
ਸ੍ਰੀ ਸਨਾਤਨ ਧਰਮ ਮੰਦਰ ਕਮੇਟੀ ਮਟੌਰ ਦੀ ਚੋਣ 12 ਫਰਵਰੀ ਨੂੰ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 1 ਫਰਵਰੀ:
ਇੱਥੋਂ ਦੇ ਸ੍ਰੀ ਸਨਾਤਨ ਧਰਮ ਵੈਲਫੇਅਰ ਸੁਸਾਇਟੀ ਮਟੌਰ (ਸੈਕਟਰ-70) ਦੀ ਸਾਲਾਨਾ ਚੋਣ 12 ਫਰਵਰੀ ਨੂੰ ਕਰਵਾਈ ਜਾਵੇਗੀ। ਇਹ ਫ਼ੈਸਲਾ ਮੰਦਰ ਕਮੇਟੀ ਦੇ ਪ੍ਰਧਾਨ ਸਿਕੰਦਰ ਸ਼ਰਮਾ ਦੀ ਅਗਵਾਈ ਹੇਠ ਹੋਈ ਮੀਟਿੰਗ ਵਿੱਚ ਲਿਆ ਗਿਆ। ਉਨ੍ਹਾਂ ਦੱਸਿਆ ਕਿ ਮੰਦਰ ਕਮੇਟੀ ਪ੍ਰਧਾਨ ਦੇ ਅਹੁਦੇ ਦੀ ਚੋਣ ਕਰਵਾਉਣ ਲਈ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਕੀਲ ਅਤੇ ਸੀਨੀਅਰ ਮੈਂਬਰ ਪੰਕਜ ਮੈਣੀ ਨੂੰ ਰਿਟਰਨਿੰਗ ਅਫ਼ਸਰ (ਆਰਓ) ਨਿਯੁਕਤ ਕੀਤਾ ਗਿਆ ਹੈ।
ਅੱਜ ਇੱਥੇ ਸ੍ਰੀ ਸ਼ਰਮਾ ਨੇ ਦੱਸਿਆ ਕਿ ਚੋਣ ਸਬੰਧੀ ਸਮੂਹ ਮੈਂਬਰਾਂ ਦੀ ਜਾਣਕਾਰੀ ਲਈ ਮੰਦਰ ਕੰਪਲੈਕਸ ਵਿੱਚ ਸੂਚਨਾ ਬੋਰਡ ’ਤੇ ਪਬਲਿਕ ਨੋਟਿਸ ਲਗਾ ਦਿੱਤਾ ਗਿਆ ਹੈ ਤਾਂ ਜੋ ਸਾਰੇ ਮੈਂਬਰਾਂ ਨੂੰ ਚੋਣ ਪ੍ਰਕਿਰਿਆ ਬਾਰੇ ਮੁੱਢਲੀ ਜਾਣਕਾਰੀ ਮਿਲ ਸਕੇ। ਇਸ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਮੰਦਰ ਕਮੇਟੀ ਦੇ ਮੈਂਬਰਾਂ ਨੂੰ ਵੱਖਰੇ ਤੌਰ ’ਤੇ ਡਾਕ ਰਾਹੀਂ ਅਤੇ ਵਸਟਐਪ ’ਤੇ ਅਗਾਊਂ ਸੂਚਨਾ ਭੇਜੀ ਗਈ ਹੈ ਤਾਂ ਜੋ ਚੋਣਾਂ ਵਿੱਚ ਹਿੱਸਾ ਲੈ ਸਕਣ। ਉਨ੍ਹਾਂ ਦੱਸਿਆ ਕਿ ਮੌਜੂਦਾ ਰਿਕਾਰਡ ਮੁਤਾਬਕ ਮੰਦਰ ਕਮੇਟੀ ਦੇ ਕੁੱਲ 143 ਮੈਂਬਰ\ਵੋਟਰ ਹਨ। ਚੋਣ ਸਬੰਧੀ ਮੁਹਾਲੀ ਦੇ ਡਿਪਟੀ ਕਮਿਸ਼ਨਰ, ਐਸਡੀਐਮ ਅਤੇ ਰਜਿਸਟਰਾਰ ਨੂੰ ਲਿਖਤੀ ਰੂਪ ਵਿੱਚ ਲੋੜੀਂਦੀ ਸੂਚਨਾ ਅਤੇ ਵੋਟਰ ਸੂਚੀ ਭੇਜੀ ਗਈ ਹੈ। ਚੋਣ ਅਫ਼ਸਰ ਪੰਕਜ ਮੈਣੀ ਦੀ ਦੇਖਰੇਖ ਵਿੱਚ 12 ਫਰਵਰੀ ਨੂੰ ਸਵੇਰੇ 11 ਵਜੇ ਮਤਦਾਨ ਸ਼ੁਰੂ ਹੋਵੇਗਾ ਅਤੇ ਬਾਅਦ ਦੁਪਹਿਰ 3 ਵਜੇ ਤੱਕ ਵੋਟਾਂ ਪੈਣਗੀਆਂ। ਉਪਰੰਤ ਵੋਟਾਂ ਦੀ ਗਿਣਤੀ ਹੋਵੇਗੀ ਅਤੇ ਸ਼ਾਮ ਨੂੰ ਨਤੀਜਾ ਐਲਾਨਿਆ ਜਾਵੇਗਾ। ਇਸ ਸਬੰਧੀ ਆਰਓ ਵੱਲੋਂ ਸਮੁੱਚੀ ਚੋਣ ਪ੍ਰਕਿਰਿਆ ਦਾ ਸ਼ਡਿਊਲ ਮੰਦਰ ਦੇ ਨੋਟਿਸ ਬੋਰਡ ਉੱਤੇ ਲਗਾ ਦਿੱਤਾ ਗਿਆ ਹੈ।