nabaz-e-punjab.com

ਏਕਮ ਢਿੱਲੋਂ ਹੱਤਿਆ ਕਾਂਡ: ਮ੍ਰਿਤਕ ਦੀ ਪਤਨੀ ਸੀਰਤ ਕੌਰ ਦੇ ਖ਼ਿਲਾਫ਼ ਦੋਸ਼ ਤੈਅ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 19 ਜੁਲਾਈ
ਮੁਹਾਲੀ ਦੀ ਜ਼ਿਲ੍ਹਾ ਤੇ ਸੈਸ਼ਨ ਜੱਜ ਸ੍ਰੀਮਤੀ ਅਰਚਨਾ ਪੁਰੀ ਨੇ ਸਥਾਨਕ ਫੇਜ਼-3ਬੀ1 ਵਿੱਚ ਹੋਏ ਏਕਮ ਸਿੰਘ ਢਿੱਲੋਂ ਦੇ ਬਹੁ ਚਰਚਿਤ ਹੱਤਿਆ ਕਾਂਡ ਮਾਮਲੇ ਵਿੱਚ ਮ੍ਰਿਤਕ ਦੀ ਮੁਲਜ਼ਮ ਪਤਨੀ ਸੀਰਤ ਕੌਰ ਵਿਰੁੱਧ ਦੋਸ਼ ਤੈਅ ਕਰ ਦਿੱਤੇ ਹਨ। ਅਦਾਲਤ ਨੇ ਇਸ ਕਾਰਵਾਈ ਨੂੰ ਅੱਜ ਕੇਸ ਦੀ ਸੁਣਵਾਈ ਦੌਰਾਨ ਜਿਰ੍ਹਾ ਕਰਦਿਆਂ ਸਮੇਟਿਆ ਹੈ। ਇਸ ਸਬੰਧੀ ਥਾਣਾ ਮਟੌਰ ਵਿੱਚ ਸੀਰਤ ਵਿਰੁੱਧ ਕਤਲ ਅਤੇ ਆਰਜਮ ਐਕਟ ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ ਅਤੇ ਧਾਰਾ 120ਬੀ ਅਧੀਨ ਸੀਰਤ ਦੀ ਮਾਂ ਜਸਵਿੰਦਰ ਕੌਰ ਅਤੇ ਭਰਾ ਵਿਨੈ ਪ੍ਰਤਾਪ ਨੂੰ ਵੀ ਨਾਮਜ਼ਦ ਕੀਤਾ ਗਿਆ ਸੀ। ਹਾਲਾਂਕਿ ਪੁਲੀਸ ਨੇ ਪੁੱਛਗਿੱਛ ਮਗਰੋਂ ਉਨ੍ਹਾਂ ਨੂੰ ਛੱਡ ਦਿੱਤਾ ਸੀ। ਲੇਕਿਨ ਅਦਾਲਤ ਨੇ ਸੀਰਤ ਵਿਰੁੱਧ ਦੋਸ਼ ਤੈਅ ਕਰਨ ਦੇ ਨਾਲ ਨਾਲ ਧਾਰਾ 120ਬੀ ਨਹੀਂ ਹਟਾਈ ਗਈ ਹੈ। ਜਿਸ ਕਾਰਨ ਸੀਰਤ ਦੀ ਮਾਂ ਅਤੇ ਭਰਾ ਮੁੜ ਸ਼ੱਕ ਦੇ ਘੇਰੇ ਵਿੱਚ ਆ ਗਏ ਹਨ।
ਇਸ ਮਾਮਲੇ ਵਿੱਚ ਆਟੋ ਚਾਲਕ ਨੂੰ ਮੌਕੇ ਦਾ ਗਵਾਹ ਬਣਾਇਆ ਗਿਆ ਹੈ ਅਤੇ ਉਸ ਦੇ 164 ਦੇ ਤਹਿਤ ਅਦਾਲਤ ਵਿੱਚ ਬਿਆਨ ਦਰਜ ਕਰਵਾਏ ਗਏ ਹਨ। ਇਸ ਤੋਂ ਇਲਾਵਾ ਏਕਮ ਢਿੱਲੋਂ ਦੇ ਮਾਪਿਆ ਸਮੇਤ 54 ਹੋਰ ਵਿਅਕਤੀਆਂ ਨੂੰ ਸਰਕਾਰੀ ਗਵਾਹ ਬਣਾਇਆ ਗਿਆ ਹੈ। ਜਦੋਂ ਕਿ ਖੂਨ ਨਾਲ ਲਥ-ਪਥ ਕੱਪੜਿਆਂ ਅਤੇ ਚੱਪਲਾਂ ਨੂੰ ਇਤਿਹਾਸਕ ਗੁਰਦੁਆਰਾ ਸਾਹਿਬ ਦੀ ਕੰਧ ਨੇੜੇ ਖੁਰਦ-ਬੁਰਦ ਕਰਨ ਦੀ ਨੀਅਤ ਨਾਲ ਸੁੱਟਣ ਲਈ ਸੀਰਤ ਦੇ ਖ਼ਿਲਾਫ਼ ਧਾਰਾ-201 ਲਗਾਈ ਗਈ ਹੈ। ਪੁਲੀਸ ਨੇ ਸੀਰਤ ਦਾ ਲਾਈ ਡੀਟੈਕਰ ਟੈਸਟ (ਝੂਠ ਫੜਨ ਵਾਲਾ ਟੈਸਟ) ਕਰਵਾਉਣ ਲਈ ਅਦਾਲਤ ਵਿੱਚ ਅਰਜ਼ੀ ਵੀ ਦਾਇਰ ਕੀਤੀ ਸੀ ਪਰ ਸੀਰਤ ਨੇ ਇਹ ਟੈਸਟ ਕਰਵਾਉਣ ਤੋਂ ਸਾਫ਼ ਮਨਾਂ ਕਰ ਦਿੱਤਾ ਸੀ।
ਇਸ ਸਬੰਧੀ ਮ੍ਰਿਤਕ ਦੇ ਪਿਤਾ ਜਸਪਾਲ ਸਿੰਘ ਢਿੱਲੋਂ ਅਤੇ ਦਰਸ਼ਨ ਸਿੰਘ ਢਿੱਲੋਂ ਨੇ ਆਪਣੀ ਟਿੱਪਣੀ ਵਿੱਚ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦਾ ਬਹੁਤ ਅਫਸੋਸ ਹੈ ਕਿ ਸਾਰਾ ਕੁੱਝ ਸਪੱਸ਼ਟ ਹੋਣ ਦੇ ਬਾਵਜੂਦ ਪੁਲੀਸ ਨੇ ਮੁਲਜ਼ਮ ਸੀਰਤ ਦੀ ਮਾਂ ਜਸਵਿੰਦਰ ਕੌਰ ਅਤੇ ਜਾਣਕਾਰ ਨਿਮਰਤ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ। ਜਦੋਂ ਕਿ ਡੀਏ ਲੀਗਲ ਨੇ ਵੀ ਸੁਣਵਾਈ ਦੌਰਾਨ ਪੁਲੀਸ ਤੋਂ ਪੁੱਛਿਆ ਹੈ ਕਿ ਬਾਕੀ ਮੁਲਜ਼ਮਾਂ ਨੂੰ ਅਜੇ ਤਾਈਂ ਗ੍ਰਿਫ਼ਤਾਰ ਕਿਉਂ ਨਹੀਂ ਕੀਤਾ ਗਿਆ ਹੈ। ਇਸ ਬਾਰੇ ਜਾਂਚ ਅਧਿਕਾਰੀ ਦਾ ਕਹਿਣਾ ਸੀ ਕਿ ਸਿੱਟ ਮਾਮਲੇ ਦੀ ਜਾਂਚ ਕਰ ਰਹੀ ਹੈ। ਜੋ ਕੋਈ ਵੀ ਦੋਸ਼ੀ ਪਾਇਆ ਗਿਆ। ਉਨ੍ਹਾਂ ਦੇ ਖ਼ਿਲਾਫ਼ ਸਪਲੀਮੈਂਟਰੀ ਚਲਾਨ ਪੇਸ਼ ਕੀਤਾ ਜਾਵੇਗਾ। ਪੀੜਤ ਪਰਿਵਾਰ ਨੇ ਕਿਹਾ ਕਿ ਜੇਕਰ ਪੁਲੀਸ ਨੇ ਬਾਕੀ ਮੁਲਜ਼ਮਾਂ ਨੂੰ ਜਲਦੀ ਗ੍ਰਿਫ਼ਤਾਰ ਨਹੀਂ ਕੀਤਾ ਤਾਂ ਉਹ ਧਾਰਾ 319 ਤਹਿਤ ਅਦਾਲਤ ਵਿੱਚ ਅਰਜ਼ੀ ਦਾਇਰ ਕਰਕੇ ਨਿਆਇਕ ਜਾਂਚ ਦੀ ਮੰਗ ਕਰਨਗੇ।
ਉਧਰ, ਜ਼ਿਲ੍ਹਾ ਤੇ ਸੈਸ਼ਨ ਜੱਜ ਨੇ ਇਸ ਕੇਸ ਨੂੰ ਫਾਸਟ ਟਰੈਕ ’ਤੇ ਪਾਉਂਦਿਆਂ ਅਗਲੀ ਸੁਣਵਾਈ ਲਈ 17,18 ਤੇ 19 ਅਗਸਤ ਨਿਰਧਾਰਿਤ ਕੀਤੀ ਹੈ ਅਤੇ ਇਸ ਦਿਨ ਪੀੜਤ ਪਰਿਵਾਰ ਦੇ ਮੈਂਬਰਾਂ ਨੂੰ ਗਵਾਹੀ ਲਈ ਸੰਮਨ ਕੀਤੇ ਗਏ ਹਨ। ਇਸ ਤਰ੍ਹਾਂ ਗਵਾਹੀਆਂ ਦਾ ਦੌਰਾ ਸ਼ੁਰੂ ਹੋਵੇਗਾ ਜਦੋਂ ਕਿ ਬਚਾਅ ਪੱਖ ਵੀ ਪੁਲੀਸ ਦੀਆਂ ਕਮਜ਼ੋਰ ਕੜੀਆਂ ਨੂੰ ਢਾਲ ਬਣਾ ਕੇ ਮੁਲਜ਼ਮ ਪਤਨੀ ਨੂੰ ਬਚਾਉਣ ਦੀ ਤਾਕ ਵਿੱਚ ਹੈ।

Load More Related Articles
Load More By Nabaz-e-Punjab
Load More In Court and Police

Check Also

ਆਟੋ ਸਵਾਰ ਲੜਕੀ ਨਾਲ ਬਲਾਤਕਾਰ ਦੀ ਕੋਸ਼ਿਸ਼: ਪੁਲੀਸ ਵੱਲੋਂ ਦੋਵੇਂ ਮੁਲਜ਼ਮ ਕਾਬੂ

ਆਟੋ ਸਵਾਰ ਲੜਕੀ ਨਾਲ ਬਲਾਤਕਾਰ ਦੀ ਕੋਸ਼ਿਸ਼: ਪੁਲੀਸ ਵੱਲੋਂ ਦੋਵੇਂ ਮੁਲਜ਼ਮ ਕਾਬੂ ਅਪਰਾਧ ਨੂੰ ਅੰਜਾਮ ਦੇਣ ਲਈ ਵਰ…