ਮੁਹਾਲੀ ਵਿੱਚ ਪੁਰਅਮਨ ਅਮਾਨ ਨਾਲ ਨੇਪਰੇ ਚੜ੍ਹਿਆਂ ਚੋਣਾਂ ਦਾ ਕੰਮ, ਓਵਰਆਲ 70 ਫੀਸਦੀ ਮਤਦਾਨ

ਪੇਂਡੂ ਖੇਤਰ ਵਿੱਚ ਲੋਕਾਂ ’ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ, ਸਹਿਯੋਗ ਲਈ ਡੀਸੀ ਨੇ ਕੀਤਾ ਲੋਕਾਂ ਦਾ ਧੰਨਵਾਦ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 20 ਫਰਵਰੀ:
ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਅਧੀਨ ਪੈਂਦੇ ਤਿੰਨ ਵਿਧਾਨ ਸਭਾ ਹਲਕਿਆਂ (ਮੁਹਾਲੀ) ਖਰੜ ਅਤੇ ਡੇਰਾਬੱਸੀ ਵਿੱਚ ਐਤਵਾਰ ਨੂੰ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਮਾਮੂਲੀ ਨੋਕ-ਝੋਕ ਅਤੇ ਬਹਿਸ ਬਜਾਈ ਨੂੰ ਛੱਡ ਕੇ ਚੋਣਾਂ ਪੁਰਅਮਨ ਅਮਾਨ ਨਾਲ ਨੇਪਰੇ ਚੜ੍ਹ ਗਈਆਂ। ਹਾਲਾਂਕਿ ਮੁਹਾਲੀ ਜ਼ਿਲ੍ਹੇ 126 ਸੰਵੇਦਨਸ਼ੀਲ ਪੋਲਿੰਗ ਬੂਥ ਐਲਾਨੇ ਗਏ ਸਨ ਪਰ ਇਸ ਦੇ ਬਾਵਜੂਦ ਲੋਕਾਂ ਵੱਲੋਂ ਆਪਸੀ ਭਾਈਚਾਰਕ ਸਾਂਝ ਬਣਾਈ ਰੱਖਦਿਆਂ ਜ਼ਿਲ੍ਹਾ ਪ੍ਰਸ਼ਾਸਨ ਤੇ ਚੋਣ ਅਮਲੇ ਨੂੰ ਪੂਰਾ ਸਹਿਯੋਗ ਦਿੱਤਾ ਗਿਆ। ਮੁਹਾਲੀ ਵਿੱਚ ਮਤਦਾਨ ਸ਼ੁਰੂ ਹੋਣ ਤੋਂ ਪਹਿਲਾਂ ਸਵੇਰੇ 7 ਵਜੇ ਮੌਕ ਪੋਲਿੰਗ ਕੀਤੀ ਗਈ। ਪਿੰਡ ਦਾਊਂ ਦੇ ਬੂਥ ਨੰਬਰ-19 ’ਤੇ ਇਕ ਮਸ਼ੀਨ 102 ਵੋਟਾਂ ਪੈਣ ਤੋਂ ਬਾਅਦ ਅਚਾਨਕ ਤਕਨੀਕੀ ਖ਼ਰਾਬੀ ਕਾਰਨ ਬੰਦ ਹੋ ਗਈ। ਜਿਸ ਕਾਰਨ ਕੁਝ ਸਮੇਂ ਲਈ ਵੋਟ ਪਾਉਣ ਦੀ ਪ੍ਰਕਿਰਿਆ ਨੂੰ ਰੋਕ ਕੇ ਤੁਰੰਤ ਨਵੀਂ ਮਸ਼ੀਨ ਮੰਗਵਾ ਕੇ ਦੁਬਾਰਾ ਮਤਦਾਨ ਸ਼ੁਰੂ ਕਰਵਾਇਆ।
ਜਾਣਕਾਰੀ ਅਨੁਸਾਰ ਮੁਹਾਲੀ ਹਲਕੇ ਵਿੱਚ ਲਗਪਗ 63.8 ਫੀਸਦੀ ਵੋਟਾਂ ਪੋਲ ਹੋਈਆਂ ਹਨ। ਖਰੜ ਵਿੱਚ 63.7 ਫੀਸਦੀ ਅਤੇ ਡੇਰਾਬੱਸੀ ਵਿੱਚ 61.7 ਫੀਸਦੀ ਵੋਟਾਂ ਪਈਆਂ ਹਨ। ਓਵਰਆਲ 70 ਫੀਸਦੀ ਮਤਦਾਨ ਰਿਹਾ ਹੈ। ਉਂਜ ਇਨ੍ਹਾਂ ਤਿੰਨਾਂ ਹਲਕਿਆਂ ਵਿੱਚ ਐਤਕੀਂ ਪਹਿਲਾਂ ਨਾਲੋਂ ਘੱਟ ਵੋਟਾਂ ਪੋਲ ਹੋਈਆਂ ਹਨ।
ਇਸੇ ਦੌਰਾਨ ਮੁਹਾਲੀ ਦੇ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਅਤੇ ਵਧੀਕ ਡਿਪਟੀ ਕਮਿਸ਼ਨਰ-ਕਮ-ਵਧੀਕ ਜ਼ਿਲ੍ਹਾ ਚੋਣ ਅਫ਼ਸਰ ਸ੍ਰੀਮਤੀ ਕੋਮਲ ਮਿੱਤਲ ਅਤੇ ਹੋਰਨਾਂ ਅਧਿਕਾਰੀਆਂ ਨੇ ਵੱਖ-ਵੱਖ ਪੋਲਿੰਗ ਬੂਥਾਂ ਦਾ ਤੂਫਾਨੀ ਦੌਰਾ ਕਰਕੇ ਸਥਿਤੀ ਦਾ ਜਾਇਜ਼ਾ ਅਤੇ ਸੁਰੱਖਿਆ ਪ੍ਰਬੰਧਾਂ ’ਤੇ ਤਸੱਲੀ ਪ੍ਰਗਟਾਈ। ਡੀਸੀ ਨੇ ਵੋਟ ਪਾਉਣ ਲਈ ਲੰਮੀ ਲਾਈਨਾਂ ਵਿੱਚ ਖੜ੍ਹੇ ਵੋਟਰਾਂ ਨਾਲ ਗੱਲਬਾਤ ਕਰਦਿਆਂ ਅਪੀਲ ਕੀਤੀ ਕਿ ਉਹ ਬਿਨਾਂ ਕਿਸੇ ਡਰ ਭੈਅ ਤੋਂ ਵੋਟਾਂ ਪਾਉਣ ਅਤੇ ਕਿਸੇ ਵੀ ਪ੍ਰਕਾਰ ਦੀ ਸਮੱਸਿਆਵਾਂ ਸਬੰਧੀ ਉਨ੍ਹਾਂ ਨਾਲ ਸਿੱਧਾ ਸੰਪਰਕ ਕੀਤਾ ਜਾਵੇ।
ਜਾਣਕਾਰੀ ਅਨੁਸਾਰ ਵੋਟਾਂ ਪੈਣ ਦਾ ਕੰਮ ਸਵੇਰੇ 8 ਵਜੇ ਸ਼ੁਰੂ ਹੋਇਆ ਅਤੇ 9 ਵਜੇ ਮੁਹਾਲੀ ਵਿੱਚ ਸਿਰਫ਼ 2.5 ਫੀਸਦੀ, ਖਰੜ ਵਿੱਚ 0.8 ਫੀਸਦੀ ਅਤੇ ਡੇਰਾਬੱਸੀ ਵਿੱਚ 3.2 ਫੀਸਦੀ ਵੋਟਾਂ ਪਈਆਂ ਅਤੇ ਇਹ ਸਿਲਸਿਲਾ ਰੂਟੀਨ ਵਿੱਚ ਵਧਦਾ ਗਿਆ। ਵੋਟਾਂ ਪਾਉਣ ਸਬੰਧੀ ਸ਼ਹਿਰ ਦੇ ਮੁਕਾਬਲੇ ਪਿੰਡਾਂ ਦੇ ਲੋਕਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਹੈ ਅਤੇ ਕਈ ਥਾਵਾਂ ’ਤੇ ਲੋਕ ਆਪ ਮੁਹਾਰੇ ਵੋਟ ਪਾਉਣ ਲਈ ਪੋਲਿੰਗ ਬੂਥਾਂ ’ਤੇ ਆ ਰਹੇ ਸੀ। ਇੱਥੋਂ ਤੱਕ ਚੱਲਣ ਫਿਰਨ ਤੋਂ ਲਾਚਾਰ ਬਜ਼ੁਰਗ ਤੇ ਅੰਗਹੀਣ ਵਿਅਕਤੀ ਅਤੇ ਅੌਰਤਾਂ ਨੇ ਵੀ ਵੋਟਾਂ ਪਾਉਣ ਵਿੱਚ ਕਾਫੀ ਦਿਲਚਸਪੀ ਦਿਖਾਈ ਹੈ। ਸਵੇਰੇ 11 ਵਜੇ ਤੱਕ ਮੁਹਾਲੀ ਵਿੱਚ 10.2 ਫੀਸਦੀ, ਖਰੜ ਵਿੱਚ 11 ਫੀਸਦੀ ਅਤੇ ਡੇਰਾਬੱਸੀ ਵਿੱਚ 17 ਫੀਸਦੀ। ਦੁਪਹਿਰ 1 ਵਜੇ ਤੱਕ ਮੁਹਾਲੀ ਵਿੱਚ 22.85 ਫੀਸਦੀ, ਖਰੜ ਵਿੱਚ 30.5 ਫੀਸਦੀ ਅਤੇ ਡੇਰਾਬੱਸੀ ਵਿੱਚ 27.8 ਫੀਸਦੀ ਮਤਦਾਨ ਹੋਇਆ। ਬਾਅਦ ਦੁਪਹਿਰ 3 ਵਜੇ ਮੁਹਾਲੀ ਵਿੱਚ 45 ਫੀਸਦੀ, ਖਰੜ ਵਿੱਚ 40.7 ਫੀਸਦੀ ਅਤੇ ਡੇਰਾਬੱਸੀ ਵਿੱਚ 40.07 ਫੀਸਦੀ ਅਤੇ ਸ਼ਾਮ 5 ਵਜੇ ਤੱਕ ਮੁਹਾਲੀ ਵਿੱਚ 57 ਫੀਸਦੀ, ਖਰੜ ਵਿੱਚ 56 ਫੀਸਦੀ ਅਤੇ ਡੇਰਾਬੱਸੀ ਵਿੱਚ 50.5 ਫੀਸਦੀ ਅਤੇ ਸ਼ਾਮ 6 ਵਜੇ ਤੱਕ ਮੁਹਾਲੀ ਵਿੱਚ 62.9 ਫੀਸਦੀ, ਖਰੜ ਵਿੱਚ 61.4 ਫੀਸਦੀ ਅਤੇ ਡੇਰਾਬੱਸੀ ਵਿੱਚ 61.1 ਫੀਸਦੀ ਵੋਟਾਂ ਪੈ ਚੁੱਕੀਆਂ ਸਨ ਜਦੋਂਕਿ ਹਾਲੇ ਵੀ ਕੁੱਝ ਲੋਕ ਆਪਣੀ ਵੋਟ ਪਾਉਣ ਲਈ ਲਾਈਨ ਵਿੱਚ ਲੱਗੇ ਹੋਏ। ਇਸ ਮਗਰੋਂ ਸੁਰੱਖਿਆ ਅਮਲੇ ਗੇਟ ਬੰਦ ਕਰ ਲਿਆ।
ਪਿੰਡ ਲਾਂਡਰਾਂ ਵਿੱਚ 1933 ’ਚੋਂ 1498 ਕਰੀਬ 75 ਫੀਸਦੀ, ਬਾਕਰਪੁਰ ਵਿੱਚ 2400 ’ਚੋਂ 1900 ਕਰੀਬ 73 ਫੀਸਦੀ, ਕੁੰਭੜਾ ਵਿੱਚ 42 ਫੀਸਦੀ ਤੇ ਪਿੰਡ ਭਾਗੋਮਾਜਰਾ ਵਿੱਚ 1425 ’ਚੋਂ 1174 ਵੋਟਾਂ ਕਰੀਬ 82 ਫੀਸਦੀ, ਪਿੰਡ ਕੰਬਾਲਾ ਵਿੱਚ 861 ’ਚੋਂ 719 ਵੋਟਾਂ 83 ਫੀਸਦੀ, ਝਿਊਰਹੇੜੀ ਵਿੱਚ 1034 ’ਚੋਂ 917 ਵੋਟਾਂ ਕਰੀਬ 92 ਫੀਸਦੀ, ਮੌਲੀ ਬੈਦਵਾਨ ਵਿੱਚ 2644 ’ਚੋਂ 1830 ਵੋਟਾਂ 74 ਫੀਸਦੀ, ਦੁਰਾਲੀ ਵਿੱਚ 85 ਫੀਸਦੀ, ਪਿੰਡ ਗੀਗੇਮਾਜਰਾ ਵਿੱਚ ਕਰੀਬ 95 ਫੀਸਦੀ, ਪਿੰਡ ਜਗਤਪੁਰਾ ਦੇ ਛੇ ਬੂਥਾਂ ’ਚੋਂ ਦੋ ਬੂਥਾਂ 68 ਫੀਸਦੀ, ਦੋ ਬੂਥਾਂ ’ਤੇ 70 ਅਤੇ ਦੋ ਬੂਥਾਂ ’ਤੇ ਕਰੀਬ 75 ਫੀਸਦੀ ਮਤਦਾਨ ਹੋਇਆ ਜਦੋਂਕਿ ਸਾਬਕਾ ਸਿਹਤ ਮੰਤਰੀ ਦੇ ਰਿਹਾਇਸ਼ੀ ਖੇਤਰ ਫੇਜ਼-7 ਵਿੱਚ 65 ਫੀਸਦੀ ਮਤਦਾਨ ਹੋਇਆ।

ਸ੍ਰੀਮਤੀ ਈਸ਼ਾ ਕਾਲੀਆ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ 7,94,983 ਵੋਟਰ ਹਨ। ਜਿਨ੍ਹਾਂ ’ਚੋਂ 4,15,456 ਪੁਰਸ਼, 3,77,635 ਅੌਰਤਾਂ ਅਤੇ 43 ਕਿੰਨਰ ਵੋਟਰ ਹਨ। ਜਦੋਂਕਿ 1849 ਵੋਟਰ ਸਰਵਿਸ ਇਲੈਕਟੋਰਸ ਹਨ। ਜ਼ਿਲ੍ਹੇ ਵਿੱਚ 907 ਪੋਲਿੰਗ ਬੂਥ ਬਣਾਏ ਗਏ ਸੀ। ਚੋਣ ਕਮਿਸ਼ਨ ਦੀ ਹਦਾਇਤਾਂ ਅਨੁਸਾਰ 80 ਸਾਲ ਤੋਂ ਵੱਧ ਅਤੇ 40 ਫੀਸਦੀ ਤੋਂ ਵੱਧ ਦਿਵਿਆਂਗ ਵਿਅਕਤੀਆਂ ਲਈ ਪੋਸਟਲ ਬੈਲਟ ਰਾਹੀਂ ਵੋਟ ਪਾਉਣ ਦੀ ਵਿਵਸਥਾ ਕੀਤੀ ਗਈ ਸੀ। ਜਦੋਂਕਿ 80 ਸਾਲ ਤੋਂ ਵੱਧ 1.03 ਫੀਸਦੀ ਅਤੇ ਦਿਵਿਆਂਗ 0.47 ਫੀਸਦੀ ਵਿਅਕਤੀਆਂ ਨੇ ਪੋਸਟ ਬੈਲਟ ਰਾਹੀਂ ਵੋਟ ਪਾਉਣ ਲਈ ਅਪਲਾਈ ਕੀਤਾ ਗਿਆ।

ਹਰੇਕ ਹਲਕੇ ਵਿੱਚ 32 ਮਾਡਲ ਪੋਲਿੰਗ ਬੂਥ ਬਣਾਏ ਗਏ ਜਦੋਂਕਿ ਜ਼ਿਲ੍ਹੇ ਵਿੱਚ 6 ਪਿੰਕ ਪੋਲਿੰਗ ਬੂਥ ਬਣਾਏ ਗਏ। ਇਨ੍ਹਾਂ ਬੂਥਾਂ ’ਤੇ ਸਾਰਾ ਮਹਿਲਾ ਸਟਾਫ਼ ਤਾਇਨਾਤ ਸੀ। ਉਨ੍ਹਾਂ ਦੱਸਿਆ ਕਿ ਮੁਹਾਲੀ ਜ਼ਿਲ੍ਹੇ ਵਿੱਚ ਕੁੱਲ 40 ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਮੁਹਾਲੀ ਵਿੱਚ 9, ਖਰੜ ਵਿੱਚ 17 ਅਤੇ ਡੇਰਾਬੱਸੀ ਵਿੱਚ 14 ਉਮੀਦਵਾਰ ਹਨ। ਖਰੜ ਵਿੱਚ 17 ਉਮੀਦਵਾਰ ਹੋਣ ਕਾਰਨ 2 ਬੈਲਟ ਯੂਨਿਟ ਲਗਾਏ ਗਏ। ਮਤਦਾਨ ਤੋਂ ਬਾਅਦ ਮੁਹਾਲੀ ਦੀਆਂ ਈਵੀਐਮ ਮਸ਼ੀਨਾਂ ਖੇਡ ਸਟੇਡੀਅਮ ਸੈਕਟਰ-78, ਖਰੜ ਅਤੇ ਡੇਰਾਬੱਸੀ ਦੀਆਂ ਮਸ਼ੀਨਾਂ ਰਤਨ ਪ੍ਰੋਫੇਸ਼ਨਲ ਕਾਲਜ ਸੋਹਾਣਾ ਵਿੱਚ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਰੱਖੀਆਂ ਜਾਣਗੀਆਂ। ਈਵੀਐਮ ਮਸ਼ੀਨਾਂ ਨੂੰ ਲਿਆਉਣ ਅਤੇ ਲਿਜਾਉਣ ਲਈ ਜੀਪੀਐਸ ਲੱਗੇ ਵਾਹਨਾਂ ਦੀ ਵਰਤੋਂ ਕੀਤੀ ਜਾਵੇਗੀ। ਦੇਰ ਸ਼ਾਮ ਉਕਤ ਥਾਵਾਂ ’ਤੇ ਈਵੀਐਮ ਮਸ਼ੀਨਾਂ ਪਹੁੰਚਣੀਆਂ ਸ਼ੁਰੂ ਹੋ ਗਈਆਂ ਸਨ।

Load More Related Articles
Load More By Nabaz-e-Punjab
Load More In Elections

Check Also

ਆਪ ਦੇ ਦੁਰਗੇਸ਼ ਪਾਠਕ ਵੀ ਉਪ ਚੋਣ ਜਿੱਤੇ

ਆਪ ਦੇ ਦੁਰਗੇਸ਼ ਪਾਠਕ ਵੀ ਉਪ ਚੋਣ ਜਿੱਤੇ ਰਾਘਵ ਚੱਡਾ ਦੇ ਰਾਜ ਸਭਾ ਵਿੱਚ ਜਾਣ ਕਾਰਨ ਖਾਲੀ ਹੋਈ ਸੀ ਸੀਟ ਨਬਜ਼-ਏ…