
ਪੰਜਾਬ ਬੋਰਡ ਵੱਲੋਂ ਚੋਣ ਕਮਿਸ਼ਨ ਦੀ ਮਨਜ਼ੂਰੀ ਤੋਂ ਬਾਅਦ ਦਸਵੀਂ ਤੇ ਬਾਰ੍ਹਵੀਂ ਸ਼੍ਰੇਣੀ ਦੀ ਸਾਲਾਨਾ ਦੀ ਡੇਟਸ਼ੀਟ ਜਾਰੀ
ਨਕਲ ਰਹਿਤ ਪ੍ਰੀਖਿਆ ਕਰਵਾਉਣ ਲਈ ਸਖ਼ਤ ਪ੍ਰਬੰਧ, ਐਤਕੀਂ ਉੱਡਣ ਦਸਤੇ ਘੱਟ ਤੇ ਅਬਜ਼ਰਵਰਾਂ ਦੀ ਗਿਣਤੀ ਹੋਵੇਗੀ ਵੱਧ: ਢੋਲ
ਬਾਰ੍ਹਵੀਂ ਜਮਾਤ ਦੀ 28 ਫਰਵਰੀ ਤੋਂ 24 ਮਾਰਚ ਤੱਕ ਤੇ ਦਸਵੀਂ ਦੀ 14 ਮਾਰਚ ਤੋਂ 29 ਮਾਰਚ ਤੱਕ ਲਈ ਜਾਵੇਗੀ ਪ੍ਰੀਖਿਆ
ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਜਨਵਰੀ:
ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਤੇ ਸੀਨੀਅਰ ਪੀਸੀਐਸ ਅਧਿਕਾਰੀ ਬਲਬੀਰ ਸਿੰਘ ਢੋਲ ਨੇ ਇਸ ਸਾਲ ਹੋਣ ਵਾਲੀ ਦਸਵੀਂ ਅਤੇ ਬਾਰ੍ਹਵੀਂ ਸ਼੍ਰੇਣੀ ਦੀ ਸਾਲਾਨਾ ਪ੍ਰੀਖਿਆ ਸਬੰਧੀ ਡੇਟਸ਼ੀਟ ਜਾਰੀ ਕਰ ਦਿੱਤੀ ਹੈ। ਬੋਰਡ ਵੱਲੋਂ ਇਸ ਸਬੰਧੀ ਬਕਾਇਦਾ ਪੰਜਾਬ ਦੇ ਮੁੱਖ ਚੋਣ ਕਮਿਸ਼ਨਰ ਤੋਂ ਅਗਾਊਂ ਪ੍ਰਵਾਨਗੀ ਲਈ ਗਈ ਹੈ ਕਿਉਂਕਿ ਮੌਜੂਦਾ ਸਮੇਂ ਵਿੱਚ ਵਿਧਾਨ ਸਭਾ ਚੋਣਾਂ ਹੋ ਰਹੀਆਂ ਹਨ। ਸਕੂਲ ਬੋਰਡ ਦੇ ਚੇਅਰਮੈਨ ਸ੍ਰੀ ਢੋਲ ਨੇ ਦੱਸਿਆ ਕਿ 12ਵੀਂ ਸ਼੍ਰੇਣੀ ਦੀ (ਸਮੇਤ ਓਪਨ ਸਕੂਲ, ਵਾਧੂ ਵਿਸ਼ਾ, ਕਾਰਗੁਜ਼ਾਰੀ ਵਧਾਉਣ ਲਈ) ਲਿਖਤੀ ਪ੍ਰੀਖਿਆ 28 ਫਰਵਰੀ ਤੋਂ 24 ਮਾਰਚ ਤੱਕ ਕਰਵਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਬਾਰ੍ਹਵੀਂ ਦੀ ਪ੍ਰੀਖਿਆ ਦਾ ਸਮਾਂ ਬਾਅਦ ਦੁਪਹਿਰ 2 ਵਜੇ ਸ਼ਾਮ 5.15 ਵਜੇ ਤੱਕ ਹੋਵੇਗਾ। ਉਨ੍ਹਾਂ ਦੱਸਿਆ ਕਿ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪ੍ਰੀਖਿਆਵਾਂ ਕਰਵਾਉਣ ਲਈ ਬਕਾਇਦਾ ਮੁੱਖ ਚੋਣ ਕਮਿਸ਼ਨਰ ਤੋਂ ਪ੍ਰਵਾਨਗੀ ਲਈ ਗਈ ਹੈ।
ਸ੍ਰੀ ਢੋਲ ਨੇ ਦੱਸਿਆ ਕਿ ਦਸਵੀਂ ਸ਼੍ਰੇਣੀ (ਸਮੇਤ ਓਪਨ ਸਕੂਲ, ਵਾਧੂ ਵਿਸ਼ਾ, ਕਾਰਗੁਜ਼ਾਰੀ ਵਧਾਉਣ) ਲਈ ਸਾਲਾਨਾ ਪ੍ਰੀਖਿਆ 14 ਮਾਰਚ ਤੋਂ 29 ਮਾਰਚ ਤੱਕ ਕਰਵਾਈ ਜਾਵੇਗੀ। ਉਨ੍ਹਾਂ ੱਸਿਆ ਕਿ ਦਸਵੀਂਂ ਸ਼੍ਰੇਣੀ ਦੀ ਪ੍ਰੀਖਿਆ ਦਾ ਸਮਾਂ ਸਵੇਰੇ 10 ਵਜੇ ਤੋਂ ਦੁਪਹਿਰ 1.15 ਵਜੇ ਤੱਕ ਹੋਵੇਗਾ। ਇਸ ਸਬੰਧੀ ਡੇਟਸ਼ੀਟ ਅਤੇ ਹੋਰ ਵਧੇਰੇ ਜਾਣਕਾਰੀ ਪੰਜਾਬ ਬੋਰਡ ਦੀ ਵੈਬਸਾਈਟ www.pseb.ac.in ’ਤੇ ਉਪਲਬਧ ਕਰਵਾਈ ਗਈ ਹੈ। ਉਨ੍ਹਾਂ ਦੱਸਿਆ ਕਿ ਪ੍ਰੀਖਿਆ ਲਈ ਸਮਾਂ 3 ਘੰਟੇ ਦਾ ਹੋਵੇਗਾ ਪ੍ਰੰਤੂ ਕਟਾਈ ਸਿਲਾਈ, ਪ੍ਰੀ ਵੋਕੇਸ਼ਨਲ ਵਿਸ਼ੇ ਅਤੇ ਐਨਵਿਸ਼ਿਆਂ ਲਈ ਪ੍ਰੀਖਿਆ ਦਾ ਸਮਾਂ 2 ਘੰਟੇ ਦਾ ਹੋਵੇਗਾ। ਉਨ੍ਹਾਂ ਦੱਸਿਆ ਕਿ ਪ੍ਰੀਖਿਆਰਥੀਆਂ ਨੂੰ ਪ੍ਰਸ਼ਨ-ਪੱਤਰ ਪੜ੍ਹਨ ਲਈ 15 ਮਿੰਟ ਦਾ ਵਾਧੂ ਸਮਾਂ ਦਿੱਤਾ ਜਾਵੇਗਾ ਜਦੋਂ ਕਿ ਨੇਤਰਹੀਣ, ਗੂੰਗੇ ਬੋਲੇ ਅਤੇ ਅੰਗਹੀਣ ਵਿਦਿਆਰਥੀਆਂ ਨੂੰ ਪੇਪਰ ਹੱਲ ਕਰਨ ਲਈ ਹਰੇਕ ਇੱਕ ਘੰਟੇ ਪਿੱਛੇ 20 ਮਿੰਟ ਦਾ ਵਾਧੂ ਸਮਾਂ ਦਿੱਤਾ ਜਾਵੇਗਾ।
ਉਨ੍ਹਾਂ ਵਾਧੂ ਵਿਸ਼ਾ ਅਤੇ ਕਾਰਗੁਜ਼ਾਰੀ ਵਧਾਉਣ ਵਾਲੀ ਕੈਟਾਗਰੀ ਦੇ ਵਿਦਿਆਰਥੀ ਸਾਲਾਨਾ ਪ੍ਰੀਖਿਆ ਪ੍ਰਣਾਲੀ (ਪੂਰਾ ਸਿਲੇਬਸ) ਅਧੀਨ ਆਪਣੀ ਪ੍ਰੀਖਿਆ ਦੇਣਗੇ। ਕੰਪਿਊਟਰ ਸਾਇੰਸ, ਸਿਹਤ ਤੇ ਸਰੀਰਕ ਸਿੱਖਿਆ ਅਤੇੇ ਇੱਕ ਚੋਣਵੇਂ ਵਿਸ਼ੇ ਦੀ ਪ੍ਰੀਖਿਆ ਅਲਾਟ ਕੀਤੇ ਗਏ ਪ੍ਰੀਖਿਆ ਕੇਂਦਰ ਵਿੱਚ ਹੀ ਬੋਰਡ ਵੱਲੋਂ ਭੇਜੇ ਗਏ ਪ੍ਰਸ਼ਨ-ਪੱਤਰਾਂ/ਡੇਟ ਸ਼ੀਟ ਵਿੱਚ ਨਿਰਧਾਰਿਤ ਸਡਿਊਲ ਅਨੁਸਾਰ ਹੋਵੇਗੀ। ਉਨ੍ਹਾਂ ਸਮੂਹ ਸਕੂਲ ਮੁਖੀ ਇਨ੍ਹਾਂ ਵਿਸ਼ਿਆਂ ਦਾ ਮੁਲਾਂਕਣ ਸਕੂਲ ਪੱਧਰ ’ਤੇ ਕਰਵਾਉਣ ਉਪਰੰਤ ਗਰੇਡਿੰਗ ਸੂਚੀਆਂ ਮੁੱਖ ਦਫ਼ਤਰ ਨੂੰ ਭੇਜਣਾ ਯਕੀਨੀ ਬਣਾਉਣ। ਓਪਨ ਸਕੂਲ ਪ੍ਰਣਾਲੀ ਅਧੀਨ ਅਤੇ ਵਿਲੱਖਣ ਸਮਰੱਥਾ ਰੱਖਣ ਵਾਲੇ ਵਿਦਿਆਰਥੀ ਜਿਨ੍ਹਾਂ ਨੇ ਗਰੇਡਿੰਗ ਵਾਲੇ ਵਿਸ਼ਿਆਂ ’ਚੋਂ ਕੋਈ ਵਿਸ਼ਾ/ਵਿਸ਼ਿਆਂ ਦੀ ਚੋਣ ਜਰੂਰੀ ਵਿਸ਼ੇ ਵਜੋਂ ਕੀਤੀ ਹੈ, ਉਨ੍ਹਾਂ ਵਿਸ਼ਿਆਂ ਦੇ ਅੰਕ ਵੀ ਲਗਾਏ ਜਾਣਗੇ।
ਸਕੂਲ ਬੋਰਡ ਦੇ ਚੇਅਰਮੈਨ ਨੇ ਕਿਹਾ ਕਿ ਨਕਲ ਰਹਿਤ ਪ੍ਰੀਖਿਆ ਕਰਵਾਉਣ ਲਈ ਸਖ਼ਤ ਕਦਮ ਚੁੱਕੇ ਜਾਣਗੇ। ਨਕਲ ਨੂੰ ਜੜ੍ਹੋਂ ਖਤਮ ਕਰਨ ਲਈ ਬਾਰਡਰ ਏਰੀਆ ਵਿੱਚ ਇਸ ਰੁਝਾਨ ਠੱਲ੍ਹ ਪਾਉਣ ਲਈ ਸਖ਼ਤੀ ਵਰਤੀ ਜਾਵੇਗੀ ਕਿਉਂਕਿ ਅਕਸਰ ਸਰਹੱਦੀ ਇਲਾਕਿਆਂ ਵਿੱਚ ਹੀ ਨਕਲ ਦੇ ਜ਼ਿਆਦਾਤਰ ਕੇਸ ਫੜੇ ਜਾਂਦੇ ਹਨ। ਉਂਜ ਇਹ ਵੀ ਕਿਹਾ ਕਿ ਪਿਛਲੇ ਕੁੱਝ ਸਮੇਂ ਤੋਂ ਨਕਲ ਦੇ ਕੇਸਾਂ ਵਿੱਚ ਕਾਫੀ ਕਮੀ ਆਈ ਹੈ। ਉਧਰ, ਪ੍ਰੀਖਿਆਵਾਂ ਦੌਰਾਨ ਸਿਆਸੀ ਦਖ਼ਲ ਅੰਦਾਜ਼ੀ ਨੂੰ ਰੋਕਣ ਲਈ ਸਿੱਖਿਆ ਬੋਰਡ ਵੱਲੋਂ ਸਬੰਧਤ ਹਲਕਿਆਂ ਦੇ ਵਿਧਾਇਕਾਂ ਸਮੇਤ ਹੋਰ ਲੋਕ ਨੁਮਾਇੰਦਿਆਂ ਨੂੰ ਨਕਲ ਵਿਰੋਧੀ ਮੁਹਿੰਮ ਵਿੱਚ ਸ਼ਾਮਲ ਕੀਤਾ ਜਾਵੇਗਾ ਤਾਂ ਜੋ ਕਿਸੇ ਕਿਸਮ ਦੀ ਕੋਈ ਗੁੰਜਾਇਸ਼ ਬਾਕੀ ਨਾ ਰਹਿ ਸਕੇ। ਇਸ ਤੋਂ ਇਲਾਵਾ ਪ੍ਰੀਖਿਆ ਕੇਂਦਰਾਂ ਦੇ ਨੇੜੇ ਧਾਰਾ 144 ਲਗਾਉਣ ਲਈ ਪੰਜਾਬ ਦੇ ਮੁੱਖ ਸਕੱਤਰ ਦੇ ਰਾਹੀਂ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਅਪੀਲ ਕੀਤੀ ਗਈ ਹੈ।
(ਬਾਕਸ ਆਈਟਮ)
ਸਿੱਖਿਆ ਬੋਰਡ ਦੇ ਚੇਅਰਮੈਨ ਬਲਬੀਰ ਸਿੰਘ ਢੋਲ ਨੇ ਇਹ ਵੀ ਸਪੱਸ਼ਟ ਕੀਤਾ ਕਿ ਪ੍ਰੀਖਿਆਵਾਂ ਦੇ ਕੰਮ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਕਿਸੇ ਵੀ ਅਧਿਆਪਕ ਦੀ ਡਿਊਟੀ ਕੱਟੀ ਨਹੀਂ ਜਾਵੇਗੀ। ਉਨ੍ਹਾਂ ਕਿਹਾ ਕਿ ਐਤਕੀਂ ਭਾਵੇਂ ਨਕਲ ਰੋਕਣ ਲਈ ਸਖ਼ਤ ਕਦਮ ਚੁੱਕੇ ਜਾ ਰਹੇ ਹਨ ਪ੍ਰੰਤੂ ਇਸ ਦੇ ਬਾਵਜੂਦ ਉਡਣ ਦਸਤਿਆਂ ਦੀ ਗਿਣਤੀ ਪਹਿਲਾਂ ਕਾਫੀ ਘੱਟ ਹੋਵੇਗੀ, ਕਿਉਂਕਿ ਵੱਡੀ ਤਾਦਾਦ ਵਿੱਚ ਉਡਣ ਦਸਤੇ ਦੀਆਂ ਟੀਮਾਂ ਦੀ ਵਾਰ ਵਾਰ ਦਸਤਕ ਦੇਣ ਕਾਰਨ ਜਿਥੇ ਪ੍ਰੀਖਿਆ ਪ੍ਰਭਾਵਿਤ ਹੁੰਦੀ ਹੈ, ਉਥੇ ਇਸ ਦਾ ਵਿਦਿਆਰਥੀਆਂ ਦੇ ਮਨਾਂ ਉੱਤੇ ਵੀ ਮਾੜਾ ਪ੍ਰਭਾਵ ਜਾਂਦਾ ਹੈ। ਇਸ ਸਮੱਸਿਆ ਨਾਲ ਨਜਿੱਠਣ ਲਈ ਅਬਜ਼ਰਵਰ ਵੱਧ ਲਗਾਏ ਜਾਣਗੇ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਚੈਕਿੰਗ ਕਾਰਨ ਪ੍ਰੀਖਿਆਵਾਂ ਦੇ ਕੰਮ ਨੂੰ ਪ੍ਰਭਾਵਿਤ ਹੋਣ ਤੋਂ ਰੋਕਣ ਲਈ ਨਕਲ ਰੋਕੂ ਉਡਣ ਦਸਤੇ ਨੂੰ ਬੀਟਾਂ ਵਿੱਚ ਵੰਡਿਆ ਜਾਵੇਗਾ ਅਤੇ ਸਬੰਧਤ ਅਮਲਾ ਕੇਵਲ ਆਪਣੀ ਬੀਟ ਅਧੀਨ ਆਉਂਦੇ ਪ੍ਰੀਖਿਆ ਕੇਂਦਰਾਂ ਦੀ ਹੀ ਚੈਕਿੰਗ ਕਰ ਸਕੇਗਾ।