
ਪਿੰਡ ਕੁੰਭੜਾ ਵਿੱਚ ਕਾਲੇ ਚੋਗੇ ਪਹਿਨ ਕੇ ਫੂਕਿਆ ਪ੍ਰਧਾਨ ਮੰਤਰੀ ਦਾ ਪੁਤਲਾ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 5 ਦਸੰਬਰ:
ਖੇਤੀ ਬਿਲਾਂ ਦੇ ਵਿਰੋਧ ਵਿੱਚ ਦੇਸ਼ ਵਿਆਪੀ ਕਿਸਾਨ ਅੰਦੋਲਨ ਨੂੰ ਸਮਰਥਨ ਦੇਣ ਲਈ ਅਤੇ ਕੇਂਦਰ ਵਿਚਲੀ ਮੋਦੀ ਸਰਕਾਰ ਦਾ ਤਿੱਖਾ ਵਿਰੋਧ ਕਰਨ ਲਈ ਅੱਤਿਆਚਾਰ ਅਤੇ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਦੇ ਪ੍ਰਧਾਨ ਅਤੇ ਪੰਚਾਇਤ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਦੀ ਅਗਵਾਈ ਵਿੱਚ ਪਿੰਡ ਕੁੰਭੜਾ ਦੇ ਨਿਵਾਸੀਆਂ ਨੇ ਕਾਲੇ ਚੋਗੇ ਪਹਿਨ ਕੇ ਗ੍ਰੇਸੀਅਨ ਚੌਂਕ ਵਿਚਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ।
ਇਸ ਮੌਕੇ ਸੰਬੋਧਨ ਕਰਦਿਆਂ ਬਲਵਿੰਦਰ ਕੁੰਭੜਾ ਨੇ ਮੋਦੀ ਸਰਕਾਰ ’ਤੇ ਵਰ੍ਹਦਿਆਂ ਕਿਹਾ ਕਿ ਦੁਨੀਆਂ ਦੇ ਸਭ ਤੋਂ ਵੱਡੇ ਲੋਕਤੰਤਰ ਵਾਲੇ ਇਸ ਭਾਰਤ ਦੇਸ਼ ਵਿੱਚ ਜਮਹੂਰੀਅਤ ਦਾ ਘਾਣ ਹੋ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਿਸਾਨਾਂ ਦੇ ਦੇਸ਼ ਵਿਆਪੀ ਸੰਘਰਸ਼ ਨੂੰ ਅੱਖੋਂ ਪਰੋਖੇ ਕਰਕੇ ਤਾਨਾਸ਼ਾਹੀ ਚਲਾਉਣ ਵਿੱਚ ਜੁਟੇ ਹੋਏ ਹਨ ਜਿਸ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਜਾਂਦੀ ਹੈ। ਉਨ੍ਹਾਂ ਦਿੱਲੀ ਮੋਰਚੇ ’ਤੇ ਬੈਠੇ ਕਿਸਾਨਾਂ ਲਈ ਕੋਨੇ-ਕੋਨੇ ਤੋਂ ਲੰਗਰ ਪਹੁੰਚਾਉਣ ਵਾਲੇ ਸਾਰੇ ਸਹਿਯੋਗੀਆਂ ਦਾ ਧੰਨਵਾਦ ਕੀਤਾ ਅਤੇ ਹੋਰਨਾਂ ਸੇਵਾਦਾਰਾਂ ਨੂੰ ਵੀ ਇਸ ਨੇਕ ਕਾਰਜ ਲਈ ਅੱਗੇ ਆਉਣ ਲਈ ਕਿਹਾ ਤਾਂ ਜੋ ਕਹਿਰ ਦੀ ਠੰਢ ਵਿੱਚ ਮੋਰਚੇ ’ਤੇ ਬੈਠੇ ਕਿਸਾਨਾਂ ਨੂੰ ਕਿਸੇ ਸਹੂਲਤ ਦੀ ਕਮੀ ਨਾ ਆਵੇ ਅਤੇ ਦਿੱਲੀ ਮੋਰਚਾ ਫ਼ਤਿਹ ਕੀਤਾ ਜਾ ਸਕੇ।
ਇਸ ਮੌਕੇ ਜਸਵੰਤ ਸਿੰਘ, ਸੁਰਮੁਖ ਸਿੰਘ, ਬਲਜੀਤ ਸਿੰਘ, ਅਜੈਬ ਸਿੰਘ, ਅਮਰੀਕ ਸਿੰਘ, ਨਛੱਤਰ ਸਿੰਘ, ਜਵਾਲਾ ਸਿੰਘ, ਲਾਭ ਸਿੰਘ, ਨੈਬ ਸਿੰਘ, ਸਰੂਪ ਸਿੰਘ, ਮਨਜੀਤ ਸਿੰਘ, ਗੁਰਨਾਮ ਸਿੰਘ, ਪਖੀਰਾ ਸਿੰਘ, ਬੱਗਾ ਸਿੰਘ, ਹਰਦੀਪ ਸਿੰਘ, ਬਿੱਲਾ, ਨਾਗਰ, ਰਾਣਾ ਸਿੰਘ, ਅਵਤਾਰ ਸਿੰਘ, ਬਲਬੀਰ ਸਿੰਘ, ਸੁਖਵਿੰਦਰ ਸਿੰਘ, ਦੇਸ ਰਾਜ, ਬਲਬੀਰ ਮਿਸਤਰੀ, ਲਾਲ ਸਿੰਘ, ਰਵਿੰਦਰ ਸਿੰਘ, ਜਸਬੀਰ ਸਿੰਘ ਨੰਬਰਦਾਰ, ਕਾਕਾ ਸਿੰਘ, ਨਰਿੰਦਰ ਕੁਮਾਰ ਬੱਬੂ ਆਦਿ ਨੇ ਵੀ ਮੋਦੀ ਸਰਕਾਰ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕਰਦਿਆਂ ਖੂਬ ਭੜਾਸ ਕੱਢੀ।