Nabaz-e-punjab.com

ਲੈਵਲ 3 ਹਸਪਤਾਲਾਂ ਵਿੱਚ ਕੋਈ ਇਲੈਕਟਿਵ ਸਰਜਰੀ ਨਹੀਂ ਕੀਤੀ ਜਾਵੇਗੀ: ਡੀਸੀ ਗਿਰੀਸ਼ ਦਿਆਲਨ

ਗਿਆਨ ਸਾਗਰ ਹਸਪਤਾਲ ਵਿੱਚ 200 ਹੋਰ ਬੈੱਡਾਂ ਦੀ ਵਿਵਸਥਾ ਕੀਤੀ, ਐਲ 2 ਹਸਪਤਾਲਾਂ ਦਾ ਕੀਤਾ ਜਾਵੇਗਾ ਨਿਰੀਖਣ

ਮੁਹਾਲੀ ਵਿੱਚ 2 ਹੋਰ ਟੈਸਟਿੰਗ ਕੇਂਦਰ ਕੀਤੇ ਜਾਣਗੇ ਸਥਾਪਤ, 8 ਹੋਰ ਐਂਬੂਲੈਂਸਾਂ ਕਾਰਜਸ਼ੀਲ

ਹਰਸ਼ਬਾਬ ਸਿੱਧੂ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 24 ਅਗਸਤ:
ਆਉਣ ਵਾਲੇ ਦਿਨਾਂ ਵਿੱਚ ਅਗਲੇ ਪੰਦਰਵਾੜੇ ਵਿੱਚ ਲੈਵਲ 3 ਹਸਪਤਾਲਾਂ ਵਿੱਚ ਕੋਈ ਇਲੈਕਟਿਵ ਸਰਜਰੀ ਨਹੀਂ ਕੀਤੀ ਜਾਵੇਗੀ। ਇਹ ਹੁਕਮ ਮੁਹਾਲੀ ਦੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਜਾਰੀ ਕੀਤੇ ਹਨ। ਇਸ ਤੋਂ ਪਹਿਲਾਂ ਉਨ੍ਹਾਂ ਨੇ ਅੱਜ ਇੱਥੇ ਜ਼ਿਲ੍ਹਾ ਪ੍ਰਸ਼ਾਸਨਿਕ, ਸਿਹਤ ਅਤੇ ਹੋਰਨਾਂ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਕਰੋਨਾਵਾਇਰਸ ਦੇ ਕੇਸਾਂ ਵਿੱਚ ਲਗਾਤਾਰ ਹੋ ਰਹੇ ਵਾਧੇ ਦੀ ਸਮੀਖਿਆ ਕੀਤੀ ਅਤੇ ਜ਼ਰੂਰੀ ਹਦਾਇਤਾਂ ਜਾਰੀ ਕੀਤੀਆਂ।
ਉਨ੍ਹਾਂ ਕਿਹਾ ਕਿ ‘ਕੋਵਿਡ-19 ਕੇਸਾਂ ਵਿੱਚ ਤੇਜ਼ੀ ਨਾਲ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਲੈਵਲ 3 ਹਸਪਤਾਲਾਂ ਵਿੱਚ ਬੈੱਡਾਂ ਦੀ ਗਿਣਤੀ ਵਧਾਉਣ ਦੀ ਸਖ਼ਤ ਲੋੜ ਹੈ। ਇਸ ਲਈ ਇਹ ਫੈਸਲਾ ਲਿਆ ਗਿਆ ਹੈ ਕਿ ਜਿਹੜੀਆਂ ਸਰਜਰੀਆਂ ਨੂੰ ਤੁਰੰਤ ਡਾਕਟਰੀ ਪ੍ਰਕਿਰਿਆ ਦੀ ਲੋੜ ਨਹੀਂ ਹੈ, ਉਨ੍ਹਾਂ ਸਰਜਰੀਆਂ ਬਾਅਦ ਵਿੱਚ ਕੀਤੀਆਂ ਜਾ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਘੱਟੋ-ਘੱਟ 15 ਦਿਨਾਂ ਲਈ ਅਜਿਹੀਆਂ ਸਰਜਰੀਆਂ ਨਹੀਂ ਕੀਤੀਆਂ ਜਾਣਗੀਆਂ। ਜੁਆਇੰਟ ਰਿਪਲੇਸਮੈਂਟ, ਮੋਤੀਆਂ ਦਾ ਅਪਰੇਸ਼ਨ, ਲੀਗਾਮੈਂਟ ਦੇ ਅਪਰੇਸ਼ਨ ਸਬੰਧੀ ਸਰਜਰੀਆਂ ਕਰਨ ਤੋਂ ਗੁਰੇਜ਼ ਕਰਨ ਨਾਲ ਗੰਭੀਰ ਮਰੀਜ਼ਾਂ ਲਈ ਬੈੱਡ ਰਾਖਵੇਂ ਰੱਖੇ ਜਾ ਸਕਦੇ ਹਨ।
ਸ੍ਰੀ ਦਿਆਲਨ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬਨੂੜ ਨੇੜਲੇ ਗਿਆਨ ਸਾਗਰ ਹਸਪਤਾਲ ਵਿੱਚ 200 ਹੋਰ ਬੈੱਡ ਉਪਲਬਧ ਕਰਵਾ ਕੇ ਲੈਵਲ 2 ਹਸਪਤਾਲਾਂ ਦੀ ਬੈੱਡ ਸਮਰਥਾ ਵਿੱਚ ਵਾਧਾ ਕੀਤਾ ਹੈ। ਇਸਦੇ ਨਾਲ ਹੀ 8 ਨਵੀਆਂ ਐਂਬੂਲੈਂਸਾਂ ਵੀ ਕਾਰਜਸ਼ੀਲ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਹੋਰ ਵੈਂਟੀਲੇਟਰ ਅਤੇ ਹਾਈ ਫਲੋ ਨੈਸਲ ਕੈਨੂਲਾਜ਼ ਵੀ ਖਰੀਦੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰੀ ਹਸਪਤਾਲ ਵਿੱਚ ਕੋਵਿਡ-19 ਦਾ ਟੈਸਟ ਕਰਵਾਉਣ ਲਈ ਵੱਡੀ ਗਿਣਤੀ ਵਿੱਚ ਲੋਕ ਆ ਰਹੇ ਹਨ। ਇਸ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜ਼ਿਲ੍ਹਾ ਪੱਧਰੀ ਸਰਕਾਰੀ ਹਸਪਤਾਲ ਵਿੱਚ ਲੋਕਾਂ ਦੀ ਆਮਦ ਨੂੰ ਕੰਟਰੋਲ ਕਰਨ ਅਤੇ ਟੈਸਟ ਕਰਵਾਉਣ ਲਈ ਮਰੀਜ਼ ਦੇ ਉਡੀਕ ਸਮੇਂ ਨੂੰ ਘੱਟ ਕਰਨ ਲਈ ਨਵਾਂ ਗਾਉਂ ਅਤੇ ਸੋਹਾਣਾ ਵਿੱਚ ਦੋ ਹੋਰ ਟੈਸਟਿੰਗ ਸੈਂਟਰ ਸਥਾਪਿਤ ਕੀਤੇ ਜਾ ਰਹੇ ਹਨ।
ਡੀਸੀ ਨੇ ਦੱਸਿਆ ਕਿ ‘ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਦੇ ਨਾਲ ਨਾਲ ਮੌਜੂਦਾ ਸਹੂਲਤਾਂ ’ਤੇ ਨਜ਼ਰ ਵੀ ਰੱਖੀ ਜਾਵੇਗੀ ਤਾਂ ਜੋ ਮਰੀਜ਼ਾਂ ਦੀ ਵੱਧਦੀ ਆਮਦ ਦਾ ਅਸਰ ਉਨ੍ਹਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ’ਤੇ ਨਾ ਪਵੇ। ਉਨ੍ਹਾਂ ਕਿਹਾ ਕਿ ਸਿਵਲ ਅਤੇ ਪੁਲੀਸ ਅਧਿਕਾਰੀਆਂ ਦੀਆਂ ਟੀਮਾਂ ਗਠਿਤ ਕੀਤੀਆਂ ਹਨ ਜੋ ਡਾਕਟਰਾਂ ਨਾਲ ਮਿਲ ਕੇ ਕੋਵਿਡ-19 ਮਰੀਜ਼ਾਂ ਨੂੰ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਦੇ ਪੱਧਰ ’ਤੇ ਨਜ਼ਰ ਰੱਖਣ ਲਈ ਹਸਪਤਾਲਾਂ ਦਾ ਅਚਨਚੇਤ ਨਿਰੀਖਣ ਵੀ ਕਰਨਗੀਆਂ।

Load More Related Articles
Load More By Nabaz-e-Punjab
Load More In Health / Hospitals

Check Also

ਪਾਰਕ ਗਰੁੱਪ ਵੱਲੋਂ 450 ਬਿਸਤਰਿਆਂ ਦਾ ਸੁਪਰ ਸਪੈਸ਼ਲਿਟੀ ਹਸਪਤਾਲ ਸ਼ੁਰੂ ਕਰਨ ਦਾ ਐਲਾਨ

ਪਾਰਕ ਗਰੁੱਪ ਵੱਲੋਂ 450 ਬਿਸਤਰਿਆਂ ਦਾ ਸੁਪਰ ਸਪੈਸ਼ਲਿਟੀ ਹਸਪਤਾਲ ਸ਼ੁਰੂ ਕਰਨ ਦਾ ਐਲਾਨ ਨਬਜ਼-ਏ-ਪੰਜਾਬ ਬਿਊਰੋ, …