀ ਕਾਲਜ ਨਕੋਦਰ ਵਿੱਚ ਦੋ ਸਾਲ ਪ੍ਰਿੰਸੀਪਲ ਅਤੇ ਡੀਏਵੀ ਕਾਲਜ ਅੰਮ੍ਰਿਤਸਰ ਵਿੱਚ ਲੰਮਾ ਸਮਾਂ ਅਸਿਸਟੈਂਟ ਪ੍ਰੋਫੈਸਰ (ਟੀਚਿੰਗ) ਰਹੇ ਅਤੇ ਮੌਜੂਦਾ ਸਮੇਂ ਵਿੱਚ ਐਸਐਲ ਬਾਵਾ ਡੀਏਵੀ ਕਾਲਜ ਬਟਾਲਾ ਵਿੱਚ ਪ੍ਰਿੰਸੀਪਲ ਤਾਇਨਾਤ ਸੀ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ