
ਬਜ਼ੁਰਗ ਮਨਮੋਹਨ ਬਿੰਦਰਾ ਨੇ ਗੁਰਦੁਆਰਾ ਸਾਚਾ ਧਨ ਸਾਹਿਬ ਦੇ ਨਾਂ ਕੀਤੀ ਆਪਣੀ ਕੋਠੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 14 ਮਾਰਚ:
ਇੱਥੋਂ ਦੇ ਫੇਜ਼-3ਬੀ2 ਦੇ ਵਸਨੀਕ ਮਨਮੋਹਨ ਸਿੰਘ ਬਿੰਦਰਾ (ਜੋ 1978 ਤੋਂ ਮੁਹਾਲੀ ਵਿੱਚ ਰਹਿ ਰਹੇ ਹਨ) ਨੇ ਆਪਣੀ 10 ਮਰਲੇ ਦੀ ਕੋਠੀ ਨੰਬਰ 1667, ਗੁਰਦੁਆਰਾ ਸਾਚਾ ਧੰਨ ਸਾਹਿਬ ਨੂੰ ਭੇਂਟ ਕਰ ਦਿੱਤੀ ਹੈ। ਉਨ੍ਹਾਂ ਨੇ ਮਕਾਨ ਦੀ ਰਜਿਸਟਰੀ ਗੁਰਦੁਆਰਾ ਸਾਚਾ ਧੰਨ ਸਾਹਿਬ ਦੇ ਨਾਮ ’ਤੇ ਕਰਵਾ ਦਿੱਤੀ ਹੈ ਅਤੇ ਉਨ੍ਹਾਂ ਨੇ ਅੱਜ ਕੋਠੀ ਦੇ ਦਸਤਾਵੇਜ਼ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨੂੰ ਸੌਂਪ ਦਿੱਤੇ ਹਨ। ਮਨਮੋਹਨ ਸਿੰਘ ਬਿੰਦਰਾ ਦੇ ਪਰਿਵਾਰ ਵਿੱਚ ਦੋ ਬੇਟੇ ਅਤੇ ਇਕ ਬੇਟੀ ਹੈ। ਉਨ੍ਹਾਂ ਦੇ ਸਾਰੇ ਬੱਚੇ ਸਭ ਚੜ੍ਹਦੀ ਕਲਾ ਵਿੱਚ ਹਨ ਅਤੇ ਵਿਦੇਸ਼ੀ ਮੁਲਕ ਵਿੱਚ ਰਹਿੰਦੇ ਹਨ।
ਅੱਜ ਇੱਥੇ ਇਹ ਜਾਣਕਾਰੀ ਮੀਡੀਆ ਨਾਲ ਸਾਂਝੀ ਕਰਦਿਆਂ ਗੁਰਦੁਆਰਾ ਸਾਚਾ ਧੰਨ ਸਾਹਿਬ ਦੇ ਬੁਲਾਰੇ ਨੇ ਦੱਸਿਆ ਕਿ ਮਨਮੋਹਨ ਸਿੰਘ ਬਿੰਦਰਾ ਪਿਛਲੇ ਲੰਮੇ ਸਮੇਂ ਤੋਂ ਗੁਰਦੁਆਰਾ ਸਾਚਾ ਧਨ ਸਾਹਿਬ ਨਾਲ ਜੁੜੇ ਹੋਏ ਹਨ ਅਤੇ ਗੁਰਦੁਆਰਾ ਸਾਹਿਬ ਦੀ ਜਗ੍ਹਾ ਅਤੇ ਇਮਾਰਤ ਬਣਾਉਣ ਵਿੱਚ ਵੀ ਉਨ੍ਹਾਂ ਦਾ ਬਹੁਤ ਵੱਡਾ ਯੋਗਦਾਨ ਰਿਹਾ ਹੈ।
ਗੁਰਦੁਆਰਾ ਸਾਚਾ ਧੰਨ ਸਾਹਿਬ ਵਿੱਚ ਆਯੋਜਿਤ ਇੱਕ ਸਮਾਗਮ ਦੌਰਾਨ ਸੰਗਤ ਵੱਲੋਂ ਮਨਮੋਹਨ ਸਿੰਘ ਬਿੰਦਰਾ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸ੍ਰੀ ਬਿੰਦਰਾ ਨੇ ਕਿਹਾ ਕਿ ਉਹ ਗੁਰੂ ਨੂੰ ਘਰ ਦੇਣ ਵਾਲੇ ਕੌਣ ਹੁੰਦੇ ਹਨ ਬਲਕਿ ਇਹ ਘਰ ਉਨ੍ਹਾਂ ਨੂੰ ਗੁਰੂ ਨੇ ਰਹਿਣ ਲਈ ਦਿੱਤਾ ਸੀ ਜੋ ਉਨ੍ਹਾਂ ਨੇ ਹੁਣ ਗੁਰੂ ਨੂੰ ਵਾਪਸ ਕਰ ਦਿੱਤਾ ਹੈ। ਇਸ ਮੌਕੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਗਿੱਲ, ਜਥੇਦਾਰ ਅਰਜਨ ਸਿੰਘ ਸ਼ੇਰਗਿੱਲ, ਰਵਿੰਦਰ ਸਿੰਘ, ਜਸਵੰਤ ਸਿੰਘ, ਬਲਵਿੰਦਰ ਸਿੰਘ, ਜਨਰਲ ਸਕੱਤਰ ਭਜਨ ਸਿੰਘ, ਹਰਮੋਹਿੰਦਰ ਸਿੰਘ, ਭਗਵਾਨ ਸਿੰਘ, ਮੀਤ ਪ੍ਰਧਾਨ ਸੁਖਵਿੰਦਰ ਸਿੰਘ, ਸੋਮਪਾਲ ਸਿੰਘ ਹੋਰ ਕਮੇਟੀ ਮੈਂਬਰ ਅਤੇ ਸੰਗਤ ਹਾਜ਼ਰ ਸਨ।