ਮੌੜ ਮੰਡੀ ਵਿੱਚ ਧਮਾਕੇ ਤੋਂ ਬਾਅਦ ਜਾਗਿਆ ਚੋਣ ਕਮਿਸ਼ਨ, ਪੁਲੀਸ ਸੁਰੱਖਿਆ ਪ੍ਰਬੰਧ ਹੋਰ ਚੌਕਸ ਕਰਨ ਦੇ ਹੁਕਮ

ਡੀਜੀਪੀ ਨੂੰ ਪੱਤਰ ਲਿਖ ਕੇ ਪੁਲੀਸ ਨੂੰ ਜਵਾਬਦੇਹ ਬਣਾਉਣ ਦੇ ਨਿਰਦੇਸ਼, ਪੁਲੀਸ ਦੀ ਢਿੱਲ-ਮੱਠ ਬਰਦਾਸ਼ਤ ਨਹੀਂ ਕੀਤੀ ਜਾਵੇਗੀ

ਵਿਧਾਨ ਸਭਾ ਚੋਣਾਂ ਦੌਰਾਨ ਹਰੇਕ ਵਿਅਕਤੀ ਦੀ ਸੁਰੱਖਿਆ ਨੂੰ 100 ਫੀਸਦੀ ਯਕੀਨੀ ਬਣਾਉਣ ਦੇ ਆਦੇਸ਼

ਸੰਵੇਦਨਸ਼ੀਲ ਤੇ ਭੀੜ ਭੜੱਕੇ ਵਾਲੇ ਇਲਾਕਿਆਂ ’ਤੇ ਕਰੜੀ ਨਿਗਰਾਨੀ ਰੱਖਣ ਦੇ ਨਿਰਦੇਸ਼

ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 1 ਫਰਵਰੀ:
ਜ਼ਿਲ੍ਹਾ ਬਠਿੰਡਾ ਦੇ ਮੌੜ ਮੰਡੀ ਹਲਕੇ ਵਿੱਚ ਬੀਤੀ ਰਾਤ ਵਾਪਰੇ ਧਮਾਕੇ ਤੋਂ ਬਾਅਦ ਜਾਗਦਿਆਂ ਪੰਜਾਬ ਦੇ ਮੁੱਖ ਚੋਣ ਅਫ਼ਸਰ ਵੀ.ਕੇ. ਸਿੰਘ ਨੇ ਇਸ ਮਾਮਲੇ ਨੂੰ ਕਾਫੀ ਗੰਭੀਰਤਾ ਨਾਲ ਲਿਆ ਹੈ। ਚੋਣ ਕਮਿਸ਼ਨ ਨੇ ਜਿੱਥੇ ਪੁਲੀਸ ਵਿਭਾਗ ਤੋਂ ਇਸ ਘਟਨਾ ਦੀ ਮੁਕੰਮਲ ਰਿਪੋਰਟ ਤਲਬ ਕੀਤੀ ਹੈ, ਉਥੇ ਨਾਲ ਹੀ ਭਵਿੱਖ ਵਿੱਚ ਅਜਿਹੀ ਕਿਸੇ ਵੀ ਅਣਸੁਖਾਵੀ ਘਟਨਾ ਨੂੰ ਰੋਕਣ ਲਈ ਸਖ਼ਤ ਤਾੜਨਾ ਜਾਰੀ ਕਰਦਿਆਂ ਪੁਲੀਸ ਦੀ ਜਵਾਬਦੇਹੀ ਤੈਅ ਕਰਨ ਦੇ ਨਿਰਦੇਸ਼ ਜਾਰੀ ਕੀਤੇ ਹਨ। ਮੁੱਖ ਚੋਣ ਅਫਸਰ ਨੇ ਭਾਰਤੀ ਚੋਣ ਕਮਿਸ਼ਨ ਨੂੰ ਵੀ ਇਸ ਮਾਮਲੇ ਦੀ ਸਮੁੱਚੀ ਜਾਣਕਾਰੀ ਦਿੱਤੀ ਹੈ। ਉਧਰ, ਖ਼ਬਰ ਲਿਖੇ ਜਾਣ ਤੱਕ ਪੁਲੀਸ ਨੂੰ ਇਸ ਘਟਨਾ ਸਬੰਧੀ ਹਮਲਾਵਰਾਂ ਦੇ ਖ਼ਿਲਾਫ਼ ਕੋਈ ਠੋਸ ਸੁਰਾਗ ਨਹੀਂ ਮਿਲਿਆ ਸੀ।
ਮੌੜ ਵਿੱਚ ਵਾਪਰੀ ਘਟਨਾ ਤੋਂ ਬਾਅਦ ਰਾਜਸੀ ਪਾਰਟੀਆਂ ਦੇ ਆਗੂਆਂ ਵੱਲੋਂ ਕੀਤੀ ਜਾ ਰਹੀ ਇਲਜ਼ਾਮਬਾਜ਼ੀ ਨੂੰ ਵੀ ਗੰਭੀਰਤਾ ਨਾਲ ਲੈਂਦਿਆਂ ਮੁੱਖ ਚੋਣ ਅਫਸਰ ਨੇ ਸਮੂਹ ਰਾਜਸੀ ਪਾਰਟੀਆਂ ਨੂੰ ਅਜਿਹੀ ਕਿਸੇ ਵੀ ਬਿਆਨਬਾਜ਼ੀ ਤੋਂ ਗੁਰੇਜ਼ ਕਰਨ ਲਈ ਕਿਹਾ ਹੈ। ਮੁੱਖ ਚੋਣ ਅਫ਼ਸਰ ਦੇ ਬੁਲਾਰੇ ਨੇ ਅੱਜ ਇੱਥੇ ਜਾਰੀ ਬਿਆਨ ਵਿੱਚ ਕਿਹਾ ਕਿ ਮੌੜ ਮੰਡੀ ਵਿੱਚ ਬੀਤੀ ਰਾਤ ਸਾਢੇ ਅੱਠ ਵਜੇ ਕਾਂਗਰਸੀ ਉਮੀਦਵਾਰ ਦੀ ਗੱਡੀ ਸਾਹਮਣੇ ਮਾਰੂਤੀ ਕਾਰ (ਪੀ.ਬੀ. 5 ਸੀ 8973) ਵਿੱਚ ਧਮਾਕਾ ਹੋਇਆ। ਜਿਸ ਸਬੰਧੀ ਦਫ਼ਤਰ ਵੱਲੋਂ ਪੁਲੀਸ ਕੋਲੋਂ ਪੂਰੀ ਰਿਪੋਰਟ ਮੰਗੀ ਗਈ। ਪੁਲੀਸ ਦੀ ਜਾਣਕਾਰੀ ਅਨੁਸਾਰ ਇਸ ਮਾਮਲੇ ਸਬੰਧੀ ਮੌੜ ਥਾਣੇ ਵਿੱਚ ਐਫ.ਆਈ.ਆਰ. ਨੰਬਰ 14 ਮਿਤੀ 31 ਜਨਵਰੀ 2017 ਦਰਜ ਕਰਦਿਆਂ ਕੇਸ ਆਈ.ਪੀ.ਸੀ. ਦੀ ਧਾਰਾ 302,307,436,427 ਤੇ ਧਮਾਕਾ ਐਕਟ ਦੀ ਧਾਰਾ 3/4 ਅਧੀਨ ਦਰਜ ਕੀਤਾ ਗਿਆ। ਇਸ ਘਟਨਾ ਵਿੱਚ ਤਿੰਨ ਵਿਅਕਤੀਆਂ ਦੀ ਮੌਕੇ ’ਤੇ ਮੌਤ ਹੋ ਗਈ ਜਿਨ੍ਹਾ ਦੇ ਨਾਂ ਹਰਪਾਲ ਸਿੰਘ ਪਾਲੀ ਪੁੱਤਰ ਤੇਜ ਸਿੰਘ, ਬਰਖਾ ਪੁੱਤਰੀ ਅਸ਼ੋਕ ਕੁਮਾਰ ਤੇ ਅਸ਼ੋਕ ਕੁਮਾਰ ਪੁੱਤਰ ਬਾਬੂ ਰਾਮ ਹਨ। ਇਸ ਤੋਂ ਇਲਾਵਾ ਹਸਪਤਾਲ ਵਿੱਚ ਇਲਾਜ ਅਧੀਨ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਜਿਨ੍ਹਾਂ ਦੇ ਨਾਂ ਜਸਕਰਨ ਸਿੰਘ ਜਾਪੀ ਪੁੱਤਰ ਖੁਸ਼ਦੀਪ ਸਿੰਘ, ਰਤਨਦੀਪ ਸਿੰਘ ਪੁੱਤਰ ਕਾਲਾ ਸਿੰਘ ਤੇ ਸੁਭਾਸ਼ ਸਿੰਗਲਾ ਪੁੱਤਰ ਰਾਕੇਸ਼ ਕੁਮਾਰ ਹਨ। ਇਸ ਧਮਾਕੇ ਵਿੱਚ 8 ਵਿਅਕਤੀ ਜਖਮੀ ਹੋ ਗਏ ਜਿਨ੍ਹਾਂ ਦਾ ਇਲਾਜ ਵੱਖ-ਵੱਖ ਹਸਪਤਾਲਾਂ ਵਿੱਚ ਚੱਲ ਰਿਹਾ ਹੈ। ਇਸ ਧਮਾਕੇ ਵਿੱਚ ਸੀ.ਆਰ.ਪੀ.ਐਫ. ਦਾ ਜਵਾਨ ਡੀ ਰਾਮ ਬਾਬੂ ਵੀ ਜ਼ਖ਼ਮੀ ਹੋ ਗਿਆ।
ਇਸ ਘਟਨਾ ਨੂੰ ਬੇਹੱਦ ਗੰਭੀਰਤਾ ਨਾਲ ਲੈਂਦਿਆਂ ਮੁੱਖ ਚੋਣ ਅਫ਼ਸਰ ਨੇ ਡੀਜੀਪੀ ਨੂੰ ਪੱਤਰ ਲਿਖ ਕੇ ਅਜਿਹੀ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਭਵਿੱਖ ਵਿੱਚ ਰੋਕਣ ਲਈ ਸਖਤ ਦਿਸ਼ਾ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਕਿਹਾ ਕਿ ਸਥਾਨਕ ਪੁਲਿਸ ਵੱਲੋਂ ਚੋਣਾਂ ਨਾਲ ਸਬੰਧਤ ਕਿਸੇ ਵੀ ਰੈਲੀ, ਮੀਟਿੰਗ, ਰੋਡ ਸ਼ੋਅ ਜਾਂ ਹੋਰ ਥਾਂ ਸਖਤ ਸੁਰੱਖਿਆ ਪ੍ਰਬੰਧ ਕੀਤੇ ਜਾਣ। ਉਨ੍ਹਾਂ ਕਿਹਾ ਕਿ ਚੋਣਾਂ ਨਾਲ ਸਬੰਧਤ ਕਿਸੇ ਵੀ ਥਾਂ ਅਤੇ ਸੰਵੇਦਨਸ਼ੀਲ ਇਲਾਕਿਆਂ ਦੀ ਸੁਰੱਖਿਆ ਹੋਰ ਵੀ ਕਰੜੀ ਕੀਤੀ ਜਾਵੇ। ਇਸ ਦੇ ਨਾਲ ਹੀ ਚੋਣ ਲੜਨ ਵਾਲੇ ਉਮੀਦਵਾਰਾਂ, ਅਹਿਮ ਸਖਸ਼ੀਅਤਾਂ ਅਤੇ ਉਹ ਵਿਅਕਤੀ ਜਿਨ੍ਹਾਂ ਨੂੰ ਕਿਸੇ ਵੀ ਧਿਰ ਵੱਲੋਂ ਧਮਕੀ ਮਿਲੀ ਹੈ, ਦੀ ਸੁਰੱਖਿਆ ਨੂੰ ਹੋਰ ਮਜ਼ਬੂਤ ਕੀਤਾ ਜਾਵੇ। ਹਰੇਕ ਵਿਅਕਤੀ ਅਤੇ ਸਥਾਨ ਦੀ ਸੁਰੱਖਿਆ ਲਈ ਲਈ ਸਥਾਨਕ ਪੁਲਿਸ ਪੂਰੀ ਤਰ੍ਹਾਂ ਜ਼ਿੰਮੇਵਾਰ ਅਤੇ ਜਵਾਬਦੇਹ ਹੋਵੇਗੀ ਅਤੇ ਚੋਣਾਂ ਦੌਰਾਨ ਸੁਰੱਖਿਆ ਪ੍ਰਬੰਧਾਂ ਲਈ ਸਥਾਨਕ ਐਸ.ਐਚ.ਓ., ਡੀ.ਐਸ.ਪੀ. ਤੇ ਐਸ.ਐਸ.ਪੀ. ਦੀ ਡਿਊਟੀ ਰਹੇਗੀ ਅਤੇ ਉਹ ਹੀ ਜਵਾਬਦੇਬ ਹੋਣਗੇ। ਉਨ੍ਹਾਂ ਇਹ ਵੀ ਕਿਹਾ ਕਿ ਕੋਈ ਵੀ ਵਾਹਨ ਬਿਨਾਂ ਚੈਕਿੰਗ ਤੋਂ ਨਾ ਛੱਡਿਆ ਜਾਵੇ। ਇਸ ਲਈ ਬੰਬ ਵਿਰੋਧੀ ਦਸਤਿਆਂ ਦੀ ਮੱਦਦ ਲਈ ਜਾਵੇ।
ਉਧਰ, ਮੱੁਖ ਚੋਣ ਅਫ਼ਸਰ ਵੱਲੋਂ ਪੱਤਰ ਲਿਖਣ ਤੋਂ ਤੁਰੰਤ ਬਾਅਦ ਡੀਜੀਪੀ ਵੱਲੋਂ ਸਮੂਹ ਆਈ.ਜੀ, ਡੀ.ਆਈ.ਜੀ. ਕਮਿਸ਼ਨਰ ਤੇ ਐਸਐਸਪੀਜ ਨੂੰ ਹਦਾਇਤਾਂ ਜਾਰੀ ਕਰਕੇ ਮੁੱਖ ਚੋਣ ਅਫ਼ਸਰ ਦੇ ਦਿਸ਼ਾ-ਨਿਰਦੇਸ਼ਾਂ ਦੀ ਤੁਰੰਤ ਪਾਲਣਾ ਯਕੀਨੀ ਬਣਾਉਣ ਨੂੰ ਆਖਿਆ ਹੈ। ਮੌੜ ਘਟਨਾ ਉਪਰੰਤ ਸਿਆਸੀ ਆਗੂਆਂ ਵੱਲੋਂ ਕੀਤੀ ਜਾ ਰਹੀ ਬਿਆਨਬਾਜ਼ੀ ਨੂੰ ਵੀ ਗੰਭੀਰਤਾ ਨਾਲ ਲੈਂਦਿਆਂ ਮੁੱਖ ਚੋਣ ਅਫਸਰ ਵੀ.ਕੇ. ਸਿੰਘ ਨੇ ਸਮੂਹ ਰਾਜਸੀ ਧਿਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਅਜਿਹੀ ਕਿਸੇ ਵੀ ਬਿਆਨਬਾਜ਼ੀ ਤੋਂ ਗੁਰੇਜ਼ ਕਰਨ ਅਤੇ ਸੂਬੇ ਵਿੱਚ ਅਮਨ-ਸ਼ਾਂਤੀ ਬਣਾਈ ਰੱਖਣ ਵਿੱਚ ਮਦਦ ਦੇਣ। ਇਸ ਦੇ ਨਾਲ ਹੀ ਵੋਟਰਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਬਿਨਾਂ ਕਿਸੇ ਡਰ-ਭੈਅ ਦੇ ਆਪਣੇ ਜਮੂਹਰੀ ਹੱਕ ਦਾ ਇਸਤੇਮਾਲ ਕਰਨ। ਬੁਲਾਰੇ ਨੇ ਦੱਸਿਆ ਕਿ ਮੁੱਖ ਚੋਣ ਅਫਸਰ ਵੱਲੋਂ ਮੌੜ ਘਟਨਾ ਸਬੰਧੀ ਭਾਰਤੀ ਚੋਣ ਕਮਿਸ਼ਨ ਨੂੰ ਪੱਤਰ ਲਿਖ ਕੇ ਪੂਰੀ ਜਾਣਕਾਰੀ ਦਿੱਤੀ ਗਈ ਹੈ ਅਤੇ ਇਸ ਘਟਨਾ ਉਪਰੰਤ ਦਫਤਰ ਵੱਲੋਂ ਦਿੱਤੇ ਦਿਸ਼ਾ ਨਿਰਦੇਸ਼ਾਂ ਬਾਰੇ ਵੀ ਸੂਚਿਤ ਕਰ ਦਿੱਤਾ ਗਿਆ ਹੈ।

Load More Related Articles

Check Also

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਮ…