Nabaz-e-punjab.com

ਬਜ਼ੁਰਗ ਸਾਡੇ ’ਤੇ ਬੋਝ ਨਹੀਂ ਸਗੋਂ ਸਾਡਾ ਕੀਮਤੀ ਸਰਮਾਇਆ ਹਨ: ਸਿੱਧੂ

ਜ਼ਿਲ੍ਹਾ ਹਸਪਤਾਲ ਵਿੱਚ ਸਮਾਗਮ ਦੌਰਾਨ ਬਜ਼ੁਰਗਾਂ ਨੂੰ ਵੰਡੇ ਦੰਦਾਂ ਦੇ ਮੁਫ਼ਤ ਸੈੱਟ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 2 ਦਸੰਬਰ:
‘ਬਜ਼ੁਰਗ ਬੋਝ ਨਹੀਂ ਸਗੋਂ ਸਾਡਾ ਕੀਮਤੀ ਸਰਮਾਇਆ ਹਨ। ਬਜ਼ੁਰਗਾਂ ਦੀ ਸਾਂਭ-ਸੰਭਾਲ ਕਰਨਾ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਅਤੇ ਫ਼ਰਜ਼ ਹੈ। ਪੰਜਾਬ ਸਰਕਾਰ ਦੀ ਪੂਰੀ ਕੋਸ਼ਿਸ਼ ਹੈ ਕਿ ਸੂਬੇ ਦਾ ਕੋਈ ਵੀ ਬਜ਼ੁਰਗ ਮੁਫ਼ਤ ਡਾਕਟਰੀ ਇਲਾਜ ਤੋਂ ਵਾਂਝਾ ਨਾ ਰਹੇ।’ ਇਹ ਸ਼ਬਦ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਦੰਦਾਂ ਦੀ ਜਾਂਚ ਅਤੇ ਇਲਾਜ ਦੇ ਪੰਦਰਵਾੜੇ ਦੀ ਸਮਾਪਤੀ ਮੌਕੇ ਜ਼ਿਲ੍ਹਾ ਹਸਪਤਾਲ ਵਿਚ ਹੋਏ ਸਮਾਗਮ ਦੌਰਾਨ ਲੋਕਾਂ ਨੂੰ ਸੰਬੋਧਨ ਕਰਦਿਆਂ ਕਹੇ। ਸ੍ਰੀ ਸਿੱਧੂ ਨੇ ਸਮਾਗਮ ਦੌਰਾਨ ਬਜ਼ੁਰਗਾਂ ਨੂੰ ਦੰਦਾਂ ਦੀਆਂ ਬੀੜਾਂ (ਡੈਂਚਰ) ਵੰਡਣ ਮਗਰੋਂ ਕਿਹਾ ਕਿ ਸੂਬੇ ਦੇ ਸੀਨੀਅਰ ਸਿਟੀਜ਼ਨਾਂ ਨੂੰ ਸਰਕਾਰੀ ਸਿਹਤ ਸੰਸਥਾਵਾਂ ਵਿਚ ਮੁਫ਼ਤ ਜਾਂਚ ਅਤੇ ਇਲਾਜ ਦੀ ਸਹੂਲਤ ਮੁਹਈਆ ਕਰਵਾਈ ਜਾ ਰਹੀ ਹੈ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਮੁਫ਼ਤ ਸਹੂਲਤਾਂ ਦਾ ਦਾਇਰਾ ਵਧਾਉਣ ਲਈ ਪੂਰੇ ਯਤਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਵਿਚ ਡਾਕਟਰਾਂ, ਨਰਸਾਂ ਤੇ ਪੈਰਾ ਮੈਡੀਕਲ ਸਟਾਫ਼ ਦੀ ਭਰਤੀ ਦਾ ਕੰਮ ਜ਼ੋਰ-ਸ਼ੋਰ ਨਾਲ ਚੱਲ ਰਿਹਾ ਹੈ ਤਾਕਿ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਦਾ ਵੱਧ ਤੋਂ ਵੱਧ ਲਾਭ ਦਿਤਾ ਜਾ ਸਕੇ।
ਪੰਜਾਬ ਸਰਕਾਰ ਦੁਆਰਾ ਪਿੱਛੇ ਜਿਹੇ ਸ਼ੁਰੂ ਕੀਤੀ ਗਈ ਸਰਬੱਤ ਸਿਹਤ ਬੀਮਾ ਯੋਜਨਾ ਬਾਰੇ ਗੱਲ ਕਰਦਿਆਂ ਸਿਹਤ ਮੰਤਰੀ ਨੇ ਦੱਸਿਆ ਕਿ ਲੋਕਾਂ ਨੂੰ ਪੰਜ ਲੱਖ ਰੁਪਏ ਤਕ ਦਾ ਮੁਫ਼ਤ ਇਲਾਜ ਦੇਣ ਵਾਲੀ ਇਸ ਯੋਜਨਾ ਦਾ ਹੁਣ ਤਕ ਸੂਬੇ ਦੇ 50 ਹਜ਼ਾਰ ਤੋਂ ਵੱਧ ਲੋਕਾਂ ਨੇ ਫਾਇਦਾ ਲਿਆ ਹੈ ਅਤੇ ਲਗਭਗ 47 ਲੱਖ ਕਾਰਡ ਹੁਣ ਤਕ ਜਾਰੀ ਕੀਤੇ ਗਏ ਹਨ। ਉਨ੍ਹਾਂ ਦਸਿਆ ਕਿ ਇਸ ਯੋਜਨਾ ਤਹਿਤ ਸੂਬਾ ਸਰਕਾਰ ਨੇ ਲੋਕਾਂ ਦੁਆਰਾ ਵੱਖ ਵੱਖ ਹਸਪਤਾਲਾਂ ਵਿੱਚ ਕਰਵਾਏ ਗਏ ਮੁਫ਼ਤ ਇਲਾਜ ਦੇ ਇਵਜ਼ ਵਿਚ 67 ਕਰੋੜ ਰੁਪਏ ਜਾਰੀ ਕੀਤੇ ਹਨ। ਸ੍ਰੀ ਸਿੱਧੂ ਨੇ ਕਿਹਾ ਕਿ ਇਸ ਵਕਾਰੀ ਯੋਜਨਾ ਦਾ ਸੂਬੇ ਦੇ ਪੱਤਰਕਾਰਾਂ ਨੂੰ ਵੀ ਲਾਭ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਚੰਗਾ ਕੰਮ ਕਰਨ ਵਾਲੇ ਡਾਕਟਰਾਂ ਅਤੇ ਹੋਰ ਸਟਾਫ਼ ਨੂੰ ਸ਼ਾਬਾਸ਼ੀ ਦੇਣਾ ਬਤੌਰ ਸਿਹਤ ਮੰਤਰੀ ਉਨ੍ਹਾਂ ਦਾ ਫ਼ਰਜ਼ ਹੈ। ਉਨ੍ਹਾਂ ਐਲਾਨ ਕੀਤਾ ਕਿ ਜਿਹੜੇ ਡਾਕਟਰਾਂ ਦੀ ਕਾਰਗੁਜ਼ਾਰੀ ਚੰਗੀ ਤੇ ਸੁਚੱਜੀ ਹੋਵੇਗੀ, ਉਨ੍ਹਾਂ ਦਾ ਵਿਸ਼ੇਸ਼ ਸਮਾਗਮ ਦੌਰਾਨ ਸਨਮਾਨ ਕੀਤਾ ਜਾਵੇਗਾ।
ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਸਮਾਗਮ ਨੂੰ ਸੰਬੋਧਨ ਕਰਦਿਆਂ ਦਸਿਆ ਕਿ ਸਿਹਤ ਵਿਭਾਗ ਦੁਆਰਾ ਲੋੜਵੰਦ ਮਰੀਜ਼ਾਂ ਨੂੰ ਜ਼ਿਲ੍ਹਾ ਮੁਹਾਲੀ ਵਿੱਚ 155 ਡੈਂਚਰ ਮੁਫ਼ਤ ਵੰਡੇ ਗਏ ਹਨ। ਉਨ੍ਹਾਂ ਕਿਹਾ ਕਿ ਨਿੱਜੀ ਹਸਪਤਾਲਾਂ ਵਿੱਚ ਇਕ ਡੈਂਚਰ ਲਗਵਾਉਣ ’ਤੇ ਅੌਸ਼ਤਨ 8-10 ਹਜ਼ਾਰ ਰੁਪਏ ਦਾ ਖ਼ਰਚਾ ਆ ਜਾਂਦਾ ਹੈ ਪਰ ਸਿਹਤ ਵਿਭਾਗ ਦੁਆਰਾ ਬਹੁਤ ਵਧੀਆ ਮਿਆਰ ਵਾਲੇ ਦੰਦਾਂ ਦੇ ਸੈਟ ਬਿਲਕੁਲ ਮੁਫ਼ਤ ਦਿਤੇ ਗਏ ਹਨ। ਉਨ੍ਹਾਂ ਦਸਿਆ ਕਿ ਇਹ ਪੰਦਰਵਾੜਾ 16 ਨਵੰਬਰ ਤੋਂ ਸ਼ੁਰੂ ਹੋਇਆ ਸੀ ਜਿਸ ਦੌਰਾਨ ਜ਼ਿਲ੍ਹੇ ਵਿਚ ਲਗਭਗ 3500 ਮਰੀਜ਼ਾਂ ਦੇ ਦੰਦਾਂ ਦੀ ਜਾਂਚ ਅਤੇ ਇਲਾਜ ਕੀਤਾ ਗਿਆ। ਸਮਾਗਮ ਵਿਚ ਸਿਹਤ ਮੰਤਰੀ ਦੇ ਸਿਆਸੀ ਸਕੱਤਰ ਹਰਕੇਸ਼ ਚੰਦ ਸ਼ਰਮਾ, ਓਐਸਡੀ ਡਾ. ਬਲਵਿੰਦਰ ਸਿੰਘ, ਐਸਐਮਓ ਡਾ. ਮਨਜੀਤ ਸਿੰਘ, ਐਸਐਮਓ ਡਾ. ਵਿਜੈ ਭਗਤ, ਸਿਹਤ ਮੰਤਰੀ ਦੇ ਮੀਡੀਆ ਸਲਾਹਕਾਰ ਰੋਹਿਤ ਪਾਲ, ਜ਼ਿਲ੍ਹਾ ਡੈਂਟਲ ਅਫ਼ਸਰ ਡਾ. ਗੁਰਜੋਤ ਕੌਰ, ਡਾ. ਸਿਮਰਨ, ਡਾ. ਸ਼ਿਵਾਨੀ, ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਗੁਰਦੀਪ ਕੌਰ ਵੀ ਮੌਜੂਦ ਸਨ।
(ਬਾਕਸ ਆਈਟਮ): ਸਿਹਤਮੰਦ ਦੰਦਾਂ ਲਈ ਤੰਬਾਕੂ ਤੋਂ ਬਚੋ
ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਕਿਹਾ ਕਿ ਦੰਦਾਂ ਦੀ ਸਹੀ ਢੰਗ ਨਾਲ ਸਫ਼ਾਈ ਅਤੇ ਸੰਭਾਲ ਬੇਹੱਦ ਜ਼ਰੂਰੀ ਹੈ। ਕਈ ਵਾਰ ਅਸੀਂ ਦੰਦ ਪੀੜ ਨੂੰ ਮਾਮੂਲੀ ਗੱਲ ਸਮਝ ਕੇ ਅਣਡਿੱਠ ਕਰ ਦਿੰਦੇ ਹਾਂ ਪਰ ਅਜਿਹੀ ਹਾਲਤ ਵਿਚ ਤੁਰੰਤ ਡਾਕਟਰ ਨਾਲ ਰਾਬਤਾ ਕਾਇਮ ਕਰਨਾ ਚਾਹੀਦਾ ਹੈ ਕਿਉਂਕਿ ਦੰਦ ਪੀੜ ਦੰਦ ਦੇ ਖ਼ਰਾਬ ਹੋਣ ਦਾ ਸੰਕੇਤ ਹੋ ਸਕਦੀ ਹੈ। ਤੰਬਾਕੂ ਆਦਿ ਦੀ ਵਰਤੋਂ ਤੋਂ ਪ੍ਰਹੇਜ਼ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਸਿਹਤਮੰਦ ਦੰਦਾਂ ਲਈ ਸਹੀ ਢੰਗ ਨਾਲ ਬਰੱਸ਼ ਕੀਤਾ ਜਾਵੇ। ਬਹੁਤ ਜ਼ੋਰ ਨਾਲ ਬਰੱਸ਼ ਨਾ ਕੀਤਾ ਅਤੇ ਮਸੂੜਿਆਂ ਉਤੇ ਬਰੱਸ਼ ਨਾ ਕੀਤਾ ਜਾਵੇ। ਹਰ ਤਿੰਨ ਮਹੀਨੇ ਮਗਰੋਂ ਬਰੱਸ਼ ਬਦਲਿਆ ਜਾਵੇ। ਬਹੁਤ ਜ਼ਿਆਦਾ ਠੰਢਾ ਜਾਂ ਗਰਮ ਲੱਗਣ ’ਤੇ ਡਾਕਟਰ ਦੀ ਸਲਾਹ ਲਈ ਜਾਵੇ। ਉਨ੍ਹਾਂ ਕਿਹਾ ਕਿ ਰਾਤ ਨੂੰ ਸੌਣ ਵੇਲੇ ਦੰਦਾਂ ਦੀ ਬੀੜ ਨੂੰ ਪਾਣੀ ਵਿੱਚ ਪਾ ਕੇ ਰਖਿਆ ਜਾਵੇ। ਹਰ ਰੋਜ਼ ਸਵੇਰੇ ਅਤੇ ਰਾਤ ਨੂੰ ਸੌਣ ਤੋਂ ਪਹਿਲਾਂ ਬਰੱਸ਼ ਕਰਨ ਦੀ ਆਦਤ ਪਾਈ ਜਾਵੇ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ ਮੀਟਿੰਗ ਵਿੱਚ…