
ਸ਼੍ਰੋਮਣੀ ਕਮੇਟੀ ਦੀ ਭਰੋਸੇਯੋਗਤਾ ਬਹਾਲ ਕਰਨ ਲਈ ਚੋਣਾਂ ਦੀ ਵਿਧੀ ਤੇ ਪ੍ਰਬੰਧਕੀ ਢਾਂਚੇ ਵਿੱਚ ਸੁਧਾਰਾਂ ਦੀ ਲੋੜ: ਬੱਬੀ ਬਾਦਲ
ਐਸਜੀਪੀਸੀ ਵੱਲੋਂ ਸ਼ਤਾਬਦੀ ਸਮਾਗਮਾਂ ਨੂੰ ਸਿਆਸੀ ਅਖਾੜਾ ਬਣਾਉਣਾ ਸਿੱਖ ਕੌਮ ਲਈ ਬੇਹੱਦ ਮੰਦਭਾਗਾ: ਰਿਆੜ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 17 ਨਵੰਬਰ:
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਹੀ ਅਰਥਾਂ ਵਿੱਚ ਸਿੱਖਾਂ ਦੀ ਖ਼ੁਦ-ਮੁਖ਼ਤਿਆਰ ਧਾਰਮਿਕ ਸੰਸਥਾ ਬਣਾਉਣ ਲਈ ਅਤੇ ਮਿਥੇ ਸਮੇਂ ’ਤੇ ਚੋਣਾਂ ਕਰਵਾਉਣ ਲਈ ਸਿੱਖ ਪੰਥ ਸਥਾਈ ਗੁਰਦੁਆਰਾ ਕਮਿਸ਼ਨ ਸਥਾਪਿਤ ਕਰਕੇ ਦਿੱਲੀ ਦਰਬਾਰ ਦੀ ਸਿਆਸੀ ਚੁੰਗਲ ਤੋਂ ਮੁਕਤ ਕਰਵਾਉਣ ਦੇ ਨਾਲ ਨਾਲ ਸ਼੍ਰੋਮਣੀ ਕਮੇਟੀ ਉੱਤੇ ਕਾਬਜ਼ ਬਾਦਲ ਦਲ ਕੋਲੋਂ ਆਜ਼ਾਦ ਕਰਵਾ ਕੇ ਗੁਰੂ ਘਰਾਂ ਦਾ ਪ੍ਰਬੰਧ ਸਹੀ ਸੇਵਾ ਭਾਵਨਾ ਵਾਲੇ ਲੋਕਾਂ ਦੇ ਹੱਥ ਦੇਣਾ ਸਮੇਂ ਦੀ ਮੰਗ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾਂ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਯੂਥ ਵਿੰਗ ਦੇ ਕੌਮੀ ਪ੍ਰਧਾਨ ਹਰਸੁਖਇੰਦਰ ਸਿੰਘ ਬੱਬੀ ਬਾਦਲ ਨੇ ਮੁਹਾਲੀ ਵਿਖੇ ਸ਼੍ਰੋਮਣੀ ਕਮੇਟੀ ਦੇ 100 ਸਾਲ ਪੂਰੇ ਹੋਣ ’ਤੇ ਸਿੱਖ ਆਗੂਆਂ ਨਾਲ ਵਿਚਾਰ-ਚਰਚਾ ਕਰਦਿਆਂ ਕੀਤਾ।
ਉਨ੍ਹਾਂ ਦੋਸ਼ ਲਾਇਆ ਕਿ ਮੌਜੂਦਾ ਗੁਰਦੁਆਰਾ ਐਕਟ ਰਾਹੀਂ ਮਿਲੇ ਅਧਿਕਾਰਾਂ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ। ਜਿਸ ਕਾਰਨ ਪੰਜਾਬ ਅਤੇ ਦਿੱਲੀ ਦੇ ਹਾਕਮ ਆਪਣੇ ਸਿਆਸੀ ਹਿੱਤਾਂ ਦੀ ਪੂਰਤੀ ਲਈ ਸਮੇਂ ਸਿਰ ਗੁਰਦੁਆਰਾ ਕਮੇਟੀ ਦੀ ਚੋਣ ਕਰਵਾਉਣ ਤੋਂ ਲਗਾਤਾਰ ਭੱਜਦੇ ਆ ਰਹੇ ਹਨ। ਉਨ੍ਹਾਂ ਕਿਹਾ ਕਿ 2011 ਤੋਂ ਬਾਅਦ ਦੁਬਾਰਾ ਐਸਜੀਪੀਸੀ ਚੋਣਾਂ ਨਹੀਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਐਕਟ ਵਿੱਚ ਕੋਈ ਵੀ ਅਜਿਹੀ ਮੱਦ ਨਹੀਂ ਕਿ ਚੋਣਾਂ ਹਰ ਹਾਲਤ ਵਿੱਚ ਪੰਜਾਂ ਸਾਲਾਂ ਬਾਅਦ ਹੀ ਹੋਣਗੀਆਂ ਅਤੇ ਨਾ ਹੀ ਮਿਆਦ ਖ਼ਤਮ ਹੋਣ ’ਤੇ ਕਮੇਟੀ ਹਾਊਸ ਨੂੰ ਭੰਗ ਕਰਨ ਦੀ ਮੱਦ ਹੈ। ਮੌਜੂਦਾ ਗੁਰਦੁਆਰਾ ਐਕਟ, ਜੋ ਅੰਗਰੇਜ਼ਾਂ ਨੇ 100 ਸਾਲ ਪਹਿਲਾਂ, ਸਿੱਖ ਧਾਰਮਿਕ ਸੰਸਥਾਵਾਂ ਉੱਤੇ ਕੰਟਰੋਲ ਰੱਖਣ ਥੋਪਿਆ ਸੀ, ਉਹ ਆਜ਼ਾਦੀ ਤੋਂ ਬਾਅਦ ਵੀ ਜਿਉਂ ਦਾ ਤਿਉਂ ਚਲਿਆ ਆ ਰਿਹਾ ਹੈ। ਜਿਸ ਕਰਕੇ ਦਿੱਲੀ ਦੇ ਹਾਕਮਾਂ ਕੋਲ ਨਾ ਸਿਰਫ਼ ਚੋਣਾਂ ਕਰਵਾਉਣ ਦਾ ਅਧਿਕਾਰ ਹੈ ਬਲਕਿ ਉਨ੍ਹਾਂ ਕੋਲ ਗੁਰਦੁਆਰਾ ਜੁਡੀਸ਼ਲ ਕਮਿਸ਼ਨ ਨੂੰ ਨਾਮਜ਼ਦ ਕਰਨ ਦੇ ਵੀ ਅਧਿਕਾਰ ਹਨ।
ਇਸ ਮੌਕੇ ਸਿੱਖ ਬੁੱਧੀਜੀਵੀ ਅਤੇ ਐਸਜੀਪੀਸੀ ਦੇ ਸਾਬਕਾ ਮੈਂਬਰ ਗੁਰਪ੍ਰਤਾਪ ਸਿੰਘ ਰਿਆੜ ਨੇ ਮੌਜੂਦਾ ਕਮੇਟੀ ਨੂੰ ਆਤਮ ਚਿੰਤਨ ਕਰਨ ਦੀ ਸਲਾਹ ਦਿੰਦਿਆਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਸ਼ਤਾਬਦੀ ਸਮਾਗਮਾਂ ਨੂੰ ਸਿਆਸੀ ਹਿੱਤਾਂ ਲਈ ਵਰਤਣਾ ਮੰਦਭਾਗਾ ਹੈ। ਚੰਗਾ ਹੁੰਦਾ ਜੇਕਰ ਸ਼੍ਰੋਮਣੀ ਕਮੇਟੀ ਆਪਣੀਆਂ ਗਲਤੀਆਂ ’ਤੇ ਮੰਥਨ ਕਰਦੀ ਅਤੇ ਸ਼ਤਾਬਦੀ ਸਮਾਗਮਾਂ ਨੂੰ ਇਕ ਸਿਆਸੀ ਪਰਿਵਾਰ ਦੇ ਬੈਨਰ ਹੇਠਾਂ ਮਨਾਉਣ ਦੀ ਬਜਾਏ ਸਾਂਝੇ ਮੰਚ ’ਤੇ ਸਿੱਖ ਬੁੱਧੀਜੀਵੀਆਂ ਨੂੰ ਸੱਦ ਕੇ ਸਿੱਖ ਕੌਮ ਦੀ ਚੜ੍ਹਦੀ ਕਲ੍ਹਾ ਅਤੇ ਸ਼੍ਰੋਮਣੀ ਕਮੇਟੀ ਵਿੱਚ ਸੁਧਾਰ ਲਈ ਵਿਚਾਰ ਚਰਚਾ ਕੀਤੀ ਜਾਂਦੀ ਪਰ ਅਫ਼ਸੋਸ ਅਜਿਹਾ ਨਹੀਂ ਹੋ ਸਕਿਆ।
ਇਸ ਮੌਕੇ ਬਲਬੀਰ ਸਿੰਘ ਖਾਲਸਾ, ਜਵਾਲਾ ਸਿੰਘ ਖਾਲਸਾ, ਹਰਪਾਲ ਸਿੰਘ, ਯੂਥ ਆਗੂ ਜਸਰਾਜ ਸਿੰਘ ਸੋਨੂ, ਮੰਗਲ ਸਿੰਘ, ਰਣਧੀਰ ਸਿੰਘ, ਇਕਬਾਲ ਸਿੰਘ, ਜਸਵਿੰਦਰ ਸਿੰਘ ਖਾਲਸਾ, ਬਾਬਾ ਨਰਿੰਦਰ ਸਿੰਘ, ਰਣਜੀਤ ਸਿੰਘ ਬਰਾੜ, ਜਗਤਾਰ ਸਿੰਘ ਘੜੂੰਆਂ, ਗੁਰਸੇਵਕ ਸਿੰਘ ਸੇਖਨਮਾਜਰਾ, ਜਗਦੀਪ ਸਿੰਘ ਅਤੇ ਪ੍ਰੀਤਮ ਸਿੰਘ ਆਦਿ ਵੀ ਹਾਜ਼ਰ ਸਨ।