ਏਕਮ ਹੱਤਿਆ ਕਾਂਡ: ਸੀਰਤ ਦੀ ਮਾਂ ਜਸਵਿੰਦਰ ਸਿੰਘ ਵੱਲੋਂ ਐਸਐਸਪੀ ਕੋਲ ਆਤਮ ਸਮਰਪਣ, ਪੁੱਛਗਿੱਛ ਮਗਰੋਂ ਰਿਹਾਅ

ਮੁਹਾਲੀ ਅਦਾਲਤ ਨੇ ਸੀਰਤ ਦਾ ਜੁਡੀਸ਼ਲ ਰਿਮਾਂਡ ਵਿੱਚ ਵਾਧਾ, ਅਗਲੀ ਸੁਣਵਾਈ 24 ਅਪਰੈਲ ਨੂੰ, ਸੀਰਤ ਨੂੰ ਮਿਲੀ ਨਿੱਜੀ ਪੇਸ਼ੀ ਤੋਂ ਛੋਟ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 11 ਅਪਰੈਲ:
ਮਨੁੱਖੀ ਅਧਿਕਾਰ ਕਾਰਕੁਨ ਜਸਪਾਲ ਸਿੰਘ ਢਿੱਲੋਂ ਦੇ ਪੁੱਤਰ ਏਕਮ ਸਿੰਘ ਢਿੱਲੋਂ ਦੀ ਬਹੁ ਚਰਚਿਤ ਹੱਤਿਆ ਕਾਂਡ ਦੇ ਮਾਮਲੇ ਵਿੱਚ ਮੁਲਜ਼ਮ ਸੀਰਤ ਕੌਰ ਦੀ ਮਾਂ ਜਸਵਿੰਦਰ ਕੌਰ ਨੇ ਸੋਮਵਾਰ ਨੂੰ ਆਪਣੀ ਚੁੱਪੀ ਤੋੜਦਿਆਂ ਵਾਰਦਾਤ ਦੇ ਕਰੀਬ 22 ਦਿਨਾਂ ਬਾਅਦ ਪੁਲੀਸ ਮੁਖੀ ਕੋਲ ਆਤਮ ਸਮਰਪਣ ਕਰ ਦਿੱਤਾ ਹੈ। ਜਸਵਿੰਦਰ ਕੌਰ ਪੁਲੀਸ ਨੂੰ ਝਕਾਨੀ ਦੇ ਕੇ ਅੱਜ ਆਪਣੇ ਵਕੀਲ ਨਾਲ ਸਿੱਧਾ ਐਸਐਸਪੀ ਦਫ਼ਤਰ ਪਹੁੰਚ ਗਈ। ਉਨ੍ਹਾਂ ਐਸਐਸਪੀ ਨੂੰ ਦੱਸਿਆ ਕਿ ਉਹ ਬਿਲਕੁਲ ਬੇਕਸੂਰ ਹੈ। ਉਸ ਨੂੰ ਜਾਣਬੁੱਝ ਕੇ ਝੂਠੇ ਮਾਮਲੇ ਵਿੱਚ ਫਸਾਇਆ ਜਾ ਰਿਹਾ ਹੈ।
ਇਸ ਸਬੰਧੀ ਐਸਐਸਪੀ ਕੁਲਦੀਪ ਸਿੰਘ ਚਾਹਲ ਨੇ ਜਸਵਿੰਦਰ ਕੌਰ ਆਤਮ ਸਮਰਪਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਫਿਲਹਾਲ ਪੁਲੀਸ ਨੇ ਸੀਰਤ ਦੀ ਮਾਂ ਗ੍ਰਿਫ਼ਤਾਰੀ ਨਹੀਂ ਪਾਈ ਹੈ। ਪੁਲੀਸ ਬਜ਼ੁਰਗ ਮਹਿਲਾ ਦੀ ਸ਼ੱਕੀ ਭੂਮਿਕਾ ਬਾਰੇ ਪੁੱਛ ਗਿੱਛ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਦੀ ਸਿੱਟ ਵੱਲੋਂ ਵੱਖ ਵੱਖ ਪਹਿਲੂਆਂ ’ਤੇ ਜਾਂਚ ਕੀਤੀ ਜਾ ਰਹੀ ਹੈ। ਇੱਥੇ ਇਹ ਦੱਸਣਯੋਗ ਹੈ ਕਿ ਬੀਤੀ 3 ਅਪਰੈਲ ਨੂੰ ਸੀਰਤ ਦੇ ਭਰਾ ਵਿਨੈ ਪ੍ਰਤਾਪ ਬਰਾੜ ਨੇ ਵੀ ਪੁਲੀਸ ਕੋਲ ਪੇਸ਼ ਹੋ ਕੇ ਜਾਂਚ ਵਿੱਚ ਸ਼ਾਮਲ ਹੋਇਆ ਸੀ ਅਤੇ ਪੁੱਛ ਗਿੱਛ ਮਗਰੋਂ ਅਗਲੇ ਦਿਨ ਪੁਲੀਸ ਨੇ ਉਸ ਨੂੰ ਛੱਡ ਦਿੱਤਾ ਸੀ। ਇਸ ਬਾਰੇ ਐਸਐਸਪੀ ਦਾ ਕਹਿਣਾ ਹੈ ਕਿ ਇਸ ਸਬੰਧੀ ਹਾਲੇ ਤੱਕ ਵਿਨੈ ਦੀ ਸ਼ੱਕੀ ਭੂਮਿਕਾ ਸਾਹਮਣੇ ਨਹੀਂ ਆਈ ਹੈ। ਪੁਲੀਸ ਮੁਖੀ ਨੇ ਦੱਸਿਆ ਕਿ ਸੀਰਤ ਅਤੇ ਵਿਨੈ ਪ੍ਰਤਾਪ ਦੀ ਕਾਲ ਡਿਟੇਲ ਕਢਵਾਈ ਗਈ ਹੈ ਲੇਕਿਨ ਉਨ੍ਹਾਂ ਵਿੱਚ ਕਿਸੇ ਕਿਸਮ ਦੀ ਸਾਂਝ ਸਾਹਮਣੇ ਨਹੀਂ ਆਈ ਹੈ। ਇਹੀ ਨਹੀਂ ਦੋਵੇਂ ਭੈਣ ਭਰਾਵਾਂ ਵਿੱਚ ਆਪਸੀ ਬੋਲਚਾਲ ਵੀ ਨਹੀਂ ਸੀ। ਉਨ੍ਹਾਂ ਕਿਹਾ ਕਿ ਪੁਲੀਸ ਬਿਲਕੁਲ ਨਿਰਪੱਖ ਜਾਂਚ ਕਰ ਰਹੀ ਹੈ। ਹੁਣ ਤੱਕ ਦੀ ਜਾਂਚ ਦੌਰਾਨ ਸੀਰਤ ਤੋਂ ਬਿਨਾਂ ਕਿਸੇ ਹੋਰ ਦੀ ਸ਼ਮੂਲੀਅਤ ਸਾਹਮਣੇ ਨਹੀਂ ਆਈ ਹੈ। ਜਿਸ ਕਾਰਨ ਮੰਗਲਵਾਰ ਨੂੰ ਸ਼ਾਮੀ ਬੀਬੀ ਜਸਵਿੰਦਰ ਕੌਰ ਨੂੰ ਰਿਹਾਅ ਕਰ ਦਿੱਤਾ।
ਉਧਰ, ਸੀਰਤ ਸੋਮਵਾਰ ਨੂੰ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਕੇਸ ਦੀ ਅਗਲੀ ਸੁਣਵਾਈ 24 ਅਪਰੈਲ ’ਤੇ ਪਾ ਦਿੱਤੀ ਹੈ। ਉਂਜ ਅਦਾਲਤ ਨੇ ਆਪਣੇ ਪੱਧਰ ’ਤੇ ਸੀਰਤ ਨੂੰ ਨਿੱਜੀ ਪੇਸ਼ੀ ਤੋਂ ਛੋਟ ਦਿੰਦਿਆਂ ਕਿਹਾ ਕਿ ਜਦੋਂ ਤੱਕ ਚਲਾਨ ਪੇਸ਼ ਨਹੀਂ ਹੋ ਜਾਂਦਾ। ਉਦੋਂ ਤੱਕ ਸੀਰਤ ਨੂੰ ਅਦਾਲਤ ਵਿੱਚ ਪੇਸ਼ ਹੋਣ ਦੀ ਲੋੜ ਨਹੀਂ ਹੈ। ਕੇਸ ਦੀ ਸੁਣਵਾਈ ਦੌਰਾਨ ਜੇਲ੍ਹ ’ਚੋਂ ਹੀ ਵੀਡੀਓ ਕਾਨਫਰੰਸ ਰਾਹੀਂ ਪੇਸ਼ੀ ਭੁਗਤੀ ਜਾ ਸਕਦੀ ਹੈ।
ਇਸ ਤੋਂ ਪਹਿਲਾਂ ਸੀਰਤ ਨੇ ਆਪਣੇ ਵਕੀਲ ਮਨਜਿੰਦਰ ਸਿੰਘ ਬਰਾੜ ਦੀ ਮੌਜੂਦਗੀ ਵਿੱਚ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਉਸ ਨੇ ਆਪਣੇ ਪਤੀ ਏਕਮ ਢਿੱਲੋਂ ਨੂੰ ਗੋਲੀ ਨਹੀਂ ਮਾਰੀ ਹੈ। ਉਹ ਉਸ ਨੂੰ ਬਹੁਤ ਪਿਆਰ ਕਰਦੀ ਸੀ। ਉਸ ਨੇ ਦੱਸਿਆ ਕਿ ਏਕਮ ਕਾਰੋਬਾਰ ਨਾ ਚੱਲਣ ਕਾਰਨ ਕੁੱਝ ਸਮੇਂ ਤੋਂ ਪ੍ਰੇਸ਼ਾਨ ਰਹਿੰਦਾ ਸੀ ਅਤੇ ਜਦੋਂ ਵੀ ਉਹ ਆਪਣੇ ਮਾਪਿਆਂ ਨੂੰ ਮਿਲ ਕੇ ਵਾਪਸ ਆਉਂਦਾ ਸੀ ਤਾਂ ਕਾਫੀ ਪ੍ਰੇਸ਼ਾਨ ਹੋ ਜਾਂਦਾ ਸੀ। ਸੀਰਤ ਨੇ ਕਿਹਾ ਕਿ ਘਟਨਾ ਵਾਲੀ ਦੇਰ ਰਾਤ ਵੀ ਏਕਮ ਆਪਣੇ ਮਾਪਿਆਂ ਦੇ ਘਰੋਂ ਆਇਆ ਸੀ ਅਤੇ ਉਸ ਨੇ ਪਹਿਲਾਂ ਤੋਂ ਸ਼ਰਾਬ ਪੀਤੀ ਹੋਈ ਸੀ ਅਤੇ ਘਰ ਆ ਕੇ ਹੋਰ ਸ਼ਰਾਬ ਮੰਗ ਰਿਹਾ ਸੀ। ਜਿਸ ਕਾਰਨ ਉਹ ਨਾਰਾਜ਼ ਹੋ ਕੇ ਦੂਜੇ ਕਮਰੇ ਵਿੱਚ ਬੱਚਿਆਂ ਨਾਲ ਸੌਂ ਗਈ। ਇਸ ਦੌਰਾਨ ਏਕਮ ਨੇ ਉਸ (ਸੀਰਤ) ਨੂੰ ਗੋਲੀ ਮਾਰਨ ਦਾ ਯਤਨ ਕੀਤਾ ਲੇਕਿਨ ਹੱਥੋਪਾਈ ਵਿੱਚ ਅਚਾਨਕ ਗੋਲੀ ਚਲ ਗਈ ਅਤੇ ਏਕਮ ਦੀ ਮੌਤ ਹੋ ਗਈ।
ਸੀਰਤ ਨੇ ਆਪਣੀ ਮਾਂ ਜਸਵਿੰਦਰ ਕੌਰ ਨੂੰ ਬੇਕਸੂਰ ਦੱਸਦਿਆਂ ਕਿਹਾ ਕਿ ਉਸ ਦੀ ਮਾਂ ਨੂੰ ਇਸ ਮਾਮਲੇ ਵਿੱਚ ਜਾਣਬੁੱਝ ਫਸਾਇਆ ਜਾ ਰਿਹਾ ਹੈ। ਸੀਰਤ ਅਤੇ ਉਸ ਦੇ ਵਕੀਲ ਨੇ ਕਿਹਾ ਕਿ ਜਸਵਿੰਦਰ ਕੌਰ ਪੁਲੀਸ ਜਾਂਚ ਵਿੱਚ ਸ਼ਾਮਲ ਹੋਣਾ ਚਾਹੁੰਦੀ ਹੈ। ਇਸ ਮਗਰੋਂ ਜਸਵਿੰਦਰ ਕੌਰ ਨੇ ਐਸਅਸਪੀ ਕੋਲ ਆਤਮ ਸਮਰਪਣ ਕਰ ਦਿੱਤਾ। ਸੀਰਤ ਨੇ ਮੁੜ ਦੁਹਰਾਇਆ ਕਿ ਉਸ ਦੇ ਦੋਵੇਂ ਬੱਚੇ ਏਕਮ ਦੇ ਮਾਪਿਆਂ ਕੋਲ ਸੁਰੱਖਿਅਤ ਨਹੀਂ ਹਨ। ਉਸ ਨੇ ਦੱਸਿਆ ਕਿ ਬੱਚਿਆਂ ਦੀ ਸਪੁਰਦਦਾਰੀ ਲਈ ਉਸ ਨੂੰ ਮੈਰਿਜ ਸਰਟੀਫਿਕੇਟ ਅਤੇ ਦੋਵੇਂ ਬੱਚਿਆਂ ਦੇ ਜਨਮ ਸਰਟੀਫਿਕੇਟ ਚਾਹੀਦੇ ਹਨ ਪ੍ਰੰਤੂ ਪੁਲੀਸ ਨੇ ਉਨ੍ਹਾਂ ਦੇ ਮਕਾਨ ਨੂੰ ਸੀਲ ਕੀਤਾ ਹੋਇਆ ਹੈ। ਵਕੀਲ ਨੇ ਦੱਸਿਆ ਕਿ ਉਹ ਜਲਦੀ ਹੀ ਐਸਐਸਪੀ ਨੂੰ ਮਿਲ ਕੇ ਜਿਹੜੇ ਕਿਰਾਏ ਦੇ ਮਕਾਨ ਵਿੱਚ ਰਹਿੰਦੇ ਸੀ। ਉਸ ਨੂੰ ਖੋਲ੍ਹਣ ਦੀ ਇਜਾਜ਼ਤ ਮੰਗਣਗੇ ਅਤੇ ਬੱਚਿਆਂ ਦੇ ਜਨਮ ਸਰਟੀਫਿਕੇਟ ਅਤੇ ਮੈਰਿਜ ਸਰਟੀਫਿਕੇਟ ਹਾਸਲ ਕਰਕੇ ਅਦਾਲਤ ਵਿੱਚ ਬੱਚਿਆਂ ਦੀ ਸਪੁਰਦਦਾਰੀ ਦੀ ਅਪੀਲ ਦਾਇਰ ਕੀਤੀ ਜਾਵੇਗੀ।
(ਬਾਕਸ ਆਈਟਮ-1)
ਖੂਨ ਨਾਲ ਲੱਥਪੱਥ ਕੱਪੜੇ ਸਾੜ ਦੇ ਮਾਮਲੇ ਦੀ ਜਾਂਚ ਦੇ ਹੁਕਮ
ਐਸਐਸਪੀ ਕੁਲਦੀਪ ਸਿੰਘ ਚਾਹਲ ਨੇ ਇੱਥੋਂ ਦੇ ਇਤਿਹਾਸਕ ਗੁਰਦੁਆਰਾ ਅੰਬ ਸਾਹਿਬ ’ਚੋਂ ਖੂਨ ਨਾਲ ਲੱਥਪੱਥ ਕੱਪੜਿਆਂ ਵਾਲਾ ਸੂਟਕੇਸ ਸਾੜਨ ਦੇ ਮਾਮਲੇ ਦੀ ਜਾਂਚ ਦੇ ਹੁਕਮ ਜਾਰੀ ਕੀਤੇ ਹਨ। ਹਾਲਾਂਕਿ ਪੁਲੀਸ ਮੁਖੀ ਨੇ ਕਿਹਾ ਕਿ ਅਜਿਹੀ ਕੋਈ ਗੱਲ ਨਹੀਂ ਹੈ ਅਤੇ ਨਾ ਹੀ ਗੁਰਦੁਆਰੇ ’ਚੋਂ ਖੂਨ ਨਾਲ ਲਿਬੜੇ ਹੋਏ ਕੱਪੜੇ ਮਿਲਣ ਵਾਲੇ ਉਨ੍ਹਾਂ ਨੂੰ ਕੋਈ ਜਾਣਕਾਰੀ ਹੈ ਪ੍ਰੰਤੂ ਇਸ ਸਬੰਧੀ ਮੀਡੀਆ ਵਿੱਚ ਪ੍ਰਕਾਸ਼ਿਤ ਹੋਈਆਂ ਖ਼ਬਰਾਂ ਨੂੰ ਆਧਾਰ ਬਣਾ ਕੇ ਇਸ ਮਾਮਲੇ ਦੀ ਤੈਅ ਤੱਕ ਜਾਣ ਲਈ ਐਸਪੀ (ਡੀ) ਜੇ.ਐਸ. ਤੇਜ਼ਾ ਦੀ ਅਗਵਾਈ ਹੇਠ ਵਿਸ਼ੇਸ਼ ਜਾਂਚ ਕਮੇਟੀ ਦਾ ਗਠਨ ਕੀਤਾ ਗਿਆ ਹੈ ਅਤੇ ਜਾਂਚ ਟੀਮ ਨੂੰ ਜਲਦੀ ਪੜਤਾਲੀਆਂ ਰਿਪੋਰਟ ਦੇਣ ਲਈ ਆਖਿਆ ਗਿਆ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨ ਪਹਿਲਾਂ ਗੁਰਦੁਆਰੇ ’ਚੋਂ ਖੂਨ ਨਾਲ ਲਿਬੜੇ ਕੱਪੜੇ ਅਤੇ ਚੱਪਲਾਂ ਮਿਲਣ ਦਾ ਮਾਮਲਾ ਸਾਹਮਣੇ ਆਇਆ ਸੀ। ਗੁਰਦੁਆਰਾ ਅੰਬ ਸਾਹਿਬ ਦੇ ਮੈਨੇਜਰ ਭਾਈ ਜਗੀਰ ਸਿੰਘ ਨੇ ਵੀ ਗੁਰਦੁਆਰੇ ਦੇ ਗੇਟ ਕੋਲੋਂ ਅਜਿਹਾ ਸੂਟਕੇਸ ਮਿਲਣ ਦੀ ਪੁਸ਼ਟੀ ਕੀਤੀ ਸੀ। ਜਿਸ ਵਿੱਚ ਖੂਨ ਨਾਲ ਲਿਬੜੇ ਕੱਪੜੇ ਸਨ। ਪੀੜਤ ਪਰਿਵਾਰ ਵੱਲੋਂ ਕਿਹਾ ਜਾ ਰਿਹਾ ਸੀ ਕਿ ਪੁਲੀਸ ਨੇ ਸਬੂਤ ਮਿਟਾਉਣ ਲਈ ਇਹ ਕੱਪੜੇ ਸਾੜ ਦਿੱਤੇ ਹਨ।
(ਬਾਕਸ ਆਈਟਮ-2)
ਉਧਰ, ਸੀਰਤ ਦਾ ਕਹਿਣਾ ਹੈ ਕਿ ਘਟਨਾ ਵਾਲੇ ਦਿਨ ਉਹ ਇਤਿਹਾਸਕ ਗੁਰਦੁਆਰਾ ਅੰਬ ਸਾਹਿਬ ਵਿੱਚ ਨਹੀਂ ਗਈ ਸੀ ਅਤੇ ਨਾ ਹੀ ਉਸ ਨੇ ਉੱਥੇ ਕੋਈ ਖੂਨ ਨਾਲ ਲਿਬੜੇ ਹੋਏ ਕੱਪੜਿਆਂ ਵਾਲਾ ਸੂਟਕੇਸ ਛੱਡਿਆ ਸੀ। ਸੀਰਤ ਨੇ ਇਹ ਵੀ ਸਪੱਸ਼ਟ ਕੀਤਾ ਕਿ ਉਹ ਏਕਮ ਦੀ ਮੌਤ ਤੋਂ ਬਾਅਦ ਬਹੁਤ ਘਬਰਾ ਗਈ ਸੀ ਅਤੇ ਨਾਈਟ ਸੂਟ ਵਿੱਚ ਹੀ ਚੰਡੀਗੜ੍ਹ ਭੱਜ ਗਈ ਸੀ ਅਤੇ ਉੱਥੋਂ ਹੀ ਉਸ ਨੇ ਪੁਲੀਸ ਨੂੰ ਫੋਨ ਕਰਕੇ ਬੁਲਾਇਆ ਸੀ ਅਤੇ ਖ਼ੁਦ ਪੁਲੀਸ ਕੋਲ ਪੇਸ਼ ਹੋਈ ਸੀ। ਸੀਰਤ ਨੇ ਉਸ ਨੇ ਨਾਈਟ ਸੂਟ ਵਿੱਚ ਹੀ ਪੁਲੀਸ ਕੋਲ ਆਤਮ ਸਮਰਮਣ ਕੀਤਾ ਸੀ। ਸੀਰਤ ਨੇ ਇਹ ਵੀ ਸਾਫ਼ ਕੀਤਾ ਕਿ ਉਹ ਵਾਰਦਾਤ ਤੋਂ ਬਾਅਦ ਕਿਸੇ ਸਲੂਨ ਵਿੱਚ ਨਹੀਂ ਗਈ ਸੀ।

Load More Related Articles
Load More By Nabaz-e-Punjab
Load More In Crime & Police

Check Also

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ ਵਿਦੇਸ਼ੀ ਮੂਲ ਦੇ …