
ਮੁਹਾਲੀ ਪ੍ਰੈਸ ਕਲੱਬ ਦੀ ਚੋਣ: ਗੁਰਮੀਤ ਸ਼ਾਹੀ ਨੂੰ ਪ੍ਰਧਾਨ ਤੇ ਸੁਖਦੇਵ ਪਟਵਾਰੀ ਨੂੰ ਜਨਰਲ ਸਕੱਤਰ ਚੁਣਿਆ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 30 ਮਾਰਚ:
ਮੁਹਾਲੀ ਪ੍ਰੈਸ ਕਲੱਬ ਦੀ ਸਾਲਾਨਾ ਚੋਣ ਪ੍ਰਕਿਰਿਆ ਦਾ ਅਮਲ ਸਰਬਸੰਮਤੀ ਨਾਲ ਨੇਪਰੇ ਚੜ ਗਿਆ। ਮੁੱਖ ਚੋਣ ਕਮਿਸ਼ਨਰ ਹਰਿੰਦਰ ਪਾਲ ਸਿੰਘ ਹੈਰੀ, ਚੋਣ ਕਮਿਸ਼ਨਰ ਕ੍ਰਿਪਾਲ ਸਿੰਘ ਅਤੇ ਗੁਰਮੀਤ ਸਿੰਘ ਰੰਧਾਵਾ ਨੇ ਦੱਸਿਆ ਕਿ ਪ੍ਰੈਸ ਕਲੱਬ ਦੀ ਸਾਲਾਨਾ ਚੋਣ ਸਬੰਧੀ ਸਿਰਫ਼ ਇਕ ਹੀ ਗਰੁੱਪ ਸ਼ਾਹੀ-ਪਟਵਾਰੀ ਪੈਨਲ ਵੱਲੋਂ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਗਏ ਸਨ। ਅੱਜ ਨਾਮਜ਼ਦਗੀ ਫਾਰਮ ਵਾਪਸ ਲੈਣ ਦੇ ਆਖ਼ਰੀ ਦਿਨ ਸ਼ਾਹੀ-ਪਟਵਾਰੀ ਪੈਨਲ ਦੇ ਉਮੀਦਵਾਰਾਂ ਨੂੰ ਬਿਨਾਂ ਮੁਕਾਬਲੇ ਜੇਤੂ ਕਰਾਰ ਦਿੱਤਾ ਗਿਆ।
ਤਿੰਨ ਮੈਂਬਰੀ ਚੋਣ ਕਮਿਸ਼ਨਰ ਨੇ ਦੱਸਿਆ ਕਿ ਗੁਰਮੀਤ ਸਿੰਘ ਸ਼ਾਹੀ ਨੂੰ ਪ੍ਰਧਾਨ, ਸੁਖਦੇਵ ਸਿੰਘ ਪਟਵਾਰੀ ਨੂੰ ਜਨਰਲ ਸਕੱਤਰ, ਮਨਜੀਤ ਸਿੰਘ ਚਾਨਾ ਨੂੰ ਸੀਨੀਅਰ ਮੀਤ ਪ੍ਰਧਾਨ, ਸੁਸ਼ੀਲ ਗਰਚਾ ਤੇ ਵਿਜੈ ਕੁਮਾਰ ਨੂੰ ਮੀਤ ਪ੍ਰਧਾਨ, ਰਾਜ ਕੁਮਾਰ ਅਰੋੜਾ ਨੂੰ ਸੰਗਠਨ ਸਕੱਤਰ, ਮਾਇਆ ਰਾਮ ਤੇ ਨੀਲਮ ਕੁਮਾਰੀ ਠਾਕਰ ਨੂੰ ਸੰਯੁਕਤ ਸਕੱਤਰ ਅਤੇ ਰਾਜੀਵ ਤਨੇਜਾ ਨੂੰ ਕੈਸ਼ੀਅਰ ਚੁਣਿਆ ਗਿਆ ਹੈ। ਮੁੱਖ ਚੋਣ ਕਮਿਸ਼ਨ ਨੇ ਹਰਿੰਦਰ ਪਾਲ ਸਿੰਘ ਹੈਰੀ ਨੇ ਨਵੀਂ ਚੁਣੀ ਗਈ ਟੀਮ ਨੂੰ ਵਧਾਈ ਦਿੰਦੇ ਹੋਏ ਪ੍ਰੈਸ ਕਲੱਬ ਦੀ ਚੋਣ ਵਿੱਚ ਸਹਿਯੋਗ ਦੇਣ ਲਈ ਸਮੂਹ ਮੈਂਬਰਾਂ ਦਾ ਧੰਨਵਾਦ ਕੀਤਾ।
ਇਸ ਮੌਕੇ ਨਵੇਂ ਚੁਣੇ ਪ੍ਰਧਾਨ ਗੁਰਮੀਤ ਸਿੰਘ ਸ਼ਾਹੀ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਪਟਵਾਰੀ ਨੇ ਚੋਣ ਕਮਿਸ਼ਨਰ ਦਾ ਧੰਨਵਾਦ ਕਰਦੇ ਹੋਏ ਭਰੋਸਾ ਦਿਤਾ ਕਿ ਉਨਾਂ ਦੀ ਟੀਮ ਪੱਤਰਕਾਰਾਂ ਨੂੰ ਦਰਪੇਸ਼ ਸਮੱਸਿਆਵਾਂ ਅਤੇ ਲੋੜਾਂ ਨੂੰ ਪਹਿਲ ਦੇ ਅਧਾਰ ਤੇ ਦੂਰ ਕਰਨਗੇ। ਉਨ੍ਹਾਂ ਭਰੋਸਾ ਦਿਤਾ ਕਿ ਉਹ ਮੋਹਾਲੀ ਦੇ ਪੱਤਰਕਾਰਾਂ ਲਈ ਪੰਜਾਬ ਸਰਕਾਰ ਅਤੇ ਮੁਹਾਲੀ ਦੇ ਵਿਧਾਇਕ ਕੁਲਵੰਤ ਸਿੰਘ ਦੇ ਸਹਿਯੋਗ ਨਾਲ ਸਰਕਾਰ ਤੋਂ ਪ੍ਰੈਸ ਕਲੱਬ ਲਈ ਜ਼ਮੀਨ ਪ੍ਰਾਪਤ ਕਰਕੇ ਆਧੁਨਿਕ ਸਹੂਲਤਾਂ ਨਾਲ ਲੈਸ ਪ੍ਰੈਸ ਕਲੱਬ ਬਣਾਉਣ ਲਈ ਪੂਰੇ ਯਤਨ ਕਰਨਗੇ।