Share on Facebook Share on Twitter Share on Google+ Share on Pinterest Share on Linkedin ਭਾਰਤੀ ਚੋਣ ਕਮਿਸ਼ਨ ਵੱਲੋਂ ਪੰਜਾਬ ਸੂਬੇ ਦੀ ਚੋਣਾਂ ਦੌਰਾਨ ਆਈਟੀ ਖੇਤਰ ’ਚ ਲਾਮਿਸਾਲ ਕਾਰਗੁਜ਼ਾਰੀ ’ਤੇ ਨੈਸ਼ਨਲ ਐਵਾਰਡ ਲਈ ਚੋਣ ਡੀਸੀ ਵਿਪੁਲ ਉਜਵਲ ਨੂੰ ਮਿਲੇਗਾ ਸਪੈਸ਼ਲ ਐਵਾਰਡ, ‘ਈਸੀਆਈ ਐਪ’ ਤਿਆਰ ਕਰਨ ’ਤੇ ਹਾਸਲ ਕੀਤੀ ਉਪਲਬਧੀ 25 ਜਨਵਰੀ ਨੂੰ ਨਵੀਂ ਦਿੱਲੀ ’ਚ ਰਾਸ਼ਟਰੀ ਵੋਟਰ ਦਿਵਸ ’ਤੇ ਦੇਸ਼ ਦੇ ਰਾਸ਼ਟਰਪਤੀ ਸੌਂਪਣਗੇ ਐਵਾਰਡ ਅਮਰਜੀਤ ਸਿੰਘ ਸੋਢੀ ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ\ਹੁਸ਼ਿਆਰਪੁਰ, 20 ਜਨਵਰੀ: ਭਾਰਤ ਦੇ ਚੋਣ ਕਮਿਸ਼ਨ ਵਲੋਂ ਪੰਜਾਬ ਸੂਬੇ ਨੂੰ ਲੰਘੀਆਂ ਵਿਧਾਨ ਸਭਾ ਚੋਣਾਂ ਦੌਰਾਨ ਆਈ.ਟੀ.ਖੇਤਰ ਵਿਚ ਲਾਮਿਸਾਲ ਕਾਰਗੁਜ਼ਾਰੀ ’ਤੇ ਨੈਸ਼ਨਲ ਐਵਾਰਡ-2017 ਲਈ ਚੁਣਿਆ ਗਿਆ ਹੈ। ਇਸ ਐਵਾਰਡ ਤਹਿਤ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਵਿਪੁਲ ਉਜਵਲ ਆਈ.ਏ.ਐਸ ਨਵੀਂ ਦਿੱਲੀ ਵਿਖੇ 25 ਜਨਵਰੀ ਨੂੰ ਰਾਸ਼ਟਰੀ ਵੋਟਰ ਦਿਵਸ ’ਤੇ ਰਾਸ਼ਟਰੀ ਸਮਾਰੋਹ ਦੌਰਾਨ ਦੇਸ਼ ਦੇ ਮਾਨਯੋਗ ਰਾਸ਼ਟਰਪਤੀ ਕੋਲੋਂ ‘ਸਪੈਸ਼ਲ ਐਵਾਰਡ’ ਹਾਸਲ ਕਰਨਗੇ। ਉਨ੍ਹਾਂ ਦੀ ਇਸ ‘ਸਪੈਸ਼ਲ ਨੈਸ਼ਨਲ ਐਵਾਰਡ’ ਲਈ ਚੋਣ ਨਵਾਂ ਸ਼ਹਿਰ ਵਿਖੇ ਤਾਇਨਾਤੀ ਸਮੇਂ ਵਿਧਾਨ ਸਭਾ ਚੋਣਾਂ ਦੌਰਾਨ ਤਿਆਰ ਕੀਤੇ ਗਏ ਐਂਡਰਾਇਡ ਐਪ ‘ਈ ਸੀ ਆਈ ਐਪ’ ਸਦਕਾ ਹੋਈ ਹੈ। ਤਿਆਰ ਕੀਤੇ ਗਏ ਇਸ ਐਪ ਨੂੰ ਉਸ ਸਮੇਂ ਮੁੱਖ ਚੋਣ ਕਮਿਸ਼ਨਰ ਸ਼੍ਰੀ ਨਸੀਮ ਜ਼ੈਦੀ ਵਲੋਂ ਜਾਰੀ ਕੀਤਾ ਗਿਆ ਸੀ। ਭਾਰਤੀ ਚੋਣ ਕਮਿਸ਼ਨ ਵਲੋਂ ਪੰਜਾਬ ਸਮੇਤ 7 ਰਾਜਾਂ ਦੀ ਚੋਣਾਂ ਦੌਰਾਨ ਵੱਖ-ਵੱਖ ਖੇਤਰਾਂ ਵਿਚ ਲਾਮਿਸਾਲ ਕਾਰਗੁਜ਼ਾਰੀ ’ਤੇ ‘ਨੈਸ਼ਨਲ ਐਵਾਰਡ-2017’ ਲਈ ਚੋਣ ਕੀਤੀ ਗਈ ਹੈ। ਇਨ੍ਹਾਂ ਵਿਚੋਂ ‘ਸਪੈਸ਼ਲ ਨੈਸ਼ਨਲ ਐਵਾਰਡ’ ਸ਼੍ਰੇਣੀ ਲਈ 6 ਅਤੇ ‘ਜਨਰਲ ਨੈਸ਼ਨਲ ਐਵਾਰਡ’ ਸ਼੍ਰੇਣੀ ਲਈ ਵੀ ਦੇਸ਼ ਦੇ 6 ਅਧਿਕਾਰੀਆਂ ਨੂੰ ਇਹ ਮਾਣ ਪ੍ਰਾਪਤ ਹੋਇਆ ਹੈ। ਪੰਜਾਬ ਸੂਬੇ ਵਿਚ ਆਈ.ਟੀ. ਖੇਤਰ ਵਿਚ ਸਪੈਸ਼ਲ ਨੈਸ਼ਨਲ ਐਵਾਰਡ ਲਈ ਸ਼੍ਰੀ ਵਿਪੁਲ ਉਜਵਲ, ਜਨਰਲ ਨੈਸ਼ਨਲ ਐਵਾਰਡ ਲਈ ਡਿਪਟੀ ਕਮਿਸ਼ਨਰ ਲੁਧਿਆਣਾ ਸ਼੍ਰੀ ਰਵੀ ਭਗਤ ਆਈ.ਏ.ਐਸ ਦੀ ਚੋਣ ਕੀਤੀ ਗਈ ਹੈ। ਜਿਹੜੇ 10 ਹੋਰ ਅਧਿਕਾਰੀਆਂ ਦੀ ਇਸ ਨੈਸ਼ਨਲ ਐਵਾਰਡ-2017 ਲਈ ਚੋਣ ਕੀਤੀ ਗਈ ਹੈ, ਉਹ ਗੁਜਰਾਤ, ਮਨੀਪੁਰ, ਹਿਮਾਚਲ ਪ੍ਰਦੇਸ਼, ਉੱਤਰ ਪ੍ਰਦੇਸ਼, ਉਤਰਾਖੰਡ ਅਤੇ ਗੋਆ ਨਾਲ ਸਬੰਧਤ ਹਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮੋਬਾਇਲ ਆਈ.ਟੀ. ਦਾ ਯੁੱਗ ਹੋਣ ਕਾਰਨ ‘ਗੂਗਲ ਪਲੇਅ ਸਟੋਰ’ ’ਤੇ ਮੌਜੂਦ ਇਸ ਐਪ ਨੂੰ ਡਾਊਨਲੋਡ ਕਰਕੇ ਭਾਰਤ ਦੇ ਚੋਣ ਕਮਿਸ਼ਨ ਨਾਲ ਸਬੰਧਤ ਕੋਈ ਵੀ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ। ਹੋਰ ਤਾਂ ਹੋਰ, ਲੰਘੀਆਂ ਵਿਧਾਨ ਸਭਾ ਚੋਣਾਂ ਨਾਲ ਸਬੰਧਤ ਹਰੇਕ ਜਾਣਕਾਰੀ ਜਿਸ ਵਿੱਚ ਚੋਣ ਕਮਿਸ਼ਨ ਦੇ ਨੋਟੀਫ਼ਿਕੇਸ਼ਨ, ਉਮੀਦਵਾਰਾਂ ਵਲੋਂ ਦਾਖਲ ਕੀਤੀਆਂ ਨਾਮਜ਼ਦਗੀਆਂ ਆਦਿ ਸਾਰੀ ਜਾਣਕਾਰੀ ਵੀ ਮੋਬਾਇਲ ’ਤੇ ਦੇਖੀ ਜਾ ਸਕਦੀ ਸੀ। ਉਨ੍ਹਾਂ ਦੱਸਿਆ ਕਿ ਉਹ ਪਿਛਲੇ ਕੁੱਝ ਸਮੇਂ ਤੋਂ ਮੁੱਖ ਚੋਣ ਕਮਿਸ਼ਨ ਵਲੋਂ ਆਪਣੀ ਵੈੱਬਸਾਈਟ ’ਤੇ ਜਾਰੀ ਕੀਤੇ ਜਾਂਦੇ ਚੋਣ ਨੋਟੀਫ਼ਿਕੇਸ਼ਨਾਂ, ਰਾਜਸੀ ਪਾਰਟੀਆਂ, ਉਮੀਦਵਾਰਾਂ, ਅਧਿਕਾਰੀਆਂ ਅਤੇ ਆਮ ਜਨਤਾ ਲਈ ਅਹਿਮ ਜਾਣਕਾਰੀਆਂ ਅਤੇ ਚੋਣ ਸਬੰਧੀ ਹਰ ਤਰ੍ਹਾਂ ਦੀ ਜਾਣਕਾਰੀ ਮੋਬਾਇਲ ਐਪ ਦੇ ਰੂਪ ਵਿੱਚ ਉਪਲਬੱਧ ਨਾ ਹੋਣ ਕਾਰਨ, ਆਮ ਲੋਕਾਂ, ਮੀਡੀਆ, ਰਾਜਨੀਤਕ ਪਾਰਟੀਆਂ ਅਤੇ ਉਮੀਦਵਾਰਾਂ ਨੂੰ ਦਰਪੇਸ਼ ਮੁਸ਼ਕਿਲਾਂ ਨੂੰ ਖੁਦ ਵੀ ਇੱਕ ਮੋਬਾਇਲ ਉਪਭੋਗਤਾ ਵਜੋਂ ਮਹਿਸੂਸ ਕਰ ਰਹੇ ਸਨ। ਇਸ ਸਮੱਸਿਆ ਦੇ ਹੱਲ ਨੂੰ ਲੈ ਕੇ ਇਹ ‘ਈ ਸੀ ਆਈ ਐਪ’ ਵਿਕਸਿਤ ਕਰਨ ਦਾ ਫ਼ੁਰਨਾ ਉਨ੍ਹਾਂ ਦੇ ਦਿਮਾਗ ਵਿੱਚ ਆਇਆ ਅਤੇ ਉਨ੍ਹਾਂ ਨੇ ਆਈ.ਟੀ. ਮਾਹਿਰਾਂ ਦੀ ਮਦਦ ਨਾਲ ਇਸ ਨੂੰ ਅਮਲੀ ਰੂਪ ਦੇ ਕੇ ਸਾਹਮਣੇ ਲਿਆਂਦਾ। ਇਹ ਵੀ ਕਾਬਿਲੇਗੌਰ ਹੈ ਕਿ ਸ਼੍ਰੀਮਤੀ ਸੋਨਾਲੀ ਗਿਰੀ ਆਈ.ਏ.ਐਸ, ਜੋ ਸ਼੍ਰੀ ਵਿਪੁਲ ਉਜਵਲ ਦੇ ਧਰਮ ਪਤਨੀ ਹਨ, ਨੂੰ ਵੀ 2014 ਵਿਚ ਆਈ.ਟੀ ਖੇਤਰ ਵਿਚ ਹੀ ਨੈਸ਼ਨਲ ਐਵਾਰਡ ਵਜੋਂ ਨਿਵਾਜ਼ਿਆ ਗਿਆ ਸੀ। ਇਸ ਤੋਂ ਇਲਾਵਾ ਇਨ੍ਹਾਂ ਅਧਿਕਾਰੀਆਂ ਵਲੋਂ 2016 ਵਿਚ ‘ਗੂਗਲ ਟੁਆਇਲਟ ਲੋਕੇਟਰ ਐਪ’ ਵੀ ਤਿਆਰ ਕੀਤਾ ਗਿਆ ਸੀ, ਜੋ ਅੱਜ ਪੂਰੇ ਭਾਰਤ ਵਿਚ ਚੱਲ ਰਿਹਾ ਹੈ ਅਤੇ ਇਸ ’ਤੇ ਪੂਰੇ ਦੇਸ਼ ਵਿਚ ਅਰਬਨ ਲੋਕਲ ਬਾਡੀਜ਼ ਵਲੋਂ ਪਬਲਿਕ ਟੁਆਇਲਟ ਦਾ ਡੈਟਾ ਅਪਲੋਡ ਕੀਤਾ ਜਾ ਰਿਹਾ ਹੈ। ਇਸ ਐਪ ਨੂੰ ਉਸ ਸਮੇਂ ਦੇ ਭਾਰਤ ਸਰਕਾਰ ਦੇ ਅਰਬਨ ਲੋਕਲ ਬਾਡੀਜ਼ ਮੰਤਰੀ ਵੈਂਕਈਆ ਨਾਇਡੂ ਵਲੋਂ ਲਾਂਚ ਕੀਤਾ ਗਿਆ ਸੀ। ਡਿਪਟੀ ਕਮਿਸ਼ਨਰ ਸ਼੍ਰੀ ਵਿਪੁਲ ਉਜਵਲ ਨੇ ਹੁਸ਼ਿਆਰੁਪਰ ਵਿਖੇ ਇਕ ਨਿਵੇਕਲੀ ਪਹਿਲ ਕਰਦਿਆਂ ‘ਸਮਰਪਣ’ ਪ੍ਰੋਜੈਕਟ ਵੀ ਸ਼ੁਰੂ ਕੀਤਾ ਹੋਇਆ ਹੈ, ਜਿਸਦੇ ਕਰੀਬ 10 ਹਜ਼ਾਰ ਦਾਨੀ-ਸੱਜਣ ਮੈਂਬਰ ਬਣ ਚੁੱਕੇ ਹਨ। ਇਸ ਪ੍ਰੋਜੈਕਟ ਜ਼ਰੀਏ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕੀਤਾ ਜਾਵੇਗਾ। ਰੋਜ਼ਾਨਾ ਦੇ ਇਕ ਰੁਪਏ ਦੇ ਹਿਸਾਬ ਨਾਲ ਸਾਲ ਦੇ 365 ਰੁਪਏ ਦਾਨੀ-ਸੱਜਣ ਵਲੋਂ ਦਾਨ ਕਰਕੇ ‘ਸਮਰਪਣ’ ਵਿਚ ਯੋਗਦਾਨ ਪਾਇਆ ਜਾ ਰਿਹਾ ਹੈ। ਸ਼੍ਰੀ ਵਿਪੁਲ ਉਜਵਲ ਦੀ ਇਸ ਸੋਚ ਸਦਕਾ ਦਾਨੀ-ਸੱਜਣ ਅੱਗੇ ਹੋ ਕੇ ‘ਸਮਰਪਣ’ ਦੇ ਮੈਂਬਰ ਬਣ ਰਹੇ ਹਨ। ਜ਼ਿਲ੍ਹੇ ਵਿਚ ਚੱਲ ਰਹੀ ਸਾਂਝੀ ਰਸੋਈ ਵਿਚ ਵੀ ਲੋਕਾਂ ਵਲੋਂ ਆਪਣੇ ਜਾਂ ਆਪਣੇ ਪਰਿਵਾਰਕ ਮੈਂਬਰਾਂ ਦੇ ਜਨਮ ਦਿਨ ਮਨਾਉਣ ਦਾ ਰੁਝਾਨ ਉਨ੍ਹਾਂ ਨੇ ਹੀ ਆਪਣੀ ਬੇਟੀ ਅਤੇ ਆਪਣਾ ਜਨਮ ਦਿਨ ਮਨਾ ਕੇ ਕੀਤਾ ਸੀ। ਅੱਜ ਜ਼ਿਲ੍ਹੇ ਦੀ ਸਾਂਝੀ ਰਸੋਈ ਪੂਰੇ ਸੂਬੇ ’ਚੋਂ ਮੋਹਰੀ ਰੋਲ ਅਦਾ ਕਰ ਰਹੀ ਹੈ ਅਤੇ ਇੱਥੇ ਹਰ ਰੋਜ਼ 10 ਰੁਪਏ ਵਿਚ ਪੇਟ ਭਰ ਪੌਸ਼ਟਿਕ ਖਾਣਾ ਮੁਹੱਈਆ ਕਰਵਾਇਆ ਜਾ ਰਿਹਾ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ