
ਵੋਟਰ ਸੂਚੀ ਦੀ ਪ੍ਰਕਾਸ਼ਨਾ ਸਬੰਧੀ ਜ਼ਿਲ੍ਹਾ ਚੋਣ ਅਫ਼ਸਰ ਨੇ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਕੀਤੀ ਮੀਟਿੰਗ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 9 ਨਵੰਬਰ:
ਭਾਰਤ ਚੋਣ ਕਮਿਸ਼ਨ ਨਵੀਂ ਦਿੱਲੀ ਦੀਆਂ ਹਦਾਇਤਾਂ ਅਨੁਸਾਰ ਅੱਜ ਜ਼ਿਲ੍ਹਾ ਐਸ.ਏ.ਐਸ ਨਗਰ (ਮੁਹਾਲੀ) ਵਿੱਚ ਪੈਂਦੇ ਤਿੰਨਾਂ ਵਿਧਾਨ ਸਭਾ ਹਲਕਿਆਂ ਮੁਹਾਲੀ, ਖਰੜ ਅਤੇ ਡੇਰਾਬੱਸੀ ਦੀ ਵੋਟਰ ਸੂਚੀਆਂ ਦੀ ਮੁੱਢਲੀ ਪ੍ਰਕਾਸ਼ਨਾ ਕੀਤੀ ਗਈ। ਇਸ ਮੌਕੇ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਅਮਿਤ ਤਲਵਾੜ ਵਲੋਂ ਜਿਲ੍ਹੇ ਦੀਆਂ ਸਮੂਹ ਰਾਜਨੀਤਿਕ ਪਾਰਟੀਆਂ ਨਾਲ ਮੀਟਿੰਗ ਕੀਤੀ ਗਈ ਅਤੇ ਉਹਨਾਂ ਨੂੰ ਵੋਟਰ ਸੂਚੀ ਦੇ ਸੈੱਟ ਅਤੇ ਇੱਕ-ਇੱਕ ਸੀਡੀ (ਬਿਨ੍ਹਾ ਫੋਟੋ ਵੋਟਰ ਸੂਚੀ) ਦਿੱਤੀ ਗਈ।
ਇਸ ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਨੇ ਰਾਜਨੀਤਿਕ ਪਾਰਟੀਆਂ ਨੂੰ ਅਪੀਲ ਕੀਤੀ ਗਈ ਕਿ ਉਹ ਆਮ ਜਨਤਾ ਨੂੰ ਵੋਟਾਂ ਬਣਾਉਣ ਅਤੇ ਉਸ ਦਾ ਸਹੀ ਇਸਤੇਮਾਲ ਕਰਨ ਲਈ ਜਾਗਰੂਕ ਕਰਨ। ਇਸ ਤੋਂ ਇਲਾਵਾ ਉਹਨਾਂ ਵੱਲੋਂ ਇਹ ਵੀ ਦੱਸਿਆ ਗਿਆ ਕਿ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਹੁਣ ਸਾਲ ਵਿੱਚ 4 ਵਾਰੀ ਰਿਵੀਜ਼ਨ ਕੀਤੀ ਜਾਵੇਗੀ। ਜਿਹਨਾਂ ਦੀ ਯੋਗਤਾ ਮਿਤੀ 1 ਜਨਵਰੀ 2023, 1 ਅਪਰੈਲ 2023, 1 ਜੁਲਾਈ 2023, 01 ਅਕਤੂਬਰ 2023 ਹੋਵੇਗੀ। ਜਿਨ੍ਹਾਂ ਵਿਦਿਆਰਥੀਆਂ ਦੀ ਉਮਰ ਮਿਤੀ 1 ਜਨਵਰੀ 2023 ਨੂੰ 17 ਸਾਲ ਤੋਂ ਵੱਧ ਹੋ ਚੁੱਕੀ ਹੈ, ਉਹ ਆਪਣੀ ਵੋਟ ਬਣਾਉਣ ਲਈ ਜਰੂਰ ਅਪਲਾਈ ਕਰਨ।
ਵੋਟ ਬਣਾਉਣ ਲਈ ਫਾਰਮ ਨੰਬਰ 6, ਪ੍ਰਵਾਸੀ ਭਾਰਤੀ (ਐਨਆਰਆਈ) 61, ਵੋਟਰ ਕਾਰਡ ਨੂੰ ਆਧਾਰ ਕਾਰਡ ਨਾਲ ਲਿੰਕ ਕਰਨ ਲਈ ਫਾਰਮ ਨੰਬਰ 6ਬੀ, ਵੋਟ ਕਟਵਾਉਣ ਲਈ ਫਾਰਮ ਨੰ.7 ਅਤੇ ਵੋਟ ਸ਼ਿਫਟ ਕਰਵਾਉਣ ਲਈ, ਵੋਟਰ ਕਾਰਡ ਵਿੱਚ ਸੋਧ ਕਰਨ ਅਤੇ ਡੁਪਲੀਕੇਟ ਵੋਟਰ ਕਾਰਡ ਬਣਾਉਣ ਲਈ ਫਾਰਮ ਨੰਬਰ 8 ਐਨਵੀਐਸਪੀ ਡਾਟ ਇੰਨ ਜਾਂ ਵੋਟਰ ਹੈਲਪਲਾਈਨ ਐਪ ਰਾਹੀਂ ਭਰੇ ਜਾ ਸਕਦੇ ਹਨ। ਇਸ ਸਬੰਧੀ ਮਿਤੀ 19 ਨਵੰਬਰ 2022, 20 ਨਵੰਬਰ 2022 ਅਤੇ 3 ਦਸੰਬਰ 2022, 4 ਦਸੰਬਰ 2022 ਨੂੰ ਬੀਐਲਓ ਵੱਲੋਂ ਪੋਲਿੰਗ ਬੂਥਾਂ ਤੇ ਸਪੈਸ਼ਲ ਕੈਂਪ ਵੀ ਲਗਾਏ ਜਾਣਗੇ।
ਇਸ ਮੀਟਿੰਗ ਵਿੱਚ ਸਿਆਸੀ ਪਾਰਟੀਆਂ ਦੇ ਨੁਮਾਇੰਦੇ ਬਲਵਿੰਦਰ ਸਿੰਘ (ਸੀਪੀਆਈ), ਬਹਾਦੁਰ ਸਿੰਘ ਚਾਹਲ (ਆਪ), ਗੋਵਿੰਦਰ ਮਿੱਤਲ (ਆਪ), ਬਲਬੀਰ ਸਿੰਘ ਮੁਸਾਫ਼ਰ ਸੀਪੀਆਈ (ਐਮ), ਅਨਿਲ ਕੁਮਾਰ (ਭਾਜਪਾ), ਮਨਜੀਤ ਸਿੰਘ (ਸ਼੍ਰੋਮਣੀ ਅਕਾਲੀ ਦਲ), ਜਸਮੀਰ ਲਾਲ (ਕਾਂਗਰਸ), ਸੁਖਦੇਵ ਸਿੰਘ ਚੱਪੜਚਿੜੀ (ਬਹੁਜਨ ਸਮਾਜ ਪਾਰਟੀ) ਸ਼ਾਮਲ ਸਨ।