Share on Facebook Share on Twitter Share on Google+ Share on Pinterest Share on Linkedin ਏਕਮ ਢਿੱਲੋਂ ਹੱਤਿਆ ਕਾਂਡ: ਖੂਨ ਨਾਲ ਲੱਥਪੱਥ ਕੱਪੜਿਆਂ ਨੂੰ ਲੈ ਕੇ ਭੰਬਲਭੂਸਾ, ਪੁਲੀਸ ਨੇ ਚੁੱਪ ਧਾਰੀ ਮੁਲਜ਼ਮ ਸੀਰਤ ਕੌਰ ਦਾ ਭਰਾ ਵਿਨੈ ਪ੍ਰਤਾਪ ਪੁਲੀਸ ਜਾਂਚ ਵਿੱਚ ਹੋਇਆ ਸ਼ਾਮਲ, ਐਸਐਸਪੀ ਨੇ ਕੀਤੀ ਪੁਸ਼ਟੀ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 3 ਅਪਰੈਲ: ਮਨੁੱਖੀ ਅਧਿਕਾਰ ਕਾਰਕੁਨ ਜਸਪਾਲ ਸਿੰਘ ਢਿੱਲੋਂ ਦੇ ਪੁੱਤਰ ਏਕਮ ਸਿੰਘ ਢਿੱਲੋਂ ਦੀ ਬਹੁ ਚਰਚਿਤ ਹੱਤਿਆ ਕਾਂਡ ਦੇ ਮਾਮਲੇ ਸਬੰਧੀ ਖੂਨ ਨਾਲ ਲੱਥਪੱਥ ਕੱਪੜਿਆਂ ਨੂੰ ਲੈ ਕੇ ਭੰਬਲਭੂਸਾ ਬਣਿਆ ਹੋਇਆ ਹੈ। ਵਾਰਦਾਤ ਤੋਂ ਬਾਅਦ ਇੱਥੋਂ ਦੇ ਇਤਿਹਾਸਕ ਗੁਰਦੁਆਰਾ ਅੰਬ ਸਾਹਿਬ ’ਚੋਂ ਖੂਨ ਨਾਲ ਲੱਥਪੱਥ ਕੱਪੜਿਆਂ ਵਾਲਾ ਸੂਟਕੇਸ ਮਿਲਿਆ ਸੀ। ਇਸ ਸਬੰਧੀ ਪੀੜਤ ਪਰਿਵਾਰ ਦੇ ਵਕੀਲ ਦਾ ਕਹਿਣਾ ਹੈ ਕਿ ਗੁਰਦੁਆਰਾ ਸਾਹਿਬ ਦੇ ਸੇਵਾਦਾਰਾਂ ਨੇ ਪੁਲੀਸ ਦੇ ਕਹਿਣ ’ਤੇ ਖੂਨ ਨਾਲ ਲੱਥਪੱਥ ਕੱਪੜਿਆਂ ਵਾਲਾ ਸੂਟਕੇਸ ਅੱਗ ਲਗਾ ਕੇ ਸਾੜ ਦਿੱਤਾ ਹੈ। ਉਧਰ, ਇਤਿਹਾਸਕ ਗੁਰਦੁਆਰਾ ਅੰਬ ਸਾਹਿਬ ਦੇ ਮੈਨੇਜਰ ਭਾਈ ਜਗੀਰ ਸਿੰਘ ਨੇ ਇਸ ਪੱਤਰਕਾਰ ਨੂੰ ਦੱਸਿਆ ਕਿ ਵਾਰਦਾਤ ਤੋਂ ਬਾਅਦ ਬੀਤੀ 19 ਮਾਰਚ ਨੂੰ ਗੁਰੂ ਘਰ ਦੇ ਇੱਕ ਸੇਵਾਦਾਰ ਨੇ ਗੁਰਦੁਆਰੇ ਦੇ ਗੇਟ ਕੋਲ ਇੱਕ ਲਾਵਾਰਿਸ ਸੂਟਕੇਸ ਪਿਆ ਦੇਖਿਆ ਸੀ। ਸੇਵਾਦਾਰ ਨੇ ਸੂਟਕੇਸ ਬਾਰੇ ਉਨ੍ਹਾਂ ਨੂੰ ਦੱਸਿਆ ਸੀ ਅਤੇ ਜਦੋਂ ਕਿ ਉਨ੍ਹਾਂ ਨੇ ਸੰਗਤ ਦੀ ਹਾਜ਼ਰੀ ਵਿੱਚ ਸੂਟਕੇਸ ਖੋਲ੍ਹਿਆ ਤਾਂ ਸੂਟਕੇਸ ਨੂੰ ਖੂਨ ਲੱਗਿਆ ਹੋਇਆ ਸੀ ਅਤੇ ਉਸ ਵਿੱਚ ਕੁੱਝ ਕੱਪੜੇ ਖੂਨ ਨਾਲ ਲਿੱਬੜੇ ਹੋਏ ਪਏ ਸੀ ਅਤੇ ਸੂਟਕੇਸ ਵਿੱਚ ਚੱਪਲਾਂ ਵੀ ਸਨ। ਉਨ੍ਹਾਂ ਨੂੰ ਵੀ ਖੂਨ ਲੱਗਿਆ ਹੋਇਆ ਸੀ। ਇਹ ਦੇਖ ਕੇ ਸੇਵਾਦਾਰ ਬਹੁਤ ਜ਼ਿਆਦਾ ਘਬਰਾ ਗਏ ਅਤੇ ਉਨ੍ਹਾਂ ਨੇ ਤੁਰੰਤ ਪੁਲੀਸ ਕੰਟਰੋਲ ਰੂਮ ਨੂੰ ਇਤਲਾਹ ਦਿੱਤੀ। ਮੈਨੇਜਰ ਦੇ ਦੱਸਣ ਮੁਤਾਬਕ ਸੂਚਨਾ ਮਿਲਦੇ ਹੀ ਪਹਿਲਾਂ ਪੀਸੀਆਰ ਦੇ ਕਰਮਚਾਰੀ ਗੁਰਦੁਆਰਾ ਸਾਹਿਬ ਪੁੱਜੇ ਸੀ। ਜਿਨ੍ਹਾਂ ਨੇ ਸੂਟਕੇਸ ਨੂੰ ਚੈੱਕ ਕਰਨ ਮਗਰੋਂ ਸੀਨੀਅਰ ਅਧਿਕਾਰੀਆਂ ਨੂੰ ਦੱਸਿਆ ਗਿਆ ਅਤੇ ਬਾਅਦ ਵਿੱਚ ਕੁੱਝ ਹੋਰ ਪੁਲੀਸ ਕਰਮਚਾਰੀ ਵੀ ਮੌਕੇ ’ਤੇ ਪਹੁੰਚ ਗਏ ਸੀ ਅਤੇ ਸੇਵਾਦਾਰਾਂ ਨੇ ਖੂਨ ਨਾਲ ਲਥਪਥ ਕੱਪੜਿਆਂ ਵਾਲਾ ਸੂਟਕੇਸ ਪੁਲੀਸ ਨੂੰ ਸੌਂਪ ਦਿੱਤਾ ਸੀ। ਜਦੋਂ ਕਿ ਮੈਨੇਜਰ ਨੂੰ ਪੁਲੀਸ ਦੇ ਕਹਿਣ ’ਤੇ ਕੱਪੜਿਆਂ ਨੂੰ ਸਾੜਨ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਇਸ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ। ਜਦੋਂ ਉਨ੍ਹਾਂ ਨੂੰ ਇਹ ਪੁੱਛਿਆ ਗਿਆ ਕਿ ਸੂਟਕੇਸ ਵਿੱਚ ਕੱਪੜੇ ਤੇ ਚੱਪਲਾਂ ਅੌਰਤ ਦੀਆਂ ਸਨ ਜਾਂ ਪੁਰਸ ਦੇ ਕੱਪੜੇ ਤੇ ਚੱਪਲਾਂ ਸਨ। ਇਸ ਸਬੰਧੀ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਉਹ ਕੱਪੜੇ ਤੇ ਚੱਪਲਾਂ ਕਿਸੇ ਦੇ ਸਨ। ਉਂਜ ਉਨ੍ਹਾਂ ਮੁੜ ਦੁਹਰਾਇਆ ਕਿ ਸੂਟਕੇਸ ਪੁਲੀਸ ਨੇ ਆਪਣੇ ਕਬਜ਼ੇ ਵਿੱਚ ਲੈ ਲਿਆ ਸੀ। ਇਸ ਤੋਂ ਬਾਅਦ ਕੀ ਕਾਰਵਾਈ ਹੋਈ ਉਨ੍ਹਾਂ ਨੂੰ ਕੁੱਝ ਪਤਾ ਨਹੀਂ ਹੈ। ਉਧਰ, ਇਸ ਸਬੰਧੀ ਜਦੋਂ ਸਥਾਨਕ ਪੁਲੀਸ ਦੇ ਅਧਿਕਾਰੀਆਂ ਨਾਲ ਗੱਲ ਕਰਨੀ ਚਾਹੀ ਤਾਂ ਕੋਈ ਵੀ ਅਧਿਕਾਰੀ ਆਪਣਾ ਮੂੰਹ ਖੋਲ੍ਹਣ ਲਈ ਤਿਆਰ ਨਹੀਂ ਸੀ। ਅਧਿਕਾਰੀਆਂ ਦਾ ਇੱਕੋ ਜਵਾਬ ਸੀ ਕਿ ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ। ਇਸ ਮਾਮਲੇ ਵਿੱਚ ਮ੍ਰਿਤਕ ਦੀ ਪਤਨੀ ਸੀਰਤ ਕੌਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ, ਜੋ ਇਸ ਸਮੇਂ ਨਿਆਇਕ ਹਿਰਾਸਤ ਅਧੀਨ ਜੇਲ੍ਹ ਵਿੱਚ ਹੈ। ਜਦੋਂ ਕਿ ਇਸ ਮਾਮਲੇ ਨਾਮਜ਼ਦ ਬਾਕੀ ਮੁਲਜ਼ਮ ਅਜੇ ਤਾਈਂ ਪੁਲੀਸ ਦੀ ਗ੍ਰਿਫ਼ਤ ਤੋਂ ਬਾਹਰ ਹਨ। ਇਸ ਮਾਮਲੇ ਵਿੱਚ ਬੀਤੀ 20 ਮਾਰਚ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਮੁਹਾਲੀ ਦੇ ਐਸਐਸਪੀ ਕੁਲਦੀਪ ਸਿੰਘ ਚਾਹਲ ਦੀ ਨਿਗਰਾਨੀ ਹੇਠ ਵਿਸ਼ੇਸ਼ ਜਾਂਚ ਟੀਮ (ਸਿੱਟ) ਦਾ ਗਠਨ ਕੀਤਾ ਗਿਆ ਸੀ। ਉਧਰ, ਦੂਜੇ ਪਾਸੇ ਮ੍ਰਿਤਕ ਏਕਮ ਦੀ ਪਤਨੀ ਸੀਰਤ ਕੌਰ ਦੇ ਭਰਾ ਵਿਨੈ ਪ੍ਰਤਾਪ ਬਰਾੜ ਨੇ ਅੱਜ ਮੁਹਾਲੀ ਪੁਲੀਸ ਦੀ ਜਾਂਚ ਵਿੱਚ ਸ਼ਾਮਲ ਹੋ ਗਿਆ ਹੈ। ਸੀਰਤ ਦੀ ਮਾਂ ਜਸਵਿੰਦਰ ਕੌਰ, ਭਰਾ ਵਿਨੈ ਪ੍ਰਤਾਪ ਅਤੇ ਉਸ ਦੇ ਦੋਸਤ ਜਗਤ ਸਿੰਘ ਨੂੰ ਇਸ ਮਾਮਲੇ ਵਿੱਚ ਨਾਮਜ਼ਦ ਕੀਤਾ ਗਿਆ ਸੀ। ਪੁਲੀਸ ਵਿਨੈ ਤੋਂ ਪੁੱਛ ਗਿੱਛ ਕਰ ਰਹੀ ਹੈ। ਜ਼ਿਲ੍ਹਾ ਪੁਲੀਸ ਮੁਖੀ ਕੁਲਦੀਪ ਸਿੰਘ ਚਾਹਲ ਨੇ ਦੱਸਿਆ ਕਿ ਵਿਨੈ ਪ੍ਰਤਾਪ ਨੂੰ ਪੁੱਛ ਗਿੱਛ ਲਈ ਹਿਰਾਸਤ ਵਿੱਚ ਲਿਆ ਹੈ। ਜੇਕਰ ਮੁੱਢਲੀ ਜਾਂਚ ਵਿੱਚ ਵਿਨੈ ਪ੍ਰਤਾਪ ਕਸੂਰਵਾਰ ਪਾਇਆ ਗਿਆ ਤਾਂ ਉਸ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਜਾਣਕਾਰੀ ਅਨੁਸਾਰ ਕੁੱਝ ਦਿਨ ਪਹਿਲਾਂ ਪਿੰਡ ਪੁਰਾਣਾ ਅਬਲ ਖੁਰਾਣਾ ਤੇ ਨਵਾਂ ਅਬਲ ਖੁਰਾਣਾ, ਕਿੰਗਰਾਂ ਅਤੇ ਲਾਲ ਭਾਈ ਦੀਆਂ ਪੰਚਾਇਤਾਂ ਅਤੇ ਹੋਰ ਮੋਹਤਬਰ ਵਿਅਕਤੀਆਂ ਨੇ ਪ੍ਰੀਤਮ ਸਿੰਘ ਬਰਾੜ ਦੀ ਅਗਵਾਈ ਹੇਠ ਮੁਹਾਲੀ ਵਿੱਚ ਐਸਐਸਪੀ ਨਾਲ ਮੁਲਾਕਾਤ ਕੀਤੀ ਸੀ ਅਤੇ ਮੁਲਜ਼ਮ ਸੀਰਤ ਦੇ ਭਰਾ ਵਿਨੈ ਪ੍ਰਤਾਪ ਬਰਾੜ ਨੂੰ ਬੇਕਸੂਰ ਦੱਸਦਿਆਂ ਉਸ ਨੂੰ ਇਸ ਕੇਸ ’ਚੋਂ ਬਾਹਰ ਕੱਢਣ ਦੀ ਗੁਹਾਰ ਲਗਾਈ ਸੀ। ਉਨ੍ਹਾਂ ਨੇ ਵਿਨੈ ਦੀ ਬੇਗੁਨਾਹੀ ਸਬੰਧੀ ਪੁਲੀਸ ਮੁਖੀ ਕੋਲ ਕਈ ਸਬੂਤ ਵੀ ਪੇਸ਼ ਕਰਦਿਆਂ ਕਿਹਾ ਕਿ ਵਿਨੈ ਪ੍ਰਤਾਪ ਨੂੰ ਝੂਠੇ ਕੇਸ ਵਿੱਚ ਫਸਾਇਆ ਗਿਆ ਹੈ। ਪਤਵੰਤਿਆਂ ਨੇ ਪੁਲੀਸ ਨੂੰ ਦੱਸਿਆ ਸੀ ਕਿ ਵਾਰਦਾਤ ਵਾਲੀ ਰਾਤ ਅਤੇ ਅਗਲੇ ਦਿਨ ਵਿਨੈ ਮੁਹਾਲੀ ਵਿੱਚ ਨਹੀਂ ਸੀ। ਇਸ ਸਬੰਧੀ ਉਨ੍ਹਾਂ ਨੇ ਸੀਸੀਟੀਵੀ ਕੈਮਰੇ ਦੀਆਂ ਫੋਟੇਜ ਵੀ ਪੁਲੀਸ ਮੁਖੀ ਨੂੰ ਦਿੱਤੀਆਂ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ