
ਬੀਬੀ ਰਾਮੂਵਾਲੀਆ ਦੇ ਯਤਨਾਂ ਸਦਕਾ ਸਹੀ ਸਲਾਮਤ ਘਰ ਪੁੱਜੇ ਸਦਕਾ ਸਾਊਦੀ ਅਰਬ ਵਿੱਚ ਬੰਦੀ 19 ਪੰਜਾਬੀ ਨੌਜਵਾਨ
ਪੀੜਤ ਨੌਜਵਾਨ 3 ਸਾਲ ਪਹਿਲਾਂ ਰੁਜ਼ਗਾਰ ਦੀ ਭਾਲ ਵਿੱਚ ਕਰਜ਼ਾ ਤੇ ਰਿਸ਼ਤੇਦਾਰਾਂ ਤੋਂ ਉਧਾਰੇ ਪੈਸੇ ਲੈ ਕੇ ਗਏ ਸੀ ਸਾਊਦੀ ਅਰਬ
350 ਤੋਂ ਵੱਧ ਵਿਦੇਸ਼ੀ ਲਾੜਿਆਂ ਹੱਥੋਂ ਪੀੜਤ ਪੰਜਾਬੀ ਮੁਟਿਆਰਾ ਨੂੰ ਇਨਸਾਫ਼ ਦਿਵਾਇਆ: ਬੀਬੀ ਰਾਮੂਵਾਲੀਆ
ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 28 ਦਸੰਬਰ:
ਸਮਾਜ ਸੇਵੀ ਸੰਸਥਾ ਹੈਲਪਿੰਗ ਹੈਪਲੈਸ ਦੀ ਮੁਖੀ ਬੀਬੀ ਰਾਮੂਵਾਲੀਆ ਦੇ ਯਤਨਾਂ ਸਦਕਾ ਪਿਛਲੇ ਤਿੰਨ ਸਾਲਾਂ ਤੋਂ ਸਾਊਦੀ ਅਰਬ ਵਿੱਚ ਜਬਰਦਸਤੀ ਬੰਦੀ ਬਣਾ ਕੇ ਰੱਖੇ ਹੋਏ 19 ਪੰਜਾਬੀ ਨੌਜਵਾਨ ਆਖਰਕਾਰ ਆਪਣੇ ਵਤਨ/ਘਰ ਪਰਤ ਆਏ ਹਨ। ਜਿਨ੍ਹਾਂ ਵਿੱਚ ਸਨਵਿੰਦਰ ਸਿੰਘ, ਸੰਨਦੀਪ ਸਿੰਘ, ਰੇਸ਼ਮ ਸਿੰਘ, ਓਮਰਾਜ, ਜਗਦੇਵ ਸਿੰਘ ਸਿੱਧੂ, ਰਣਜੀਤ ਸਿੰਘ, ਸੁੱਖਚੈਨ ਸਿੰਘ, ਸੁਖਮਿੰਦਰ ਸਿੰਘ, ਜਗਸੀਰ ਸਿੰਘ, ਸਿੰਦਰਪਾਲ ਸਿੰਘ, ਨਿਸ਼ਾਨ ਸਿੰਘ, ਕੇਵਲ ਸਿੰਘ, ਸੁਖਵੰਤ ਸਿੰਘ, ਗੁਰਮੀਤ ਸਿੰਘ, ਗੁਰਪਿੰਦਰ ਸਿੰਘ, ਜਸਵੀਰ ਸਿੰਘ, ਗੁਰਮੀਤ ਸਿੰਘ, ਜਸਵੰਤ ਸਿੰਘ ਅਤੇ ਹਰਦੇਵ ਸਿੰਘ ਸ਼ਾਮਲ ਹਨ।
ਅੱਜ ਇੱਥੇ ਬੀਬੀ ਰਾਮੂਵਾਲੀਆ ਦੇ ਨਿਵਾਸ ’ਤੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਇਨ੍ਹਾਂ ਨੌਜਵਾਨਾਂ ਨੇ ਦੱਸਿਆ ਕਿ ਉਹ ਰੁਜ਼ਗਾਰ ਦੀ ਤਲਾਸ਼ ਵਿੱਚ ਸਾਊਦੀ ਅਰਬ ਗਏ ਸੀ।
ਪੀੜਤ ਨੌਜਵਾਨਾਂ ਨੇ ਦੱਸਿਆ ਕਿ ਉਹ ਪੈਸੇ ਕਮਾਉਣ ਅਤੇ ਆਪਣੇ ਮਾਪਿਆਂ ਦੇ ਬੁਢਾਪੇ ਦੀ ਲਾਠੀ ਬਣਨ ਦੇ ਚੱਕਰ ਵਿੱਚ 3 ਸਾਲ ਪਹਿਲਾਂ ਸਾਊਦੀ ਅਰਬ ਵਿੱਚ ਗਏ ਸੀ ਲੇਕਿਨ ਉਥੇ ਜਾ ਕੇ ਉਨ੍ਹਾਂ ਨੂੰ ਬੰਦੀ ਬਣਾ ਲਿਆ ਗਿਆ ਅਤੇ ਬੰਦੂਆਂ ਮਜ਼ਦੂਰਾਂ ਵਾਂਗ ਕੰਮ ਲੈਣ ਬਾਵਜੂਦ ਉਨ੍ਹਾਂ ਨੂੰ ਮਿਹਨਤਾਨਾ ਵੀ ਨਹੀਂ ਦਿੱਤਾ ਗਿਆ। ਜਦੋਂ ਉਨ੍ਹਾਂ ਨੇ ਆਪਣੀ ਮਿਹਨਤ ਦੇ ਪੈਸੇ ਦੇਣ ਲਈ ਦਬਾਅ ਪਾਉਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੂੰ ਸਾਰਿਆਂ ਨੂੰ ਇੱਕ ਫਾਰਮ ਹਾਊਸ ਲਿਜਾ ਕੇ ਕੈਦ ਕਰ ਲਿਆ ਗਿਆ। ਨੌਜਵਾਨਾਂ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਕੰਮ ਨਾ ਕਰਨ ਦਾ ਏਕਾ ਕੀਤਾ ਤਾਂ ਉਨ੍ਹਾਂ ਦਾ ਹੁੱਕਾ ਪਾਣੀ (ਖਾਣਾ ਦੇਣਾ) ਵੀ ਬੰਦ ਕਰ ਦਿੱਤਾ। ਜਿਸ ਕਾਰਨ ਉਹ ਆਪਣੇ ਟੁੱਟ ਗਏ ਸੀ। ਦਿਨੇ ਫਾਰਮ ਵਿੱਚ ਕੰਮ ਕਰਵਾਉਣ ਤੋਂ ਬਾਅਦ ਸ਼ਾਮ ਢਲਦੇ ਹੀ ਉਨ੍ਹਾਂ ਸਾਰਿਆਂ ਨੂੰ ਫਾਰਮ ਦੇ ਇੱਕ ਕਮਰੇ ਵਿੱਚ ਬੰਦ ਕਰ ਦਿੱਤਾ ਜਾਂਦਾ ਸੀ।
ਇਸ ਦੌਰਾਨ ਕਰੀਬ 3 ਮਹੀਨੇ ਪਹਿਲਾਂ ਕਿਸੇ ਤਰੀਕੇ ਨਾਲ ਉਨ੍ਹਾਂ ਨੇ ਆਪਣੇ ਮਾਪਿਆਂ ਨਾਲ ਸੰਪਰਕ ਕਰਕੇ ਆਪਬੀਤੀ ਦੱਸੀ ਅਤੇ ਜਗਵਿੰਦਰ ਸਿੰਘ ਅਤੇ ਹੋਰਨਾਂ ਪੀੜਤ ਨੌਜਵਾਨਾਂ ਦੇ ਮਾਪਿਆਂ ਨੇ ਬੀਬੀ ਅਮਨਜੋਤ ਕੌਰ ਰਾਮੂਵਾਲੀਆ ਨਾਲ ਮੁਲਾਕਾਤ ਕਰਕੇ ਸਮੁੱਚੇ ਘਟਨਾਕ੍ਰਮ ਤੋਂ ਜਾਣੂ ਕਰਵਾਉਂਦਿਆਂ ਵਿਦੇਸ਼ੀ ਮੁਲਕ ਵਿੱਚ ਕੈਦ ਕਰਕੇ ਰੱਖੇ ਉਨ੍ਹਾਂ ਦੇ ਬੱਚਿਆਂ ਨੂੰ ਛੁਡਾਉਣ ਦੀ ਗੁਹਾਰ ਲਗਾਈ ਗਈ। ਸ਼ਿਕਾਇਤ ਮਿਲਣ ਤੋਂ ਬਾਅਦ ਬੀਬੀ ਰਾਮੂਵਾਲੀਆ ਨੇ ਆਪਣੇ ਪਿਤਾ ਤੇ ਯੂ.ਪੀ ਸਰਕਾਰ ਦੇ ਜੇਲ੍ਹ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਦੇ ਸਹਿਯੋਗ ਨਾਲ ਉਹ ਪੀੜਤ ਮਾਪਿਆਂ ਦੇ ਵਫ਼ਦ ਨਾਲ ਸਾਊਦੀ ਅਰਬ ਦੇ ਰਾਜਦੂਤ ਨਾਲ ਸੰਪਰਕ ਕੀਤਾ ਗਿਆ ਅਤੇ ਭਾਰਤੀ ਰਾਜਦੂਤ ਅਹਿਮਦ ਜਾਵੇਦ ਨੂੰ ਵੀ ਪੱਤਰ ਲਿਖ ਕੇ ਉਕਤ ਨੌਜਵਾਨਾਂ ਨੂੰ ਰਿਹਾਅ ਕਰਵਾਉਣ ਦੀ ਮੰਗ ਕੀਤੀ।
ਬੀਬੀ ਰਾਮੂਵਾਲੀਆ ਨੇ ਦੱਸਿਆ ਕਿ ਸ੍ਰੀ ਰਾਮੂਵਾਲੀਆ ਦੇ ਦਖ਼ਲ ਤੋਂ ਬਾਅਦ ਅੰਬੈਸੀ ਦੀ ਇੱਕ ਉੱਚ ਪੱਧਰੀ ਟੀਮ ਨੇ ਬੰਦੀ ਨੌਜਵਾਨਾਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੀ ਸਾਰ ਲਈ। ਇਸ ਮਗਰੋਂ ਪੀੜਤ ਨੌਜਵਾਨਾਂ ਨੂੰ ਰਹਿਣ-ਸਹਿਣ ਥੋੜ੍ਹਾ ਸੌਖਾ ਹੋਇਆ ਅਤੇ ਤਿੰਨ ਟਾਈਮ ਖਾਣਾ ਵੀ ਮਿਲਣਾ ਸ਼ੁਰੂ ਹੋ ਗਿਆ। ਇਸ ਤੋਂ ਬਾਅਦ ਪੀੜਤ ਨੌਜਵਾਨ ਜਗਦੇਵ ਸਿੰਘ ਨੇ ਉਨ੍ਹਾਂ (ਬੀਬੀ ਰਾਮੂਵਾਲੀਆ) ਨਾਲ ਸੰਪਰਕ ਬਣਾਈ ਰੱਖਿਆ। ਪੀੜਤ ਨੌਜਵਾਨਾਂ ਨੇ ਦੱਸਿਆ ਕਿ ਉਹ ਬੀਬੀ ਰਾਮੂਵਾਲੀਆ ਦੀ ਸਖ਼ਤ ਮਿਹਨਤ ਸਦਕਾ ਹੀ ਆਪਣੇ ਘਰ ਪਹੁੰਚ ਸਕੇ ਹਨ। ਬੀਬੀ ਰਾਮੂਵਾਲੀਆ ਨੇ ਦੱਸਿਆ ਕਿ ਉਨ੍ਹਾਂ ਹੁਣ ਤੱਕ ਸੈਂਕੜੇ ਪੰਜਾਬੀ ਨੌਜਵਾਨਾਂ ਨੂੰ ਵਿਦੇਸ਼ੀ ਮੁਲਕਾਂ ’ਚੋਂ ਛੁਡਵਾ ਚੁੱਕੀ ਹੈ ਅਤੇ 350 ਤੋਂ ਵੱਧ ਵਿਦੇਸ਼ੀ ਲਾੜਿਆਂ ਹੱਥੋਂ ਪੀੜਤ ਪੰਜਾਬੀ ਮੁਟਿਆਰਾ ਨੂੰ ਇਨਸਾਫ਼ ਦਿਵਾਇਆ ਗਿਆ ਹੈ।
ਇਸ ਮੌਕੇ ਹੈਲਪਿੰਗ ਹੈਪਲੈਸ ਸੰਸਥਾ ਦੇ ਜਨਰਲ ਸਕੱਤਰ, ਅਰਵਿੰਦਰ ਸਿੰਘ ਭੁੱਲਰ, ਕੋਆਰਡੀਨੇਟਰ ਕੁਲਦੀਪ ਸਿੰਘ, ਇਸ਼ਪ੍ਰੀਤ ਸਿੰਘ ਵਿੱਕੀ, ਦੀਪਇੰਦਰ ਸਿੰਘ ਅਕਲੀਆ, ਮਨਜੀਤ ਸਿੰਘ ਸੇਠੀ, ਜਸਵਿੰਦਰ ਸਿੰਘ, ਸੁਖਦੇਵ ਸਿੰਘ ਅਤੇ ਹੋਰ ਪੀੜਤ ਨੌਜਵਾਨਾਂ ਦੇ ਮਾਪੇ ਹਾਜ਼ਰ ਸਨ।