ਕੁਰਾਲੀ ਨਗਰ ਕੌਂਸਲ ਦੇ ਮੀਤ ਪ੍ਰਧਾਨ ਦੀ ਕੁਰਸੀ ਲਈ ਜੋੜ ਤੋੜ ਸ਼ੁਰੂ, ਅੱਧੀ ਦਰਜਨ ਤੋਂ ਵੱਧ ਦਾਅਵੇਦਾਰ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 3 ਅਪਰੈਲ:
ਸਥਾਨਕ ਸ਼ਹਿਰ ਦੇ ਨਗਰ ਕੌਂਸਲ ਦੇ ਮੀਤ ਪ੍ਰਧਾਨ ਦੀ ਕੁਰਸੀ ਲਈ ਕਾਂਗਰਸੀ ਅਤੇ ਅਕਾਲੀ ਕੌਂਸਲਰਾਂ ਵੱਲੋਂ ਆਪਣੇ ਪੱਧਰ ਤੇ ਜੋੜ ਤੋੜ ਸ਼ੁਰੂ ਕਰ ਦਿੱਤੇ ਹਨ, ਜਿਸ ਲਈ ਲਗਭਗ ਅੱਧੀ ਦਰਜਨ ਕੌਂਸਲਰ ਦੇ ਨਾਮ ਸਾਹਮਣੇ ਆਏ ਹਨ। ਜਿਕਰਯੋਗ ਹੈ ਕਿ ਪਿਛਲੇ ਸਾਲ ਅਕਾਲੀ-ਭਾਜਪਾ ਗਠਜੋੜ ਵੱਲੋਂ ਲਖਵੀਰ ਲੱਕੀ ਨੂੰ ਮੀਤ ਪ੍ਰਧਾਨ ਬਣਾਇਆ ਗਿਆ ਸੀ ਜਿਸਦਾ ਸਮਾਂ 31 ਮਾਰਚ ਤੱਕ ਸੀ।
ਹੁਣ ਅਕਾਲੀ-ਭਾਜਪਾ ਅਤੇ ਕਾਂਗਰਸੀ ਕੌਂਸਲਰ ਮੀਤ ਪ੍ਰਧਾਨ ਦੀ ਕੁਰਸੀ ਲਈ ਕੌਂਸਲਰਾਂ ਨਾਲ ਅੰਦਰੋਂ ਅੰਦਰੀ ਰਾਬਤਾ ਕਾਇਮ ਕਰਨ ਲੱਗੇ ਹੋਏ ਹਨ। ਕਾਂਗਰਸ ਵੱਲੋਂ ਸਾਬਕਾ ਵਿਧਾਇਕ ਜਗਮੋਹਨ ਸਿੰਘ ਦੀ ਅਗਵਾਈ ਵਿਚ ਜਿਥੇ ਪਿਛਲੇ ਸਾਲ ਬਹਾਦਰ ਸਿੰਘ ਓ.ਕੇ ਸਿਲਾਈ ਮਸ਼ੀਨ ਵਾਲਿਆਂ ਨੂੰ ਮੀਤ ਪ੍ਰਧਾਨ ਲਈ ਮੈਦਾਨ ਵਿਚ ਉਤਾਰਿਆ ਗਿਆ ਉਥੇ ਇਸ ਸਾਲ ਵੀ ਬਹਾਦਰ ਸਿੰਘ ਓ.ਕੇ ਇੱਕ ਵੱਡੇ ਦਾਅਵੇਦਾਰ ਵੱਜੋਂ ਸਾਹਮਣੇ ਆ ਰਹੇ ਹਨ ਕਿਉਂਕਿ ਪਿਛਲੇ ਸਾਲ ਦੇ ਸੂਬੇ ਵਿਚ ਅਕਾਲੀ-ਭਾਜਪਾ ਗਠਜੋੜ ਦੀ ਸਰਕਾਰ ਸੀ ਤੇ ਹੁਣ ਉਸ ਦੇ ਬਿਲਕੁਲ ਉਲਟ ਕਾਂਗਰਸ ਦੀ ਸਰਕਾਰ ਸੱਤਾ ਤੇ ਕਾਬਿਜ਼ ਹੈ ਜਿਸਦਾ ਫਾਇਦਾ ਕਾਂਗਰਸੀ ਲੈਣ ਦੀ ਤਾਕ ਵਿਚ ਹਨ। ਇਸ ਕੁਰਸੀ ਲਈ ਦਿੱਗਜ ਕਾਂਗਰਸੀ ਆਗੂ ਸ਼ਿਵ ਵਰਮਾ ਮੀਤ ਪ੍ਰਧਾਨ ਜਿਲ੍ਹਾ ਕਾਂਗਰਸ ਵੀ ਇੱਕ ਵੱਡੇ ਦਾਅਵੇਦਾਰ ਮੰਨੇ ਜਾਂਦੇ ਹਨ ਕਿਉਂਕਿ ਸ਼ਿਵ ਵਰਮਾ ਜਿਥੇ ਕੌਂਸਲਰਾਂ ਦੀ ਇਸ ਟੀਮ ਵਿਚ ਸਭ ਤੋਂ ਸੀਨੀਅਰ ਉਥੇ ਉਹ ਤਜੁਰਬੇਕਾਰ ਵੀ ਹਨ ਉਥੇ ਪੂਰੇ ਸ਼ਹਿਰ ਵਿਚ ਉਨ੍ਹਾਂ ਦਾ ਜਨਅਧਾਰ ਬਣਿਆ ਹੋਇਆ ਹੈ। ਸ਼ਹਿਰ ਵਿਚ ਅਕਾਲੀ-ਭਾਜਪਾ ਗਠਜੋੜ ਦੇ 7 ਅਤੇ 5 ਆਜ਼ਾਦ ਉਮੀਦਵਾਰਾਂ ਨੂੰ ਇਕਜੁੱਟ ਕਰਕੇ ਮੁੜ ਮੀਤ ਪ੍ਰਧਾਨਗੀ ਦੀ ਕੁਰਸੀ ਹਾਸਲ ਕਰਨ ਦੇ ਰੌਂ ਵਿਚ ਹੈ ਪਰ ਇਸ ਵਾਰ ਦਾਅਵੇਦਾਰ ਦੋ ਤੋਂ ਵਧਕੇ ਤਿੰਨ ਹੋ ਗਏ ਹਨ ਜਿਨ੍ਹਾਂ ਵਿਚ ਦਵਿੰਦਰ ਸਿੰਘ ਠਾਕੁਰ, ਗੁਰਚਰਨ ਸਿੰਘ ਰਾਣਾ ਅਤੇ ਵਿਨੀਤ ਕਾਲੀਆ ਦੇ ਨਾਮ ਚਰਚਾ ਵਿਚ ਹਨ।
ਇਥੇ ਦੱਸਣਾ ਬਣਦਾ ਹੈ ਕਿ ਪਿਛਲੇ ਸਾਲ ਮੀਤ ਪ੍ਰਧਾਨ ਦੀ ਚੋਣ ਮੌਕੇ ਜਥੇਦਾਰ ਉਜਾਗਰ ਸਿੰਘ ਬਡਾਲੀ ਵੱਲੋਂ ਕੌਂਸਲਰ ਵਿਨੀਤ ਕਾਲੀਆ ਤੇ ਗੁਰਚਰਨ ਸਿੰਘ ਰਾਣਾ ਨੂੰ ਅਗਲੇ ਸਾਲ ਮੀਤ ਪ੍ਰਧਾਨ ਬਣਾਉਣ ਦਾ ਵਾਅਦਾ ਕੀਤਾ ਗਿਆ ਸੀ ਪਰ ਹੁਣ ਜਥੇ.ਬਡਾਲੀ ਦੇ ਜਾਣ ਨਾਲ ਸਥਿਤੀ ਰੌਚਕ ਬਣ ਗਈ ਹੈ। ਅਕਾਲੀ-ਭਾਜਪਾ ਗਠਜੋੜ ਦੇ ਕੌਂਸਲਰ ਦਵਿੰਦਰ ਠਾਕੁਰ ਵੀ ਇਸ ਕੁਰਸੀ ਲਈ ਦਾਅਵੇਦਾਰ ਵੱਜੋਂ ਸਾਹਮਣੇ ਆਏ ਹਨ। ਸ਼ਹਿਰ ਵਿਚ 17 ਕੌਲਸਰਾਂ ਸਮੇਤ ਹਲਕਾ ਵਿਧਾਇਕ ਦੀ ਵੋਟ ਨਾਲ ਕੁਲ 18 ਵੋਟਾਂ ਹਨ ਜਿਸ ਵਿਚੋਂ ਜਿੱਤਣ ਵਾਲੇ ਨੂੰ 10 ਵੋਟਾਂ ਦੀ ਲੋੜ ਹੈ। ਇਨ੍ਹਾਂ ਵੋਟਾਂ ਨੂੰ ਆਪਣੇ ਹੱਕ ਵਿਚ ਭੁਗਤਾਉਣ ਲਈ ਚਾਹਵਾਨ ਕੌਂਸਲਰ ਅੰਦਰੋਂ ਅੰਦਰੀ ਸਾਥੀ ਕੌਂਸਲਰਾਂ ਨਾਲ ਰਾਬਤਾ ਬਣਾ ਰਹੇ ਹਨ। ਬੇਸ਼ਕ ਇਸ ਚੋਣ ਲਈ ਨੋਟੀਫਿਕੇਸ਼ਨ ਹੋਣਾ ਬਾਕੀ ਹੈ ਪਰ ਚਾਹਵਾਨ ਜੋੜ ਤੋੜ ਕਰਨ ਤੇ ਲੱਗੇ ਹੋਏ ਹਨ ਲੇਕਿਨ ਅਜੇ ਤੱਕ ਕਿਸੇ ਵੀ ਪਾਰਟੀ ਦੇ ਉਮੀਦਵਾਰ ਨੇ ਆਪਣੇ ਪੱਤੇ ਨਹੀਂ ਖੋਲ੍ਹੇ ਗਏ।

Load More Related Articles
Load More By Nabaz-e-Punjab
Load More In General News

Check Also

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ‘ਮਹਿਲਾ ਦਿਵਸ’ ਨੂੰ ਸਮਰਪਿਤ ਕਾਨੂੰਨੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ‘ਮਹਿਲਾ ਦਿਵਸ’ ਨੂੰ ਸਮਰਪਿਤ ਕਾਨੂੰਨੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ …