nabaz-e-punjab.com

ਲੋਕ ਸਭਾ ਚੋਣਾਂ ਸਬੰਧੀ ਚੋਣ ਪ੍ਰਚਾਰ ਬੰਦ: ਆਖ਼ਰੀ ਦਿਨ ਵੱਖ ਵੱਖ ਉਮੀਦਵਾਰਾਂ ਨੇ ਪੂਰੀ ਤਾਕਤ ਲਗਾਈ

ਉਮੀਦਵਾਰਾਂ ਦੇ ਹੱਕ ਵਿੱਚ ਪ੍ਰਚਾਰ ਲਈ ਆਏ ਬਾਹਰਲੇ ਬੰਦਿਆਂ, ਰਿਸ਼ਤੇਦਾਰਾਂ ਤੇ ਸਮਰਥਕਾਂ ਨੂੰ ਜ਼ਿਲ੍ਹਾ ਛੱਡਣ ਦੇ ਹੁਕਮ

ਜ਼ਿਲ੍ਹਾ ਮੁਹਾਲੀ ਦੀ ਹੱਦ ਵਿੱਚ ਜਨਤਕ ਮੀਟਿੰਗਾਂ, ਇਕੱਠ ਤੇ ਵਿਖਾਵਾ ਕਰਨ ਅਤੇ ਨਾਅਰੇ ਲਗਾਉਣ ’ਤੇ ਵੀ ਲੱਗੀ ਪਾਬੰਦੀ

23 ਮਈ ਨੂੰ ਵੋਟਾਂ ਦੀ ਗਿਣਤੀ ਸਬੰਧੀ ਗਿਣਤੀ ਕੇਂਦਰਾਂ ਦੇ ਆਲੇ-ਦੁਆਲੇ ਇਕੱਠ ਹੋਣ ’ਤੇ ਪਾਬੰਦੀ ਦੇ ਹੁਕਮ ਜਾਰੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 17 ਮਈ:
ਪੰਜਾਬ ਵਿੱਚ 19 ਮਈ ਨੂੰ ਹੋਣ ਵਾਲੀਆਂ ਲੋਕ ਸਭਾ ਦੀਆਂ ਚੋਣਾਂ ਸਬੰਧੀ ਸ਼ੁੱਕਰਵਾਰ ਸ਼ਾਮ ਨੂੰ 6 ਵਜੇ ਚੋਣ ਪ੍ਰਚਾਰ ਬੰਦ ਹੋ ਗਿਆ ਹੈ। ਸ੍ਰੀ ਆਨੰਦਪੁਰ ਸਾਹਿਬ ਹਲਕੇ ਤੋਂ ਚੋਣ ਲੜ ਰਹੇ ਵੱਖ-ਵੱਖ ਉਮੀਦਵਾਰਾਂ ਨੇ ਅੱਜ ਚੋਣ ਪ੍ਰਚਾਰ ਲਈ ਆਪਣੀ ਪੂਰੀ ਤਾਕਤ ਲਗਾ ਦਿੱਤੀ। ਉਮੀਦਵਾਰਾਂ ਨੇ ਅੱਜ ਪੂਰਾ ਦਿਨ ਚੋਣ ਪ੍ਰਚਾਰ ’ਤੇ ਜ਼ੋਰ ਦਿੱਤਾ। ਲਗਾਤਾਰ ਕਈ-ਕਈ ਮੀਟਿੰਗਾਂ ਅਤੇ ਚੋਣ ਜਲਸੇ ਕਰਕੇ ਲੋਕਾਂ ਤੱਕ ਪਹੁੰਚ ਕਰਨ ਦਾ ਕੋਈ ਮੌਕਾ ਨਹੀਂ ਖੁੰਝਣ ਦਿੱਤਾ। ਉਧਰ, ਅੱਜ ਚੋਣ ਪ੍ਰਚਾਰ ਖਤਮ ਹੁੰਦਿਆਂ ਹੀ ਚੋਣ ਅਬਜ਼ਰਵਰ ਅਤੇ ਜ਼ਿਲ੍ਹਾ ਪੁਲੀਸ ਸਰਗਰਮ ਹੋ ਗਈ ਹੈ। ਕਿਉਂਕਿ ਖ਼ੁਫ਼ੀਆ ਵਿਭਾਗ ਦੀਆਂ ਰਿਪੋਰਟਾਂ ਦੇ ਮੁਤਾਬਕ ਵੋਟਰਾਂ ਨੂੰ ਭਰਮਾਉਣ ਲਈ 17 ਅਤੇ 18 ਮਈ ਦੀਆਂ ਰਾਤਾਂ ਨੂੰ ਪੈਸੇ, ਸ਼ਰਾਬ ਅਤੇ ਹੋਰ ਸਾਜੋ-ਸਾਮਾਨ ਵੰਡਿਆ ਜਾ ਸਕਦਾ ਹੈ। ਸੂਤਰਾਂ ਅਨੁਸਾਰ ਰਾਜਸੀ ਪਾਰਟੀਆਂ ਵੱਲੋਂ ਪਰਵਾਸੀ ਮਜ਼ਦੂਰਾਂ ਦੀਆਂ ਕਲੋਨੀਆਂ ਅਤੇ ਗ਼ਰੀਬ ਲੋਕਾਂ ਦੀਆਂ ਬਸਤੀਆਂ ਵਿੱਚ ਇਸ ਕੰਮ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਰਿਪੋਰਟਾਂ ਨੂੰ ਆਧਾਰ ਬਣਾ ਕੇ ਪੁਲੀਸ ਸਮੇਤ ਉਡਣ ਦਸਤਿਆਂ ਵੱਲੋਂ ਇਸ ਸਬੰਧੀ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ।
ਮੁਹਾਲੀ ਦੇ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਮੈਜਿਸਟਰੇਟ ਸ੍ਰੀਮਤੀ ਗੁਰਪ੍ਰੀਤ ਕੌਰ ਸਪਰਾ ਨੇ 19 ਮਈ ਨੂੰ ਹੋਣ ਵਾਲੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਫੌਜਦਾਰੀ ਜ਼ਾਬਤਾ ਸੰਘਤਾ 1973 ( 1974 ਦਾ ਐਕਟ ਨੰਬਰ 2) ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਲੋਕ ਸਭਾ ਚੋਣ ਲੜ ਰਹੇ ਉਮੀਦਵਾਰਾਂ ਦੇ ਹੱਕ ਵਿੱਚ ਪ੍ਰਚਾਰ ਕਰਨ ਲਈ ਆਏ ਬਾਹਰਲੇ ਜ਼ਿਲ੍ਹਿਆਂ ਅਤੇ ਸੂਬਿਆਂ ਦੇ ਵਿਅਕਤੀਆਂ, ਰਿਸ਼ਤੇਦਾਰਾਂ ਅਤੇ ਸਮਰਥਕਾਂ (ਜੇ ਉਹ ਜ਼ਿਲ੍ਹਾ ਮੁਹਾਲੀ ਦੇ ਵੋਟਰ ਨਹੀਂ ਹਨ) ਨੂੰ ਅੱਜ ਸ਼ਾਮ 6 ਵਜੇ ਚੋਣ ਪ੍ਰਚਾਰ ਖਤਮ ਹੋਣ ਤੋਂ ਤੁਰੰਤ ਬਾਅਦ ਐਸ.ਏ.ਐਸ. ਨਗਰ (ਮੁਹਾਲੀ) ਤੋਂ ਚਲੇ ਜਾਣ ਲਈ ਇਕਤਰਫ਼ਾ ਹੁਕਮ ਜਾਰੀ ਕੀਤਾ ਗਿਆ ਹੈ। ਜ਼ਿਲ੍ਹਾ ਮੈਜਿਸਟੇਰਟ ਨੇ ਦੱਸਿਆ ਕਿ ਇਹ ਹੁਕਮ ਸਿਵਲ ਪਰਸੋਨਲ, ਆਰਮੀ ਪਰਸੋਨਲ, ਪੈਰਾ ਮਿਲਟਰੀ ਫੋਰਸਜ਼ ਅਤੇ ਬਾਵਰਦੀ ਪੁਲਿਸ ਕਰਮਚਾਰੀਆਂ ’ਤੇ ਲਾਗੂ ਨਹੀਂ ਹੋਵੇਗਾ। ਭਾਰਤ ਦੇ ਚੋਣ ਕਮਿਸ਼ਨ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਇਹ ਹੁਕਮ ਚੋਣ ਹਲਕੇ ਦੇ ਚੁਣੇ ਹੋਏ ਸੰਸਦ ਮੈਂਬਰ, ਹਲਕਾ ਵਿਧਾਇਕਾਂ ’ਤੇ ਵੀ ਲਾਗੂ ਨਹੀਂ ਹੋਵੇਗਾ ਪ੍ਰੰਤੂ ਇਹ ਕੋਈ ਚੋਣ ਪ੍ਰਚਾਰ ਨਹੀਂ ਕਰਨਗੇ ਅਤੇ ਆਪਣੇ ਹਲਕੇ ਵਿੱਚ ਰਹਿਣਗੇ। ਇਹ ਹੁਕਮ ਜ਼ਿਲ੍ਹੇ ਦੀ ਹੱਦ ਅੰਦਰ ਤੁਰੰਤ ਪ੍ਰਭਾਵ ਨਾਲ ਲਾਗੂ ਹੋਵੇਗਾ, ਜੋ 19 ਮਈ ਨੂੰ ਸ਼ਾਮ 6 ਵਜੇ ਤੱਕ ਲਾਗੂ ਰਹੇਗਾ। ਇੰਝ ਹੀ ਜ਼ਿਲ੍ਹੇ ਦੀ ਹੱਦ ਅੰਦਰ ਅੱਜ ਸ਼ਾਮ 6 ਵਜੇ ਤੋਂ 19 ਮਈ ਸ਼ਾਮ 6 ਵਜੇ ਤੱਕ ਲਾਊਡ ਸਪੀਕਰ ਚਲਾਉਣ ’ਤੇ ਵੀ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ। ਇਹ ਹੁਕਮ 19 ਮਈ 2019 ਤੱਕ ਤੁਰੰਤ ਪ੍ਰਭਾਵ ਨਾਲ ਲਾਗੂ ਹੋਵੇਗਾ।
ਇਸੇ ਤਰ੍ਹਾਂ ਜ਼ਿਲ੍ਹਾ ਮੈਜਿਸਟਰੇਟ ਸ੍ਰੀਮਤੀ ਗੁਰਪ੍ਰੀਤ ਕੌਰ ਸਪਰਾ ਨੇ ਲੋਕ ਸਭਾ ਚੋਣਾਂ -2019 ਦੇ ਮੱਦੇਨਜ਼ਰ ਫੌਜਦਾਰੀ ਜ਼ਾਬਤਾ ਸੰਘਤਾ 1973 (1974 ਦਾ ਐਕਟ ਨੰਬਰ 2) ਦੀ ਧਾਰਾ 144 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ 19 ਮਈ ਨੂੰ ਸ਼ਾਮ 6 ਵਜੇ ਤੱਕ ਜ਼ਿਲ੍ਹੇ ਦੀ ਹੱਦ ਅੰਦਰ ਜਨਤਕ ਮੀਟਿੰਗਾਂ ਕਰਨ, ਪੰਜ ਜਾਂ ਪੰਜ ਤੋਂ ਵੱਧ ਵਿਅਕਤੀਆਂ ਦੇ ਇਕੱਠੇ ਹੋਣ, ਨਾਅਰੇ ਲਗਾਉਣ, ਵਿਖਾਵਾ ਕਰਨ ਅਤੇ 23 ਮਈ ਨੂੰ ਵੋਟਾਂ ਦੀ ਗਿਣਤੀ ਲਈ ਨਿਰਧਾਰਤ ਕੀਤੇ ਗਏ ਗਿਣਤੀ ਕੇਂਦਰਾਂ ਦੇ ਆਲੇ-ਦੁਆਲੇ ਇਕੱਠੇ ਹੋਣ ’ਤੇ ਵੀ ਮਨਾਹੀ ਦੇ ਹੁਕਮ ਜਾਰੀ ਕੀਤੇ ਹਨ। ਉਨ੍ਹਾਂ ਦੱਸਿਆ ਕਿ ਇਹ ਹੁਕਮ ਪੈਰਾ ਮਿਲਟਰੀ ਫੋਰਸ, ਮਿਲਟਰੀ ਫੋਰਸ, ਸਰਕਾਰੀ ਡਿਊਟੀ ’ਤੇ ਤਾਇਨਾਤ ਅਧਿਕਾਰੀ/ਕਰਮਚਾਰੀ ਅਤੇ ਧਾਰਮਿਕ ਰਸਮਾਂ, ਸ਼ਾਦੀਆਂ, ਸਰਕਾਰੀ ਸਮਾਗਮਾਂ ਤੇ ਮ੍ਰਿਤਕ ਦੇ ਸਸਕਾਰ ਕਰਨ ਸਬੰਧੀ ਹੋਣ ਵਾਲੇ ਇਕੱਠ ’ਤੇ ਲਾਗੂ ਨਹੀਂ ਹੋਵੇਗਾ। ਇਹ ਹੁਕਮ 23 ਮਈ ਤੱਕ ਸਮੁੱਚੇ ਜ਼ਿਲ੍ਹੇ ਦੀ ਹੱਦ ਅੰਦਰ ਤੁਰੰਤ ਅਸਰ ਨਾਲ ਲਾਗੂ ਹੋਵੇਗਾ। ਇੰਝ ਹੀ ਜ਼ਿਲ੍ਹਾ ਮੈਜਿਸਟਰੇਟ ਨੇ ਜ਼ਿਲ੍ਹਾ ਮੁਹਾਲੀ ਵਿੱਚ ਸਥਾਪਿਤ ਕੀਤੇ ਗਏ ਪੋਲਿੰਗ ਸਟੇਸ਼ਨਾਂ ’ਤੇ 100 ਮੀਟਰ ਦੇ ਘੇਰੇ ਵਿੱਚ ਵੋਟਾਂ ਵਾਲੇ ਦਿਨ ਪ੍ਰਚਾਰ ਕਰਨ ’ਤੇ ਪੂਰਨ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕੀਤੇ ਹਨ। ਉਨ੍ਹਾਂ ਸਾਫ਼ ਆਖਿਆ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਕਿਸੇ ਵੀ ਕੀਮਤ ’ਤੇ ਬਖ਼ਸ਼ਿਆਂ ਨਹੀਂ ਜਾਵੇਗਾ। ਉਨ੍ਹਾਂ ਚੋਣ ਅਮਲੇ ਨੂੰ ਵੀ ਹਦਾਇਤ ਕੀਤੀ ਕਿ ਉਹ ਨਿਰਪੱਖ ਅਤੇ ਪਾਰਦਰਸ਼ੀ ਚੋਣਾਂ ਕਰਵਾਉਣ ਲਈ ਤਨਦੇਹੀ ਨਾਲ ਡਿਊਟੀ ਨਿਭਾਉਣ ਅਤੇ ਚੋਣ ਡਿਊਟੀ ਵਿੱਚ ਲਾਪਰਵਾਹੀ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

Load More Related Articles
Load More By Nabaz-e-Punjab
Load More In Politics

Check Also

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਮ…