
ਗੁਰਦੁਆਰਾ ਸਾਚਾ ਧਨੁ ਸਾਹਿਬ ਦੀ ਪ੍ਰਬੰਧਕੀ ਕਮੇਟੀ ਦੀ ਚੋਣ ਕਰਵਾਉਣ ਵਾਲੇ ਚੋਣ ਕਮਿਸ਼ਨ ਦੇ 4 ਮੈਂਬਰਾਂ ਖ਼ਿਲਾਫ਼ ਕੇਸ ਦਰਜ
ਗੁਰਦੁਆਰਾ ਕਮੇਟੀ ਦੇ ਪ੍ਰਧਾਨ ਦੀ ਸ਼ਿਕਾਇਤ ’ਤੇ ਹੋਈ ਕਾਰਵਾਈ
ਸੰਗਤ ਦੇ ਵਿਰੋਧ ਦੇ ਬਾਵਜੂਦ ਗਲਤ ਤਰੀਕੇ ਨਾਲ ਚੋਣ ਕਰਵਾਉਣ ਦਾ ਦੋਸ਼
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 5 ਸਤੰਬਰ:
ਇੱਥੋਂ ਦੇ ਫੇਜ਼-3ਬੀ1 ਸਥਿਤ ਗੁਰਦੁਆਰਾ ਸਾਚਾ ਧਨ ਸਾਹਿਬ ਦੀ ਪ੍ਰਬੰਧਕ ਕਮੇਟੀ ਦੀ ਚੋਣ ਕਰਵਾਉਣ ਲਈ ਬਣਾਏ ਗਏ ਚੋਣ ਕਮਿਸ਼ਨ ਦੇ ਚਾਰ ਮੈਂਬਰਾਂ ਜਸਵੰਤ ਸਿੰਘ, ਮਨਜੀਤ ਸਿੰਘ, ਅਜੀਤ ਸਿੰਘ ਅਤੇ ਹਰਦੇਵ ਸਿੰਘ ਦੇ ਖ਼ਿਲਾਫ਼ ਮਟੌਰ ਥਾਣੇ ਵਿੱਚ ਦੀ ਧਾਰਾ 420, 406,120-ਬੀ ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ। ਇਹ ਕਾਰਵਾਈ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਰਹੇ ਪਰਮਜੀਤ ਸਿੰਘ ਗਿੱਲ ਦੀ ਸ਼ਿਕਾਇਤ ’ਤੇ ਕੀਤੀ ਗਈ ਹੈ।
ਸ੍ਰੀ ਗਿੱਲ ਵੱਲੋਂ ਪੁਲੀਸ ਨੂੰ ਦਿੱਤੀ ਸ਼ਿਕਾਇਤ ਅਨੁਸਾਰ ਉਕਤ ਵਿਅਕਤੀਆਂ ਵੱਲੋਂ ਇੱਕ ਧਿਰ ਨੂੰ ਹੀ ਸਾਰਾ ਕਾਰਜ ਸੌਂਪ ਦੇਣ ਦੀ ਇਕਪਾਸੜ ਕਾਰਵਾਈ ਕਰਦਿਆਂ ਆਪਣੇ ਸਾਥੀਆਂ ਨੂੰ ਲਾਭ ਦਿਵਾਉਣ ਲਈ ਪੁਰਾਣੀ ਕਮੇਟੀ ਤੋਂ ਦਫ਼ਤਰ ਦੀਆਂ ਚਾਬੀਆਂ ਲਈਆਂ ਗਈਆਂ। ਸ਼ਿਕਾਇਤ ਵਿੱਚ
ਸਾਰੇ ਨਿਯਮਾਂ ਕਾਨੂੰਨਾਂ ਨੂੰ ਛਿੱਕੇ ਟੰਗ ਕੇ ਕਰੋਨਾ ਨਿਯਮਾਂ ਅਤੇ ਭਾਰਤ ਸਰਕਾਰ ਦੇ ਮਾਪਦੰਡਾਂ ਨੂੰ ਵੀ ਨੁਕਰੇ ਲਗਾਉਣ ਦਾ ਦੋਸ਼ ਲਾਇਆ ਹੈ। ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਨੇ ਆਪਣੇ ਪੱਧਰ ’ਤੇ ਚੋਣ ਪ੍ਰਕਿਰਿਆ ਨੂੰ ਨੇਪਰੇ ਚਾੜ੍ਹਦਿਆਂ ਆਪਣੇ ਚਹੇਤੇ ਨੂੰ ਪ੍ਰਧਾਨ ਅਤੇ ਬਾਕੀ ਕਾਰਜ ਦੀ ਸਹਿਮਤੀ ਦੇ ਦਿੱਤੀ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਪਣੇ ਢੰਗ ਨਾਲ ਚਲਾਉਣ ਲਈ ਬਾਹਰੀ ਬੰਦਿਆਂ ਦੀ ਮਦਦ ਨਾਲ ਕਥਿਤ ਆਪ ਹੁਦਰੀਆਂ ਸ਼ੁਰੂ ਕਰ ਦਿੱਤੀਆਂ।
ਸ੍ਰੀ ਗਿੱਲ ਨੇ ਦੱਸਿਆ ਕਿ ਗੁਰਦੁਆਰਾ ਸਾਚਾ ਧਨੁ ਸਾਹਿਬ ਦੀ ਕਮੇਟੀ ਦੀ ਮਿਆਦ ਮਾਰਚ ਮਹੀਨੇ ਵਿੱਚ ਖਤਮ ਹੋਣੀ ਸੀ ਅਤੇ ਦੁਬਾਰਾ ਨਵੀਂ ਚੋਣ ਕਰਵਾਈ ਜਾਣੀ ਸੀ ਪ੍ਰੰਤੂ ਕਰੋਨਾ ਮਹਾਮਾਰੀ ਦੇ ਮੱਦੇਨਜ਼ਰ ਪੁਰਾਣੀ ਕਮੇਟੀ ਦੀ ਮਿਆਦ ਅੱਗੇ ਵਧਾਉਂਦਿਆਂ ਪ੍ਰਬੰਧਕੀ ਕੰਮ ਚਲਾਉਣ ਲਈ ਕਮੇਟੀ ਬਣਾ ਦਿੱਤੀ ਗਈ ਸੀ। ਲੇਕਿਨ ਇਸ ਦੌਰਾਨ ਨਵੀਂ ਚੋਣ ਕਰਵਾਉਣ ਲਈ ਚੋਣ ਕਮਿਸ਼ਨ ਪੈਨਲ ਦਾ ਗਠਨ ਕੀਤਾ ਗਿਆ ਅਤੇ ਚੋਣ ਕਮਿਸ਼ਨ ਬਣਾਏ ਗਏ ਵਿਅਕਤੀਆਂ ਨੇ ਇਕਪਾਸੜ ਕਾਰਵਾਈ ਕਰਦਿਆਂ ਇੱਕ ਧਿਰ ਨੂੰ ਸਾਰਾ ਕਾਰਜ ਸੌਂਪ ਦਿੱਤਾ ਅਤੇ ਦਫ਼ਤਰ ਦੀਆਂ ਚਾਬੀਆਂ ਵੀ ਲੈ ਲਈਆਂ ਗਈਆਂ। ਹਾਲਾਂਕਿ ਸੰਗਤ ਵੱਲੋਂ ਸਮੇਂ ਸਮੇਂ ’ਤੇ ਇਸ ਕਾਰਵਾਈ ਦਾ ਵਿਰੋਧ ਵੀ ਕੀਤਾ ਜਾਂਦਾ ਰਿਹਾ ਹੈ। ਸ੍ਰੀ ਗਿੱਲ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਕਰਕੇ ਚਾਬੀਆਂ ਦੇ ਦਿੱਤੀਆਂ ਸਨ ਕਿ ਸੰਗਤ ਦਾ ਕਾਰਜ ਹੈ ਕਿ ਕਿਸੇ ਨੂੰ ਕੋਈ ਪ੍ਰੇਸ਼ਾਨੀ ਨਾ ਹੋਵੇ ਪਰ ਉਹ ਨਹੀਂ ਸਨ ਜਾਣਦੇ ਕਿ ਇਸ ਪਿੱਛੇ ਚੋਣ ਕਮਿਸ਼ਨ ਦਾ ਅਸਲ ਮਕਸਦ ਕੁੱਝ ਹੋਰ ਹੈ।
ਉਨ੍ਹਾਂ ਕਿਹਾ ਕਿ ਜਦੋਂ ਚੋਣ ਕਮਿਸ਼ਨ ਵੱਲੋਂ ਮਨਮਰਜ਼ੀ ਕਰਦਿਆਂ ਆਪਣੇ ਧੜੇ ਦਾ ਪ੍ਰਧਾਨ ਬਣਾ ਦਿੱਤਾ ਗਿਆ ਤਾਂ ਉਨ੍ਹਾਂ ਸਮੇਤ ਹੋਰਨਾਂ ਮੈਂਬਰਾਂ ਵੱਲੋਂ ਐਸਐਸਪੀ ਨੂੰ ਸ਼ਿਕਾਇਤ ਦੇ ਕੇ ਇਸ ਸਮੁੱਚੇ ਮਾਮਲੇ ਦੀ ਜਾਂਚ ਕਰਨ ਅਤੇ ਲੋੜੀਂਦੀ ਕਾਰਵਾਈ ਕਰਨ ਦੀ ਅਪੀਲ ਕੀਤੀ ਗਈ। ਉਨ੍ਹਾਂ ਕਿਹਾ ਕਿ ਪੁਲੀਸ ਨੇ ਮੁੱਢਲੀ ਜਾਂਚ ਤੋਂ ਬਾਅਦ ਡੀਏ ਲੀਗਲ ਦੀ ਸਲਾਹ ਨਾਲ ਚੋਣ ਕਮਿਸ਼ਨ ਦੇ ਮੈਂਬਰਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ।