Nabaz-e-punjab.com

ਜ਼ਿਲ੍ਹਾ ਮੁਹਾਲੀ ਵਿੱਚ ਗੈਰ ਕਾਨੂੰਨੀ ਮਾਈਨਿੰਗ ਰੋਕਣ ਲਈ ਸਾਂਝੇ ਯਤਨਾਂ ਦੀ ਲੋੜ: ਡੀਸੀ ਗਿਰੀਸ਼ ਦਿਆਲਨ

ਡੀਸੀ ਵੱਲੋਂ ਜੰਗਲਾਤ, ਪੁਲੀਸ ਤੇ ਮਾਈਨਿੰਗ ਵਿਭਾਗ ਦੀ ਸਾਂਝੀ ਟੀਮ ਦਾ ਗਠਨ ਕਰਕੇ ਚੈਕਿੰਗ ਦੇ ਆਦੇਸ਼

ਗੈਰ ਕਾਨੂੰਨੀ ਮਾਈਨਿੰਗ ਬਾਰੇ ਸ਼ਿਕਾਇਤ ਮਿਲਣ ’ਤੇ ਤੁਰੰਤ ਕਾਰਵਾਈ ਨੂੰ ਯਕੀਨੀ ਬਣਾਇਆ ਜਾਵੇ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 2 ਜੁਲਾਈ:
ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵਿੱਚ ਗੈਰ ਕਾਨੂੰਨੀ ਮਾਈਨਿੰਗ ਰੋਕਣ ਲਈ ਅੱਜ ਮੁਹਾਲੀ ਦੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ। ਉਨ੍ਹਾਂ ਹਦਾਇਤ ਕੀਤੀ ਕਿ ਗੈਰ ਕਾਨੂੰਨੀ ਮਾਈਨਿੰਗ ਰੋਕਣ ਲਈ ਮਾਈਨਿੰਗ ਵਿਭਾਗ, ਜੰਗਲਾਤ ਵਿਭਾਗ ਅਤੇ ਪੁਲੀਸ ਵਿਭਾਗ ਦੀ ਸਾਂਝੀ ਟੀਮ ਦਾ ਗਠਨ ਕੀਤਾ ਜਾਵੇ, ਜਿਸ ਦੀ ਨਿਗਰਾਨੀ ਸਬੰਧਤ ਸਬ ਡਿਵੀਜ਼ਨ ਦੇ ਐਸਡੀਐਮਜ਼ ਵੱਲੋਂ ਕੀਤੀ ਜਾਵੇ। ਗੈਰ ਕਾਨੂੰਨੀ ਮਾਈਨਿੰਗ ਸਬੰਧੀ ਜਿਨ੍ਹਾਂ ਮਾਮਲਿਆਂ ਵਿੱਚ ਨੋਟਿਸ ਕੱਢੇ ਗਏ ਹਨ ਜਾਂ ਪੁਲੀਸ ਕੇਸ ਦਰਜ ਹੋਏ ਹਨ। ਉਨ੍ਹਾਂ ਦੀ ਸਹੀ ਤਰੀਕੇ ਨਾਲ ਪੈਰਵੀ ਕੀਤੀ ਜਾਵੇ ਅਤੇ ਟੀਮ ਵੱਲੋਂ ਸ਼ਿਕਾਇਤ ਮਿਲਣ ’ਤੇ ਤੁਰੰਤ ਕਾਰਵਾਈ ਨੂੰ ਯਕੀਨੀ ਬਣਾਇਆ ਜਾਵੇ।
ਸ੍ਰੀ ਗਿਰੀਸ਼ ਦਿਆਲਨ ਨੇ ਕਿਹਾ ਕਿ ਜਿਨ੍ਹਾਂ ਪਿੰਡਾਂ ਵਿੱਚ ਗੈਰ ਕਾਨੂੰਨੀ ਮਾਈਨਿੰਗ ਵਧੇਰੇ ਹੋਣ ਦੀ ਲਗਾਤਾਰ ਸ਼ਿਕਾਇਤਾਂ ਮਿਲ ਰਹੀਆਂ ਹਨ, ਉਨ੍ਹਾਂ ਦੀ ਪਹਿਲ ਦੇ ਆਧਾਰ ’ਤੇ ਸ਼ਨਾਖ਼ਤ ਕੀਤੀ ਜਾਵੇ ਅਤੇ ਵਲਨਰੇਬਲ ਪੁਆਇੰਟਾਂ ’ਤੇ ਸੀਸੀਟੀਵੀ ਕੈਮਰੇ ਲਗਾਏ ਜਾਣ। ਉਨ੍ਹਾਂ ਪੁਲੀਸ ਵਿਭਾਗ ਦੇ ਅਧਿਕਾਰੀਆਂ ਨੂੰ ਜ਼ੋਰ ਦੇ ਕੇ ਕਿਹਾ ਕਿ ਮੁਹਾਲੀ ਜ਼ਿਲ੍ਹੇ ਨਾਲ ਲੱਗਦੀਆਂ ਗੁਆਂਢੀ ਰਾਜਾਂ ਨਾਲ ਹੱਦਾਂ ’ਤੇ ਸਪੈਸ਼ਲ ਨਾਕੇ ਲਗਾਏ ਜਾਣ। ਡੀਸੀ ਨੇ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਗੈਰ ਕਾਨੂੰਨੀ ਮਾਈਨਿੰਗ ਕਾਰਨ ਪ੍ਰਭਾਵਿਤ ਖੇਤਰ ਵਿੱਚ ਵੱਧ ਤੋਂ ਵੱਧ ਪੌਦੇ ਲਗਾਉਣ ਦੀ ਮੁਹਿੰਮ ਵਿੱਢੀ ਜਾਵੇ ਅਤੇ ਇਸ ਸਬੰਧੀ ਹਰੇਕ ਮਹੀਨੇ ਉਨ੍ਹਾਂ ਨੂੰ ਰਿਪੋਰਟ ਦਿੱਤੀ ਜਾਵੇ। ਮੀਟਿੰਗ ਵਿੱਚ ਸਹਾਇਕ ਕਮਿਸ਼ਨਰ (ਜ) ਯਸ਼ਪਾਲ ਸ਼ਰਮਾ, ਮੁਹਾਲੀ ਦੇ ਐਸਡੀਐਮ ਜਗਦੀਪ ਸਹਿਗਲ, ਖਰੜ ਦੇ ਐਸਡੀਐਮ ਵਿਨੋਦ ਬਾਂਸਲ, ਡੀਡੀਪੀਓ ਡੀਕੇ ਸਾਲਦੀ, ਜ਼ਿਲ੍ਹਾ ਮਾਈਨਿੰਗ ਅਫ਼ਸਰ ਗੁਰਪ੍ਰੀਤਪਾਲ ਸਿੰਘ ਸੰਧੂ, ਐਸਡੀਓ ਲਖਵੀਰ ਸਿੰਘ, ਜ਼ਿਲ੍ਹਾ ਵਣਮੰਡਲ ਅਫ਼ਸਰ ਗੁਰਅਮਨਪ੍ਰੀਤ ਸਿੰਘ ਅਤੇ ਨਗਰ ਕੌਂਸਲਾਂ ਦੇ ਕਾਰਜਕਾਰੀ ਅਫ਼ਸਰ ਸਮੇਤ ਹੋਰ ਅਧਿਕਾਰੀ ਵੀ ਮੌਜੂਦ ਸਨ।
(ਬਾਕਸ ਆਈਟਮ)
ਮਾਈਨਿੰਗ ਵਿਭਾਗ ਨੇ ਤਹਿਸੀਲਦਾਰ ਨੂੰ ਪੱਤਰ ਲਿਖ ਕੇ ਮੰਗਿਆ ਸੀ ਜ਼ਮੀਨ ਮਾਲਕਾਂ ਦਾ ਵੇਰਵਾ, ਕਾਰਵਾਈ ਠੰਢੇ ਬਸਤੇ ਪਈ
ਇੱਥੋਂ ਦੇ ਸੋਹਾਣਾ ਥਾਣਾ ਅਧੀਨ ਆਉਂਦੇ ਨਜ਼ਦੀਕੀ ਪਿੰਡ ਧਰਮਗੜ੍ਹ ਅਤੇ ਕੋਰੇਮਾਜਰਾ ਵਿੱਚ ਗ਼ੈਰ ਕਾਨੂੰਨੀ ਮਾਈਨਿੰਗ ਹੋਣ ਦੀ ਗੱਲ ਸਾਹਮਣੇ ਆਉਣ ਤੋਂ ਬਾਅਦ ਉਪ ਮੰਡਲ ਅਫ਼ਸਰ-ਕਮ-ਸਹਾਇਕ ਜ਼ਿਲ੍ਹਾ ਮਾਈਨਿੰਗ ਅਫ਼ਸਰ ਨੇ ਬੀਤੀ 21 ਜੂਨ ਨੂੰ ਮੁਹਾਲੀ ਦੇ ਤਹਿਸੀਲਦਾਰ ਨੂੰ ਪੱਤਰ ਲਿਖ ਕੇ ਪਿੰਡ ਕੋਰੇਮਾਜਰਾ ਅਤੇ ਪਿੰਡ ਧਰਮਗੜ੍ਹ ਵਿੱਚ ਨਾਜਾਇਜ਼ ਮਾਈਨਿੰਗ ਸਬੰਧੀ ਸਬੰਧਤ ਜ਼ਮੀਨ ਮਾਲਕਾਂ ਦਾ ਵੇਰਵਾ ਮੰਗਿਆ ਗਿਆ ਸੀ। ਇਸ ਪੱਤਰ ਦਾ ਉਤਾਰਾ ਮੁਹਾਲੀ ਦੇ ਐਸਡੀਐਮ ਅਤੇ ਥਾਣਾ ਸੋਹਾਣਾ ਦੇ ਐਸਐਚਓ ਨੂੰ ਵੀ ਭੇਜਿਆ ਗਿਆ ਸੀ। ਲੇਕਿਨ ਸਿਆਸੀ ਦਬਾਅ ਹੋਣ ਕਾਰਨ ਇਹ ਕਾਰਵਾਈ ਠੰਢੇ ਬਸਤੇ ਵਿੱਚ ਪੈ ਗਈ ਜਾਪਦੀ ਹੈ ਕਿਉਂਕਿ 12 ਦਿਨ ਬੀਤ ਜਾਣ ਦੇ ਬਾਵਜੂਦ ਹਾਲੇ ਤੱਕ ਰੈਵਨਿਊ ਵਿਭਾਗ ਵੱਲੋਂ ਜ਼ਮੀਨ ਮਾਲਕਾਂ ਦੀ ਸ਼ਨਾਖ਼ਤ ਨਹੀਂ ਕੀਤੀ ਗਈ।
ਸਰਕਾਰੀ ਪੱਤਰ ਅਨੁਸਾਰ ਮੁੱਢਲੀ ਜਾਂਚ ਵਿੱਚ ਨਾਜਾਇਜ਼ ਮਾਈਨਿੰਗ ਦੀ ਗੱਲ ਸਾਹਮਣੇ ਆਈ ਹੈ। ਲਿਹਾਜ਼ਾ ਇਸ ਦਫ਼ਤਰ ਨੂੰ ਸਬੰਧਤ ਜ਼ਮੀਨ ਦੀ ਮਾਲਕੀ ਸਬੰਧੀ ਮਾਲ ਰਿਕਾਰਡ ਅਤੇ ਨਿਕਾਸੀ ਵਾਲੇ ਖਸਰਾ ਨੰਬਰਾਂ ਦੀ ਪਛਾਣ ਕੀਤੀ ਜਾਣੀ ਲੋੜੀਂਦੀ ਹੈ। ਇਸ ਲਈ ਜਾਂਚ ਅਧਿਕਾਰੀ ਨਾਲ ਤਾਲਮੇਲ ਕਰਕੇ ਜਮ੍ਹਾਬੰਦੀ\ਗਿਰਦਾਵਰੀ ਅਨੁਸਾਰ ਨਿਕਾਸੀ ਵਾਲੀ ਜ਼ਮੀਨ ਦੀ ਮਾਲਕੀ ਬਾਰੇ ਰਿਪੋਰਟ ਭੇਜੀ ਜਾਵੇ। ਜੇਕਰ ਨਿਕਾਸੀ ਵਾਲੀ ਜ਼ਮੀਨ ’ਚ ਸਾਂਝੀ ਖੇਵਟਦਾਰ ਹਨ ਤਾਂ ਨਿਕਾਸੀ ਵਾਲੇ ਸਥਾਨ ’ਤੇ ਕਾਬਜ਼ਕਾਰਾਂ ਦਾ ਨਾਂ ਦੱਸਿਆ ਜਾਵੇ ਤਾਂ ਜੋ ਸਬੰਧਤ ਵਿਅਕਤੀਆਂ ਦੇ ਖ਼ਿਲਾਫ਼ ਬਣਦੀ ਕਾਰਵਾਈ ਨੂੰ ਅਮਲ ਵਿੱਚ ਲਿਆਂਦਾ ਜਾ ਸਕੇ। ਜ਼ਿਲ੍ਹਾ ਮਾਈਨਿੰਗ ਅਫ਼ਸਰ ਗੁਰਪ੍ਰੀਤਪਾਲ ਸਿੰਘ ਸੰਧੂ ਨੇ ਦੱਸਿਆ ਕਿ ਹਾਲੇ ਤੱਕ ਉਨ੍ਹਾਂ ਨੂੰ ਜ਼ਮੀਨ ਮਾਲਕਾਂ ਦੀ ਵੈਰੀਫਿਕੇਸ਼ਨ ਸਬੰਧੀ ਰਿਪੋਰਟ ਨਹੀਂ ਮਿਲੀ ਹੈ।

Load More Related Articles
Load More By Nabaz-e-Punjab
Load More In General News

Check Also

ਭਾਈ ਮਹਾਂ ਸਿੰਘ, ਮਾਈ ਭਾਗੋ ਤੇ 40 ਮੁਕਤਿਆਂ ਦੀ ਯਾਦ ਵਿੱਚ ਗੁਰਮਤਿ ਸਮਾਗਮ

ਭਾਈ ਮਹਾਂ ਸਿੰਘ, ਮਾਈ ਭਾਗੋ ਤੇ 40 ਮੁਕਤਿਆਂ ਦੀ ਯਾਦ ਵਿੱਚ ਗੁਰਮਤਿ ਸਮਾਗਮ ਨਬਜ਼-ਏ-ਪੰਜਾਬ, ਮੁਹਾਲੀ, 14 ਜਨਵ…