nabaz-e-punjab.com

ਅਕਾਲੀ ਦਲ ਦੇ ਪਹਿਰੇ ਹੇਠ ਹੋਈ ਗੁਰਦੁਆਰਾ ਸਾਹਿਬ ਕੁਰਾਲੀ ਦੇ ਪ੍ਰਧਾਨ ਦੀ ਚੋਣ

ਵਿਰੋਧੀ ਧਿਰ ਵੱਲੋਂ ਸ਼ਹਿਰ ਦੇ ਨਿਰੋਲ ਵਸਨੀਕਾਂ ’ਤੇ ਆਧਾਰਿਤ ਵਿਸ਼ੇਸ਼ ਕਮੇਟੀ ਬਣਾਉਣ ਦੀ ਮੰਗ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 11 ਅਗਸਤ:
ਜ਼ਿਲ੍ਹਾ ਮੁਹਾਲੀ ਦੇ ਕਸਬਾ ਕੁਰਾਲੀ ਸਥਿਤ ਗੁਰਦੁਆਰਾ ਸ੍ਰੀ ਗੁਰੂ ਹਰਿਗੋਬਿੰਦਗੜ੍ਹ ਸਾਹਿਬ ਵਿੱਚ ਕਮੇਟੀ ਦੇ ਪ੍ਰਧਾਨ ਦੀ ਹੋਈ ਚੋਣ ਵਿੱਚ ਰਾਜਨੀਤਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਖੁੱਲ੍ਹ ਕੇ ਦਖ਼ਲਅੰਦਾਜ਼ੀ ਕੀਤੀ ਗਈ ਅਤੇ ਚੋਣ ਮੌਕੇ ਬਾਹਰੀ ਅਕਾਲੀ ਵਰਕਰਾਂ ਨੂੰ ਲਿਆ ਕੇ ਧੱਕੇਸ਼ਾਹੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਅੱਜ ਇੱਥੇ ਮੁਹਾਲੀ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੁਰਾਲੀ ਸ਼ਹਿਰ ਦੇ ਵਸਨੀਕਾਂ ਅਤੇ ਵਿਰੋਧੀ ਧੜੇ ਦੇ ਆਗੂਆਂ ਡਾ. ਅਮਰ ਸਿੰਘ, ਬਾਬਾ ਪ੍ਰਗਟ ਸਿੰਘ, ਰਾਜਿੰਦਰ ਸਿੰਘ, ਜਗਜੀਤ ਸਿੰਘ, ਕਰਮ ਸਿੰਘ ਨੇ ਦੱਸਿਆ ਕਿ 10 ਅਗਸਤ ਨੂੰ ਗੁਰਦੁਆਰਾ ਸਾਹਿਬ ਦੀ ਕਮੇਟੀ ਦੇ ਪ੍ਰਧਾਨ ਚੋਣ ਕੀਤੀ ਜਾਣੀ ਸੀ। ਇਸ ਚੋਣ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਰਣਜੀਤ ਸਿੰਘ ਗਿੱਲ, ਅਕਾਲੀ ਦਲ ਦੇ ਕਿਸਾਨ ਵਿੰਗ ਦਾ ਪ੍ਰਧਾਨ ਸਰਬਜੀਤ ਸਿੰਘ ਕਾਦੀਮਾਜਰਾ, ਐਸਜੀਪੀਸੀ ਮੈਂਬਰ ਅਜਮੇਰ ਸਿੰਘ ਖੇੜਾ, ਚਰਨਜੀਤ ਸਿੰਘ ਚੰਨਾ ਦੀ ਅਗਵਾਈ ਹੇਠ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਵਿੱਚ ਜੋ ਧੱਕੇਸ਼ਾਹੀ ਕੀਤੀ ਗਈ ਉਸ ਨਾਲ ਸਿੱਖ ਸੰਗਤ ਦੇ ਹਿਰਦੇ ਵਲੰੂਧਰੇ ਗਏ ਹਨ।
ਪ੍ਰਧਾਨ ਦੀ ਚੋਣ ਵਾਲੇ ਦਿਨ ਗੁਰਦੁਆਰਾ ਸਾਹਿਬ ਦੇ ਅੰਦਰ ਕੁਰਾਲੀ ਦੀ ਸੰਗਤ ਨਹੀਂ ਬਲਕਿ ਅਕਾਲੀ ਦਲ ਦੇ ਬਾਹਰੋਂ ਬੁਲਾਏ ਗਏ ਵਰਕਰਾਂ ਨਾਲ ਗੁਰਦੁਆਰਾ ਸਾਹਿਬ ਦਾ ਹਾਲ ਖਚਾਖਚ ਭਰਿਆ ਹੋਇਆ ਸੀ। ਚੋਣ ਤੋਂ ਪਹਿਲਾਂ ਨਿਯਮਾਂ ਨੂੰ ਛਿੱਕੇ ਟੰਗ ਕੇ ਏਨੀ ਜ਼ਿਆਦਾ ਧੱਕੇਸ਼ਾਹੀ ਕੀਤੀ ਗਈ ਕਿ ਪੁਰਾਣੀ ਬਾਡੀ ਨੂੰ ਭੰਗ ਵੀ ਨਹੀਂ ਕੀਤਾ ਗਿਆ ਅਤੇ ਨਾ ਹੀ ਪੁਰਾਣੇ ਸਾਰੇ ਮੈਂਬਰਾਂ ਦੇ ਰਿਕਾਰਡ ਵਿੱਚ ਦਸਤਖ਼ਤ ਕਰਵਾਏ ਗਏ।
ਉਨ੍ਹਾਂ ਕਿਹਾ ਕਿ ਅਕਾਲੀ ਦਲ ਵੱਲੋਂ ਇਸ ਵਾਰ ਵੀ ਉਸ ਵਿਅਕਤੀ ਪ੍ਰਿੰਸੀਪਲ ਸਵਰਨ ਸਿੰਘ ਨੂੰ ਮੁੜ ਤੋਂ ਪ੍ਰਧਾਨ ਬਣਾ ਦਿੱਤਾ ਗਿਆ ਜੋ ਕਿ ਅਕਾਲੀ ਦਲ ਦੇ ਜ਼ੋਰ ਨਾਲ ਪਿਛਲੇ ਛੇ ਸਾਲ ਤੋਂ ਜਬਰਦਸਤੀ ਢੰਗ ਨਾਲ ਪ੍ਰਧਾਨਗੀ ਦੀ ਸੀਟ ’ਤੇ ਕਾਬਜ਼ ਹੈ। ਪ੍ਰਿੰਸੀਪਲ ਸਵਰਨ ਸਿੰਘ ਨੂੰ ਮੁੜ ਤੋਂ ਪੰਜ ਸਾਲਾਂ ਲਈ ਜ਼ਬਰਦਸਤੀ ਪ੍ਰਧਾਨ ਇਸ ਲਈ ਬਣਾਇਆ ਗਿਆ ਹੈ ਕਿਉਂਕਿ ਇਨ੍ਹਾਂ ਨੇ ਆਪਣੀ ਪਿਛਲੇ ਟਰਮ ਵਿਚ ਅਕਾਲੀ ਦਲ ਦੀਆਂ ਰੈਲੀਆਂ ਵਿਚ ਗੁਰਦੁਆਰਾ ਸਾਹਿਬ ਤੋਂ ਲੰਗਰ ਆਦਿ ਭੇਜਦੇ ਰਹੇ ਹਨ ਅਤੇ ਗੁਰਦੁਆਰਾ ਸਾਹਿਬ ਦੀ ਹਦੂਦ ਅੰਦਰ ਅਕਾਲੀ ਦਲ ਦੀਆਂ ਰਾਜਨੀਤਕ ਮੀਟਿੰਗਾਂ ਲਈ ਚਾਹ ਪਕੌੜਿਆਂ ਦਾ ਪ੍ਰਬੰਧ ਵੀ ਖੁੱਲ੍ਹ ਕੇ ਕਰਦੇ ਆ ਰਹੇ ਹਨ।
ਉਨ੍ਹਾਂ ਮੰਗ ਕੀਤੀ ਕਿ ਅਕਾਲੀ ਦਲ ਵੱਲੋਂ ਗੁਰਦੁਆਰਾ ਸਾਹਿਬ ਦੇ ਧੱਕੇਸ਼ਾਹੀ ਨਾਲ ਚੁਣੇ ਗਏ ਪ੍ਰਧਾਨ ਪ੍ਰਿੰਸੀਪਲ ਸਵਰਨ ਸਿੰਘ ਨੂੰ ਨੈਤਿਕਤਾ ਦੇ ਅਧਾਰ ’ਤੇ ਤੁਰੰਤ ਅਸਤੀਫ਼ਾ ਦੇਣਾ ਚਾਹੀਦਾ ਹੈ ਅਤੇ ਲੋਕਤੰਤਰਿਕ ਢੰਗ ਨਾਲ ਸਿਰਫ਼ ਤੇ ਸਿਰਫ਼ ਨਿਰੋਲ ਕੁਰਾਲੀ ਦੀ ਸੰਗਤ ਦੀ ਹਾਜ਼ਰੀ ਵਿਚ ਪ੍ਰਬੰਧਕ ਕਮੇਟੀ ਦੀ ਚੋਣ ਕੀਤੀ ਜਾਣੀ ਚਾਹੀਦੀ ਹੈ। ਜੇਕਰ ਅਜਿਹਾ ਨਹੀਂ ਕੀਤਾ ਗਿਆ ਤਾਂ ਆਉਣ ਵਾਲੇ ਦਿਨਾਂ ਵਿੱਚ ਅਕਾਲੀ ਦਲ ਦੀ ਇਸ ਧੱਕੇਸ਼ਾਹੀ ਵਿਰੁੱਧ ਸੰਘਰਸ਼ ਕੀਤਾ ਜਾਵੇਗਾ।
(ਬਾਕਸ ਆਈਟਮ)
ਗੁਰਦੁਆਰਾ ਸਾਹਿਬ ਦੇ ਪ੍ਰਧਾਨ ਪ੍ਰਿੰਸੀਪਲ ਸਵਰਨ ਸਿੰਘ ਨੇ ਉਕਤ ਸਾਰੇ ਦੋਸ਼ਾਂ ਨੂੰ ਬਿਲਕੁਲ ਬੇਬੁਨਿਆਦ, ਮਨਘੜਤ ਅਤੇ ਝੂਠ ਦਾ ਪੁਲੰਦਾ ਦੱਸਦਿਆਂ ਕਿਹਾ ਕਿ ਪ੍ਰਧਾਨ ਦੀ ਚੋਣ ਸੰਗਤ ਦੀ ਹਾਜ਼ਰੀ ਵਿੱਚ ਸਹੀ ਤਰੀਕੇ ਨਾਲ ਹੋਈ ਹੈ। ਇਸ ਸਬੰਧੀ ਬਕਾਇਦਾ ਦੋ ਦਿਨ ਪਹਿਲਾਂ ਸੰਗਤ ਨੂੰ ਸੂਚਨਾ ਦਿੱਤੀ ਗਈ ਸੀ ਕਿ ਪ੍ਰਧਾਨ ਦੀ ਚੋਣ ਹੋਣੀ ਹੈ। ਅਕਾਲੀ ਆਗੂਆਂ ਦੀ ਮੌਜੂਦਗੀ ਬਾਰੇ ਉਨ੍ਹਾਂ ਦੱਸਿਆ ਕਿ ਪਹਿਲਾਂ ਵੀ ਗੁਰਦੁਆਰਾ ਕਮੇਟੀ ਦੀ ਚੋਣ ਐਸਜੀਪੀਸੀ ਮੈਂਬਰ ਤੇ ਹੋਰ ਮੋਹਤਬਰ ਵਿਅਕਤੀ ਅਤੇ ਇਲਾਕੇ ਦੇ ਆਗੂਆਂ ਦੀ ਹਾਜ਼ਰ ਵਿੱਚ ਹੁੰਦੀ ਸੀ।
(ਬਾਕਸ ਆਈਟਮ)
ਐਸਜੀਪੀਸੀ ਦੇ ਮੈਂਬਰ ਚਰਨਜੀਤ ਸਿੰਘ ਚੰਨਾ ਕਾਲੇਵਾਲ ਨੇ ਦੱਸਿਆ ਕਿ ਗੁਰਦੁਆਰਾ ਸ੍ਰੀ ਗੁਰੂ ਹਰਿਗੋਬਿੰਦਗੜ੍ਹ ਸਾਹਿਬ ਸਿਰਫ਼ ਕੁਰਾਲੀ ਸ਼ਹਿਰ ਦਾ ਹੀ ਨਹੀਂ ਬਲਕਿ ਪੂਰੇ ਇਲਾਕੇ ਦਾ ਗੁਰਦੁਆਰਾ ਹੈ। ਉਨ੍ਹਾਂ ਦੱਸਿਆ ਕਿ ਵਿਰੋਧੀ ਧੜੇ ਨੂੰ ਬੋਲਣ ਦਾ ਪੂਰਾ ਮੌਕਾ ਦਿੱਤਾ ਗਿਆ ਸੀ ਪ੍ਰੰਤੂ ਜਦੋਂ ਉਹ ਅਕਾਲੀ ਦਲ ਅਤੇ ਬਾਦਲਾਂ ਦੇ ਖ਼ਿਲਾਫ਼ ਬੋਲਣ ਲੱਗੇ ਤਾਂ ਸੰਗਤ ਭੜਕ ਗਈ। ਜਿਸ ਕਾਰਨ ਉੱਥੇ ਹਾਜ਼ਰ ਇਲਾਕੇ ਦੇ ਮੋਹਤਬਰ ਬੰਦਿਆਂ ਨੇ ਸਥਿਤੀ ਸੰਭਾਲੀ ਅਤੇ ਸੰਗਤ ਦੀ ਹਾਜ਼ਰ ਵਿੱਚ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਦੀ ਚੋਣ ਕੀਤੀ ਗਈ। ਉਨ੍ਹਾਂ ਦੱਸਿਆ ਕਿ ਗੁਰੂਘਰ ਦੀ ਇਮਾਰਤ ਦੀ ਉਸਾਰੀ ਲਈ ਪੂਰੇ ਇਲਾਕੇ ਦੀ ਸੰਗਤ ਨੇ ਸਹਿਯੋਗ ਦਿੱਤਾ ਹੈ।

Load More Related Articles
Load More By Nabaz-e-Punjab
Load More In General News

Check Also

AAP opposes post of Chief Secretary in Chandigarh, says – An attempt to weaken Punjab’s Claim

AAP opposes post of Chief Secretary in Chandigarh, says – An attempt to weaken Punja…