ਲੋਕਾਂ ਨੂੰ ਮਿਆਰੀ ਸਿਹਤ ਸੇਵਾਵਾਂ ਦੇਣ ਲਈ ਲਈ ਵੱਡੇ ਪੱਧਰ ’ਤੇ ਯਤਨ ਜਾਰੀ: ਜੌੜਾਮਾਜਰਾ

ਬਜ਼ੁਰਗਾਂ ਦੀ ਸਿਹਤ ਸੰਭਾਲ ਆਪ ਸਰਕਾਰ ਦਾ ਪਹਿਲਾ ਫ਼ਰਜ਼

ਦੰਦਾਂ ਦੇ 34ਵੇਂ ਪੰਦਰਵਾੜੇ ਦੀ ਸਮਾਪਤੀ ਮੌਕੇ ਮੁਹਾਲੀ ਵਿੱਚ ਹੋਇਆ ਸੂਬਾ ਪੱਧਰੀ ਸਮਾਗਮ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 1 ਦਸੰਬਰ:
ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਦੀ ਆਪ ਸਰਕਾਰ ਵੱਲੋਂ ਰਾਜ ਦੇ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਦੇਣ ਲਈ ਸੂਬੇ ਵਿੱਚ ਵੱਡੇ ਪੱਧਰ ’ਤੇ ਯਤਨ ਕੀਤੇ ਜਾ ਰਹੇ ਹਨ, ਜਿਨ੍ਹਾਂ ਦੇ ਚੰਗੇ ਨਤੀਜਾ ਆਉਣੇ ਸ਼ੁਰੂ ਹੋ ਗਏ ਹਨ। ਇਹ ਪ੍ਰਗਟਾਵਾ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਇੱਥੋਂ ਦੇ ਫੇਜ਼-6 ਸਥਿਤ ਸਰਕਾਰੀ ਹਸਪਤਾਲ ਵਿਖੇ ਦੰਦਾਂ ਦੇ 34ਵੇਂ ਪੰਦਰਵਾੜੇ ਦੇ ਸੂਬਾ ਪੱਧਰੀ ਸਮਾਪਤੀ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ।
ਉਨ੍ਹਾਂ ਕਿਹਾ ਕਿ ਬਜ਼ੁਰਗ ਸਾਡਾ ਕੀਮਤੀ ਸਰਮਾਇਆ ਹਨ, ਜਿਨ੍ਹਾਂ ਦੀ ਸਿਹਤ ਸੰਭਾਲ ਸਰਕਾਰ ਦਾ ਪਹਿਲਾ ਫ਼ਰਜ਼ ਹੈ। ਬਜ਼ੁਰਗਾਂ ਨੂੰ ਆਮ ਤੌਰ ’ਤੇ ਦੰਦਾਂ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਸ ਦਾ ਸਮੇਂ ਸਿਰ ਇਲਾਜ ਕਰਵਾਇਆ ਜਾਣਾ ਚਾਹੀਦਾ ਹੈ। ‘ਅੱਖਾਂ ਗਈਆਂ ਜਹਾਨ ਗਿਆ, ਦੰਦ ਗਏ ਤਾਂ ਸੁਆਦ ਗਿਆ’ ਕਹਾਵਤ ਦਾ ਜ਼ਿਕਰ ਕਰਦਿਆਂ ਜੌੜਾਮਾਜਰਾ ਨੇ ਕਿਹਾ ਕਿ ਦੰਦਾਂ ਦੇ ਖ਼ਰਾਬ ਹੋਣ ਨਾਲ ਨਾ ਕੇਵਲ ਖਾਣ-ਪੀਣ ਦਾ ਸੁਆਦ ਚਲਿਆ ਜਾਂਦਾ ਹੈ, ਸਗੋਂ ਸਰੀਰ ਵਿੱਚ ਭੋਜਨ ਦਾ ਸਹੀ ਪਾਚਨ ਨਾ ਹੋਣ ਕਾਰਨ ਕਈ ਪ੍ਰਕਾਰ ਦੀਆਂ ਬਿਮਾਰੀਆਂ ਚਿੰਬੜ ਜਾਂਦੀਆਂ ਹਨ ਪਰ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਬਜ਼ੁਰਗਾਂ ਨੂੰ ਮੁਫ਼ਤ ਡੈਂਚਰ (ਦੰਦਾਂ ਦੀ ਬੀੜ) ਦੇ ਕੇ ਉਨ੍ਹਾਂ ਦਾ ਪੂਰਾ ਖ਼ਿਆਲ ਰੱਖਿਆ ਜਾ ਰਿਹਾ ਹੈ।
ਡੈਂਚਰ ਦੀ ਸੰਭਾਲ ਦੀ ਲੋੜ ’ਤੇ ਜ਼ੋਰ ਦਿੰਦਿਆਂ ਸਿਹਤ ਮੰਤਰੀ ਨੇ ਕਿਹਾ ਕਿ ਰਾਤ ਨੂੰ ਸੌਣ ਵੇਲੇ ਦੰਦਾਂ ਦੀ ਬੀੜ ਨੂੰ ਪਾਣੀ ਵਿੱਚ ਪਾ ਕੇ ਰੱਖਿਆ ਜਾਵੇ ਅਤੇ ਰੋਜ਼ਾਨਾ ਸਵੇਰੇ ਤੇ ਰਾਤ ਨੂੰ ਸੌਣ ਤੋਂ ਪਹਿਲਾਂ ਬਰੱਸ਼ ਕਰਨ ਦੀ ਆਦਤ ਪਾਈ ਜਾਵੇ। ਤੰਬਾਕੂ ਦੀ ਵਰਤੋਂ ਤੋਂ ਪ੍ਰਹੇਜ਼ ਬਹੁਤ ਜ਼ਰੂਰੀ ਹੈ।
ਜੌੜਾਮਾਜਰਾ ਨੇ ਦੱਸਿਆ ਕਿ ਇਹ ਪੰਦਰਵਾੜਾ 14 ਨਵੰਬਰ ਤੋਂ 29 ਨਵੰਬਰ ਤਕ ਸਮੁੱਚੇ ਪੰਜਾਬ ਦੀਆਂ ਸਰਕਾਰੀ ਸਿਹਤ ਸੰਸਥਾਵਾਂ ਵਿਚ ਮਨਾਇਆ ਗਿਆ। ਇਸ ਪੰਦਰਵਾੜੇ ਦੌਰਾਨ ਬਜ਼ੁਰਗਾਂ ਨੂੰ 2500 ਡੈਂਚਰ ਵੰਡੇ ਗਏ ਅਤੇ ਡੈਂਟਲ ਓਪੀਡੀ ਵਿੱਚ ਆਏ ਮਰੀਜ਼ਾਂ ਦੇ ਦੰਦਾਂ ਦਾ ਮੁਫ਼ਤ ਇਲਾਜ ਕੀਤਾ ਗਿਆ। ਇਸ ਦੇ ਨਾਲ ਹੀ ਸਕੂਲੀ ਬੱਚਿਆਂ ਲਈ ਸਕੂਲ ਹੈਲਥ ਕੈਂਪ ਅਤੇ ਪਿੰਡਾਂ ਵਿਚ ਜਾਗਰੂਕਤਾ ਸਮਾਗਮ ਵੀ ਕਰਵਾਏ ਗਏ। ਇਸ ਮੌਕੇ ਸਿਹਤ ਮੰਤਰੀ ਨੇ ਬਜ਼ੁਰਗਾਂ ਨੂੰ 56 ਡੈਂਚਰ ਵੰਡੇ ਅਤੇ ਉਨ੍ਹਾਂ ਦੀ ਸਾਂਭ-ਸੰਭਾਲ ਲਈ ਪ੍ਰੇਰਿਆ।
ਇਸ ਤੋਂ ਪਹਿਲਾਂ ਡਾਇਰੈਕਟਰ ਸਿਹਤ ਸੇਵਾਵਾਂ ਡਾ. ਰਣਜੀਤ ਸਿੰਘ ਘੋਤੜਾ ਨੇ ਕਿਹਾ ਕਿ ਦੰਦਾਂ ਦੀ ਸੰਭਾਲ ਬਚਪਨ ਤੋਂ ਹੀ ਸ਼ੁਰੂ ਹੋ ਜਾਣੀ ਚਾਹੀਦੀ ਹੈ। ਅੌਸਤਨ ਹਰ ਤਿੰਨ ਮਹੀਨਿਆਂ ਬਾਅਦ ਦੰਦਾਂ ਦੀ ਜਾਂਚ ਬਹੁਤ ਜ਼ਰੂਰੀ ਹੈ। ਕਈ ਵਾਰ ਲੋਕ ਦੰਦ ਪੀੜ ਨੂੰ ਮਾਮੂਲੀ ਗੱਲ ਸਮਝ ਕੇ ਅਣਡਿੱਠ ਕਰ ਦਿੰਦੇ ਹਾਂ ਪਰ ਇਹੀ ਛੋਟੀ ਤਕਲੀਫ਼ ਇੱਕ ਦਿਨ ਵੱਡੀ ਮੁਸੀਬਤ ਬਣ ਜਾਂਦੀ ਹੈ। ਇਸ ਮੌਕੇ ਡਿਪਟੀ ਡਾਇਰੈਕਟਰ ਡੈਂਟਲ ਡਾ. ਸੁਰਿੰਦਰ ਮੱਲ, ਸਿਵਲ ਸਰਜਨ ਡਾ. ਆਦਰਸ਼ਪਾਲ ਕੌਰ, ਜ਼ਿਲ੍ਹਾ ਡੈਂਟਲ ਅਫ਼ਸਰ ਡਾ. ਪਰਨੀਤ ਗਰੇਵਾਲ, ਐਸਐਮਓ ਡਾ. ਵਿਜੇ ਭਗਤ ਅਤੇ ਹੋਰ ਅਧਿਕਾਰੀ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ ਜੇ…