
ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਹਰਬੰਤ ਸਿੰਘ ਬਾਜਵਾ ਵੱਲੋਂ ਆਪ ਦੇ ਉਮੀਦਵਾਰ ਕੰਵਰ ਸੰਧੂ ਹੱਕ ਵਿੱਚ ਚੋਣ ਪ੍ਰਚਾਰ
ਭੁਪਿੰਦਰ ਸਿੰਗਾਰੀਵਾਲ
ਨਬਜ਼-ਏ-ਪੰਜਾਬ ਬਿਊਰੋ, ਨਵਾਂ ਗਰਾਓਂ, 23 ਜਨਵਰੀ:
ਨਗਰ ਕੌਂਸਲ ਨਵਾਂ ਗਰਾਓਂ ਦੇ ਸਾਬਕਾ ਪ੍ਰਧਾਨ ਤੇ ਅਕਾਲੀ ਦਲ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਹਰਬੰਤ ਸਿੰਘ ਬਾਜਵਾ ਨੇ ਆਪ ਉਮੀਦਵਾਰ ਕੰਵਰ ਸੰਧੂ ਦੇ ਹੱਕ ਵਿੱਚ ਨਵਾਂ ਗਰਾਓਂ ਦੀਆਂ ਵੱਖ-ਵੱਖ ਕਲੋਨੀਆਂ ਅਤੇ ਹੋਰ ਨੇੜਲੇ ਪਿੰਡਾਂ ਵਿੱਚ ਚੋਣ ਪ੍ਰਚਾਰ ਕਰਕੇ ਸ੍ਰੀ ਸੰਧੂ ਦੀ ਚੋਣ ਮੁਹਿੰਮ ਨੂੰ ਪੂਰੀ ਤਰ੍ਹਾਂ ਭਖਾ ਦਿੱਤਾ ਹੈ। ਉਨ੍ਹਾਂ ਇਲਾਕੇ ਨਿਵਾਸੀਆਂ ਤੋਂ ਨਵਾਂ ਗਰਾਓਂ ਦੇ ਸਰਬਪੱਖੀ ਵਿਕਾਸ ਲਈ ਐਤਕੀਂ ਆਪ ਦੇ ਹੱਕ ਵਿੱਚ ਫਤਵਾ ਦੇਣ ਦੀ ਮੰਗ ਕੀਤੀ। ਸ੍ਰੀ ਬਾਜਵਾ ਨੇ ਆਪ ਆਗੂ ਨੂੰ ਸਥਾਨਕ ਖੇਤਰ ਵਿੱਚ ਵਿਕਾਸ ਦੀ ਅਣਹੋਂਦ ਕਾਰਨ ਪੈਦਾ ਹੋਈਆਂ ਸਮੱਸਿਆਵਾਂ ਤੋਂ ਜਾਣੂ ਕਰਵਾਉਂਦਿਆਂ ਚੋਣ ਜਿੱਤਣ ਤੋਂ ਬਾਅਦ ਪਹਿਲ ਦੇ ਅਧਾਰ ਵਿਕਾਸ ਕਰਵਾਉਣ ਦੀ ਅਪੀਲ ਕੀਤੀ।
ਇਸ ਮੌਕੇ ਆਪ ਦੇ ਉਮੀਦਵਾਰ ਕੰਵਰ ਸਿੰਘ ਸੰਧੂ ਨੇ ਲੋਕਾਂ ਨੂੰ ਅਕਾਲੀ-ਭਾਜਪਾ ਸਰਕਾਰ ਨੇ ਪਿਛਲੇ 10 ਸਾਲਾਂ ਵਿੱਚ ਵਿਕਾਸ ਨੂੰ ਪਹਿਲ ਦੇਣ ਦੀ ਬਜਾਏ ਸਰਕਾਰੀ ਜਬਰ ਜੁਲਮ ਅਤੇ ਧੱਕੇਸ਼ਾਹੀਆਂ ਦੀਆਂ ਸਾਰੀਆਂ ਹੱਦਾਂ ਪਾਰ ਦਿੱਤੀਆਂ ਹਨ। ਇਹੀ ਨਹੀਂ ਇਸ ਤੋਂ ਪਹਿਲਾਂ ਕਾਂਗਰਸ ਦੀਆਂ ਸਰਕਾਰਾਂ ਨੇ ਵੀ ਵਿਕਾਸ ਨੂੰ ਤਰਜੀਹ ਦੇਣ ਦੀ ਥਾਂ ਸਾਰਾ ਸਮਾਂ ਮੁਲਾਹਜੇਦਾਰੀਆਂ ਪੁਗਾਉਣ ਵਿੱਚ ਲੰਘਾ ਦਿੱਤਾ ਸੀ। ਉਨ੍ਹਾਂ ਲੋਕਾਂ ਨੂੰ ਆਪ ਦੇ ਹੱਥ ਮਜਬੂਤ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਅਕਾਲੀ-ਭਾਜਪਾ ਗੱਠਜੋੜ ਅਤੇ ਕਾਂਗਰਸ ਦੇ ਸ਼ਾਸਨ ਨੂੰ ਪੰਜਾਬ ਦੇ ਲੋਕ ਚੰਗੀ ਤਰ੍ਹਾਂ ਪਰਖ ਚੁੱਕੇ ਹਨ। ਇਸ ਲਈ ਹੁਣ ਪੰਜਾਬ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਆਪ ਦੇ ਹੱਕ ਵਿੱਚ ਫਤਵਾ ਦਿੱਤਾ ਜਾਵੇ। ਇਸ ਮੌਕੇ ਆਪ ਦੇ ਯੂਥ ਆਗੂ ਜਗਦੇਵ ਸਿੰਘ ਮਲੋਆ, ਕੌਂਸਲਰ ਗਰਜਾ ਸਿੰਘ, ਸਾਬਕਾ ਅਧਿਕਾਰੀ ਕੁਲਵੰਤ ਸਿੰਘ, ਯੂਥ ਆਗੂ ਪ੍ਰਭਜੋਤ ਸਿੰਘ ਬਾਜਵਾ, ਪ੍ਰਿਤਪਾਲ ਸਿੰਘ, ਜਗਤਾਰ ਨਾਢਾ ਅਤੇ ਨਵਾਂ ਗਰਾਓਂ ਖੇਤਰ ਦੇ ਹੋਰ ਮੋਹਤਵਰ ਵਿਅਕਤੀ ਹਾਜ਼ਰ ਸਨ।