ਏਕਮ ਹੱਤਿਆ ਕਾਂਡ: ਮੁਲਜ਼ਮ ਪਤਨੀ ਦਾ ਛੇ ਰੋਜ਼ਾ ਪੁਲੀਸ ਰਿਮਾਂਡ, ਵਾਰ ਵਾਰ ਬਿਆਨ ਬਦਲ ਰਹੀ ਹੈ ਮੁਲਜ਼ਮ ਸੀਰਤ ਕੌਰ

ਸੀਰਤ ਵੱਲੋਂ ਲਾਈ ਡਿਟੈਕਟ ਟੈਸਟ ਕਰਵਾਉਣ ਤੋਂ ਕੋਰਾ ਜਵਾਬ

ਮ੍ਰਿਤਕ ਦਾ ਪਿਤਾ ਜਸਪਾਲ ਸਿੰਘ ਢਿੱਲੋਂ ਤੇ ਭਰਾ ਦਰਸ਼ਨ ਢਿੱਲੋਂ ਵੀਰਵਾਰ ਨੂੰ ਐਸਐਸਪੀ ਚਾਹਲ ਨੂੰ ਮਿਲੇ, ਬਾਕੀ ਦੋਸ਼ੀਆਂ ਨੂੰ ਫੜਨ ਦੀ ਮੰਗ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 23 ਮਾਰਚ:
ਮਨੁੱਖੀ ਅਧਿਕਾਰ ਕਾਰਕੁਨ ਜਸਪਾਲ ਸਿੰਘ ਢਿੱਲੋਂ ਦੇ ਸਪੁੱਤਰ ਏਕਮ ਸਿੰਘ ਢਿੱਲੋਂ ਦੀ ਬੇਰਹਿਮ ਹੱਤਿਆ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਮ੍ਰਿਤਕ ਦੀ ਪਤਨੀ ਸੀਰਤ ਢਿੱਲੋਂ ਪਹਿਲਾਂ ਦਿੱਤਾ ਪੁਲੀਸ ਰਿਮਾਂਡ ਖ਼ਤਮ ਹੋਣ ’ਤੇ ਬੁੱਧਵਾਰ ਨੂੰ ਮੁੜ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਸੀਰਤ ਨੂੰ ਛੇ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ। ਇਸ ਤੋਂ ਪਹਿਲਾਂ ਮੁਲਜ਼ਮ ਅੌਰਤ ਦਾ ਸਰਕਾਰੀ ਹਸਪਤਾਲ ਵਿੱਚ ਮੈਡੀਕਲ ਕਰਵਾਇਆ ਗਿਆ।
ਮਟੌਰ ਥਾਣੇ ਦੇ ਐਸਐਚਓ ਬਲਜਿੰਦਰ ਸਿੰਘ ਪੰਨੂ ਨੇ ਮੁਲਜ਼ਮ ਦਾ 10 ਦਿਨਾਂ ਦੇ ਪੁਲੀਸ ਰਿਮਾਂਡ ਦੀ ਮੰਗ ਕਰਦਿਆਂ ਅਦਾਲਤ ਨੂੰ ਦੱਸਿਆ ਕਿ ਮੁਲਜ਼ਮ ਕੋਲੋਂ ਪੁੱਛ ਗਿੱਛ ਕਰਕੇ ਬਾਕੀ ਫਰਾਰ ਮੁਲਜ਼ਮਾਂ ਦੇ ਟਿਕਾਣਿਆਂ ਬਾਰੇ ਪਤਾ ਕਰਨਾ ਹੈ ਤਾਂ ਜੋ ਬਾਕੀ ਨਾਮਜ਼ਦ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਸਕੇ। ਉਧਰ, ਮੁਹਾਲੀ ਪੁਲੀਸ ਨੇ ਅਦਾਲਤ ਵਿੱਚ ਇੱਕ ਅਰਜ਼ੀ ਦਾਇਰ ਕਰਕੇ ਮੁਲਜ਼ਮ ਅੌਰਤ ਦਾ ‘ਲਾਈਂ ਡਿਟੈਕਟ ਟੈਸਟ’ ਕਰਵਾਉਣ ਦੀ ਗੁਹਾਰ ਲਗਾਈ ਹੈ। ਪੁਲੀਸ ਦਾ ਕਹਿਣਾ ਹੈ ਕਿ ਇਹ ਕਾਫੀ ਹਾਈ ਪ੍ਰੋਫਾਈਲ ਮਾਮਲਾ ਹੈ ਅਤੇ ਪੁਲੀਸ ਇਸ ਹੱਤਿਆਂ ਕਾਂਡ ਵਿੱਚ ਮੁਲਜ਼ਮ ਦੇ ਖ਼ਿਲਾਫ਼ ਕੋਈ ਸਬੂਤ ਪਿੱਛੇ ਨਹੀਂ ਛੱਡਣਾ ਚਾਹੁੰਦੀ ਹੈ। ਇਸ ਸਬੰਧੀ ਪੇਸ਼ੀ ਦੌਰਾਨ ਮੁਲਜ਼ਮ ਸੀਰਤ ਢਿੱਲੋਂ ਨੇ ਆਪਣਾ ਲਾਈ ਡਿਟੈਕਟ ਟੈਸਟ ਕਰਵਾਉਣ ਤੋਂ ਕੋਰਾ ਜਵਾਬ ਦਿੱਤਾ।
ਉਧਰ, ਇਸ ਮਾਮਲੇ ਵਿੱਚ ਨਾਮਜ਼ਦ ਬਾਕੀ ਸਾਰੇ ਮੁਲਜ਼ਮ ਅਜੇ ਤਾਈਂ ਪੁਲੀਸ ਦੀ ਗ੍ਰਿਫ਼ਤ ਤੋਂ ਬਾਹਰ ਹਨ। ਜਿਨ੍ਹਾਂ ਵਿੱਚ ਸੀਰਤ ਦੀ ਮਾਂ ਜਸਵਿੰਦਰ ਕੌਰ, ਭਰਾ ਵਿਨੈ ਪ੍ਰਤਾਪ ਬਰਾੜ, ਦੋਸਤ ਜਗਤ ਸਿੰਘ ਸ਼ਾਮਲ ਹਨ। ਇੱਥੇ ਇਹ ਦੱਸਣਯੋਗ ਹੈ ਕਿ ਬੀਤੀ 18 ਮਾਰਚ ਦੀ ਰਾਤ ਨੂੰ ਘਰੇਲੂ ਕਲੇਸ਼ ਦੌਰਾਨ ਸਾਬਕਾ ਕਾਂਗਰਸੀ ਵਿਧਾਇਕ ਅਜੀਤ ਇੰਦਰ ਸਿੰਘ ਮੋਫ਼ਰ ਦੀ ਭਾਣਜੀ ਸੀਰਤ ਢਿੱਲੋਂ ਨੇ ਆਪਣੇ ਪਤੀ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਅਤੇ ਲਾਸ਼ ਨੂੰ ਖੁਰਦ ਬੁਰਦ ਕਰਨ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਪੁਲੀਸ ਵੱਲੋਂ ਮੌਕੇ ਤੋਂ ਬਰਾਮਦ .9 ਐਮਐਮ ਦੇ ਪਿਸਤੌਲ ਨੂੰ ਸੀਰਤ ਆਪਣਾ ਲਾਇਸੈਂਸੀ ਦੱਸ ਰਹੀ ਸੀ ਲੇਕਿਨ ਹੁਣ ਤੱਕ ਸੀਰਤ ਜਾਂ ਉਸ ਦੇ ਮਾਪੇ ਪਿਸਤੌਲ ਦਾ ਲਾਇਸੈਂਸ ਪੁਲੀਸ ਨੂੰ ਨਹੀਂ ਦਿਖਾ ਸਕੇ ਹਨ।
ਉਧਰ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਮੁਹਾਲੀ ਦੇ ਐਸਐਸਪੀ ਕੁਲਦੀਪ ਸਿੰਘ ਚਾਹਲ ਦੀ ਨਿਗਰਾਨੀ ਹੇਠ ਗਠਿਤ ਵਿਸ਼ੇਸ਼ ਜਾਂਚ ਕਮੇਟੀ (ਸਿੱਟ) ਨੇ ਆਪਣੀ ਜਾਂਚ ਤੇਜ਼ ਕਰ ਦਿੱਤੀ ਹੈ। ਪੁਲੀਸ ਨੇ ਜਾਂਚ ਟੀਮ ਨੂੰ ਸਪੱਸ਼ਟ ਹਦਾਇਤ ਕੀਤੀ ਹੈ ਕਿ ਮਾਮਲੇ ਦੀ ਨਿਰਪੱਖ ਜਾਂਚ ਕੀਤੀ ਜਾਵੇ ਅਤੇ ਜੇਕਰ ਕੋਈ ਪੁਲੀਸ ਅਧਿਕਾਰੀ ਕਸੂਰਵਾਰ ਪਾਇਆ ਜਾਂਦਾ ਹੈ ਤਾਂ ਉਸ ਦੇ ਖ਼ਿਲਾਫ਼ ਵੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ। ਜਾਂਚ ਟੀਮ ਨੇ ਮ੍ਰਿਤਕ ਦੇ ਪਿਤਾ ਜਸਪਾਲ ਸਿੰਘ ਢਿੱਲੋਂ ਅਤੇ ਭਰਾ ਦਰਸ਼ਨ ਸਿੰਘ ਦੇ ਬਿਆਨ ਦਰਜ ਕੀਤੇ ਗਏ ਹਨ। ਇਸ ਤੋਂ ਇਲਾਵਾ ਏਕਮ ਦੇ ਬੱਚਿਆਂ ਤੋਂ ਵੀ ਪੁੱਛ ਗਿੱਛ ਕੀਤੀ ਗਈ ਹੈ। ਪੁਲੀਸ ਵੱਲੋਂ ਪੀੜਤ ਪਰਿਵਾਰ ਨੂੰ ਸੁਰੱਖਿਆ ਮੁਹੱਈਆ ਕਰਵਾਈ ਗਈ ਹੈ।
ਉਧਰ, ਮਟੌਰ ਥਾਣੇ ਦੇ ਐਸਐਚਓ ਬਲਜਿੰਦਰ ਸਿੰਘ ਪੰਨੂ ਨੇ ਦੱਸਿਆ ਕਿ ਮੁਲਜ਼ਮ ਸੀਰਤ ਨੂੰ ਅੱਜ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਜਿਥੇ ਅਦਾਲਤ ਨੇ ਮ੍ਰਿਤਕ ਦੀ ਪਤਨੀ ਨੂੰ ਛੇ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਸੀਰਤ ਅਤੇ ਏਕਮ ਦੇ ਮਿੱਤਰਚਾਰੇ ਨੂੰ ਵੀ ਪੁੱਛ ਗਿੱਛ ਲਈ ਤਲਬ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁੱਢਲੀ ਪੁੱਛ ਗਿੱਛ ਦੌਰਾਨ ਸੀਰਤ ਦੇ ਕਈ ਵਿਅਕਤੀਆਂ ਨਾਲ ਕਥਿਤ ਸਬੰਧਾਂ ਬਾਰੇ ਪਤਾ ਲੱਗਾ ਹੈ। ਇਸ ਸਬੰਧੀ ਉਸ ਦੇ ਦੋਸਤਾਂ ਨੂੰ ਜਾਂਚ ਵਿੱਚ ਸ਼ਾਮਲ ਹੋਣ ਲਈ ਆਖਿਆ ਗਿਆ ਹੈ। ਸ੍ਰੀ ਪੰਨੂ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਸੀਰਤ ਦੇ ਭਰਾ ਦੇ ਦੋਸਤ ਜਗਤ ਸਿੰਘ ਨੂੰ ਨਾਮਜ਼ਦ ਕੀਤਾ ਗਿਆ ਹੈ ਅਤੇ ਬਾਕੀ ਫਰਾਰ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਵੱਖ ਵੱਖ ਛਾਪੇਮਾਰੀ ਕੀਤੀ ਜਾ ਰਹੀ ਹੈ।
ਉਧਰ, ਮ੍ਰਿਤਕ ਏਕਮ ਸਿੰਘ ਢਿੱਲੋਂ ਦੇ ਪਿਤਾ ਜਸਪਾਲ ਸਿੰਘ ਢਿੱਲੋਂ ਅਤੇ ਭਰਾ ਦਰਸ਼ਨ ਸਿੰਘ ਢਿੱਲੋਂ ਵੱਲੋਂ ਅੱਜ ਐਸਐਸਪੀ ਨਾਲ ਮੁਲਾਕਾਤ ਕੀਤੀ ਗਈ ਅਤੇ ਇਸ ਮਾਮਲੇ ਵਿੱਚ ਮ੍ਰਿਤਕ ਦੀ ਪਤਨੀ ਦਾ ਸਾਥ ਦੇਣ ਵਾਲੇ ਰਸੂਖਦਾਰ ਵਿਅਕਤੀਆਂ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਗਈ। ਇਸ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਜਸਪਾਲ ਸਿੰਘ ਨੇ ਕਿਹਾ ਕਿ ਸੀਰਤ ਕੌਰ ਦਾ 6 ਦਿਨਾਂ ਪੁਲੀਸ ਰਿਮਾਂਡ ਮਿਲਣ ਉਪਰ ਉਨ੍ਹਾਂ ਨੂੰ ਤਸੱਲੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਿਲਣ ਤੋਂ ਬਾਅਦ ਹੀ ਇਸ ਮਾਮਲੇ ਵਿਚ ਜ਼ਿਕਰਯੋਗ ਕਾਰਵਾਈ ਹੋਈ ਹੈ ਅਤੇ ਮੁੱਖ ਮੰਤਰੀ ਦੇ ਦਿੱਤੇ ਗਏ ਭਰੋਸੇ ਉਪਰ ਉਨ੍ਹਾਂ ਨੂੰ ਪੂਰਾ ਵਿਸ਼ਵਾਸ਼ ਹੈ। ਉਨ੍ਹਾਂ ਕਿਹਾ ਕਿ ਪੁਲੀਸ ਨੇ ਅਸਲ ਵਿੱਚ ਅਜੇ ਹਥਿਆਰ ਦਾ ਘੋੜਾ ਦਬਾਉਣ ਵਾਲੇ ਨੂੰ ਹੀ ਗ੍ਰਿਫਤਾਰ ਕੀਤਾ ਹੈ ਪਰ ਇਸ ਸਾਜਿਸ ਦਾ ਅਸਲੀ ਸਾਜਿਸਕਰਤਾ ਪੁਲੀਸ ਦੀ ਗ੍ਰਿਫਤ ਤੋਂ ਦੁੂਰ ਹੀ ਹੈ।
(ਬਾਕਸ ਆਈਟਮ-1)
ਉਧਰ, ਮੁਲਜ਼ਮ ਸੀਰਤ ਢਿੱਲੋਂ ਨੇ ਅੱਜ ਪੇਸ਼ੀ ਦੌਰਾਨ ਅਦਾਲਤ ਤੋਂ ਮੰਗ ਕੀਤੀ ਕਿ ਉਸ ਦੇ ਦੋਵੇਂ ਬੱਚਿਆਂ ਬੇਟਾ ਗੁਰਨਿਵਾਸ ਸਿੰਘ (11) ਅਤੇ ਬੇਟੀ ਹਮਾਇਰਾ (5) ਦੀ ਸਪੁਰਦਦਾਰੀ ਉਸ ਨੂੰ ਦਿੱਤੀ ਜਾਵੇ। ਦੋਵੇਂ ਬੱਚੇ ਵਿਵੇਕ ਹਾਈ ਸਕੂਲ ਵਿੱਚ ਪੜ੍ਹਦੇ ਹਨ। ਮੁਲਜ਼ਮ ਅੌਰਤ ਦੀ ਇਸ ਮੰਗ ’ਤੇ ਜੱਜ ਨੇ ਕਿਹਾ ਕਿ ਇਹ ਕੇਸ ਬਹੁਤ ਹੀ ਹਾਈ ਪ੍ਰੋਫਾਈਲ ਹੈ ਅਤੇ ਸਿੱਧੇ ਤੌਰ ’ਤੇ ਇਸ ਸਬੰਧੀ ਕੋਈ ਫੈਸਲਾ ਨਹੀਂ ਲਿਆ ਜਾ ਸਕਦਾ ਹੈ। ਲਿਹਾਜ਼ਾ ਉਹ ਆਪਣੇ ਵਕੀਲ ਰਾਹੀਂ ਅਦਾਲਤ ਵਿੱਚ ਵੱਖਰੇ ਤੌਰ ’ਤੇ ਬੱਚਿਆਂ ਦੀ ਸਪੁਰਦਦਾਰੀ ਲਈ ਅਰਜ਼ੀ ਦਾਇਰ ਕਰ ਸਕਦੀ ਹੈ। ਏਕਮ ਢਿੱਲੋਂ ਦਾ 12 ਸਾਲ ਪਹਿਲਾਂ ਸੀਰਤ ਨਾਲ ਵਿਆਹ ਹੋਇਆ ਸੀ ਅਤੇ ਵਿਆਹ ਤੋਂ ਕੁੱਝ ਸਮੇਂ ਬਾਅਦ ਹੀ ਉਹ ਵੱਖਰੇ ਰਹਿੰਦੇ ਆ ਰਹੇ ਸੀ। ਕਿਉਂਕਿ ਵਿਆਹ ਤੋਂ ਬਾਅਦ ਸੀਰਤ ਦੀ ਸੁਹਰੇ ਪਰਿਵਾਰ ਨਾਲ ਕਦੇ ਨਹੀਂ ਬਣੀ ਸੀ।
(ਬਾਕਸ ਆਈਟਮ-2)
ਉਧਰ, ਕਰੀਬ 5 ਸਾਲ ਕਰੋੜਾਂ ਰੁਪਏ ਦੇ ਸਿਟਰਸ ਘੁਟਾਲੇ ਦੇ ਮਾਮਲੇ ਦੀ ਸੁਣਵਾਈ ਅੱਜ ਵੱਖਰੀ ਅਦਾਲਤ ਵਿੱਚ ਹੋਈ। ਇਸ ਮਾਮਲੇ ਵਿੱਚ ਮ੍ਰਿਤਕ ਏਕਮ ਢਿੱਲੋਂ, ਉਸ ਦੀ ਮੁਲਜ਼ਮ ਪਤਨੀ ਸੀਰਤ ਢਿੱਲੋਂ ਸਮੇਤ ਕਰੀਰ ਦਰਜਨ ਵਿਅਕਤੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ। ਇਹ ਕੇਸ ਪੰਜਾਬ ਪੁਲੀਸ ਦੇ ਸਟੇਟ ਕਰਾਈਮ ਵਿੰਗ ਥਾਣੇ ਵਿੱਚ 3 ਫਰਵਰੀ 2011 ਨੂੰ ਕੇਸ ਦਰਜ ਕੀਤਾ ਗਿਆ ਸੀ। ਇਸ ਕੇਸ ਦੀ ਸੁਣਵਾਈ ਮੁਹਾਲੀ ਅਦਾਲਤ ਵਿੱਚ ਚਲ ਰਹੀ ਹੈ। ਮੁਲਜ਼ਮਾਂ ’ਤੇ ਫਰਜ਼ੀ ਫਰਮ ਬਣਾ ਕੇ ਕਿਸਾਨਾਂ ਨੂੰ ਖਾਦ ’ਤੇ ਦਿੱਤੀ ਜਾਣ ਵਾਲੀ ਸਬਸਿਡੀ ਦੇ ਮਾਮਲੇ ਵਿੱਚ ਘੁਟਾਲਾ ਕਰਨ ਦਾ ਦੋਸ਼ ਹੈ। ਉਦੋਂ ਏਕਮ ਪੰਜਾਬ ਐਗਰੋ ਵਿੱਚ ਸੀਨੀਅਰ ਅਧਿਕਾਰੀ ਦੇ ਅਹੁਦੇ ’ਤੇ ਤਾਇਨਾਤ ਸੀ ਜਦੋਂ ਕਿ ਉਸ ਦੀ ਪਤਨੀ ਸੀਰਤ ਪ੍ਰਾਈਵੇਟ ਫਰਮ ਦੀ ਡਾਇਰੈਕਟਰ ਸੀ। ਅੱਜ ਕੇਸ ਦੀ ਸੁਣਵਾਈ ਦੌਰਾਨ ਜੱਜ ਨੇ ਬਚਾਅ ਪੱਖ ਨੂੰ ਮ੍ਰਿਤਕ ਏਕਮ ਢਿੱਲੋਂ ਦੀ ਮੌਤ ਸਬੰਧੀ ਮੌਤ ਦਾ ਸਰਟੀਫਿਕੇਟ ਅਦਾਲਤ ਵਿੱਚ ਜਮ੍ਹਾ ਕਰਵਾਉਣ ਲਈ ਆਖਿਆ ਹੈ।

Load More Related Articles
Load More By Nabaz-e-Punjab
Load More In Uncategorized

Check Also

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ ਵੱਲੋਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਸਕੱਤਰ ਵੱਲੋਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਨਬਜ਼-ਏ-ਪੰ…