ਮੁਹਾਲੀ ਵਿੱਚ ਪੀਣ ਵਾਲੇ ਪਾਣੀ ਨਾਲੋਂ ਬਿਜਲੀ ਸਸਤੀ

ਸੈਕਟਰ-69 ਵਿੱਚ ਬਿਜਲੀ ਦਾ ਬਿੱਲ 3200 ਰੁਪਏ ਅਤੇ ਪਾਣੀ ਦਾ ਬਿੱਲ 4600 ਰੁਪਏ ਆਇਆ: ਕੌਂਸਲਰ ਧਨੋਆ

ਸ਼ਹਿਰ ਵਿੱਚ ਕਈ ਟਿਊਬਵੈੱਲ ਦੇ ਗਏ ਜਵਾਬ, ਸੈਕਟਰ-68 ਅਤੇ ਸੈਕਟਰ-69 ਸਮੇਤ ਹੋਰਨਾਂ ਇਲਾਕਿਆਂ ਵਿੱਚ ਭਾਰੀ ਦਿੱਕਤ

ਗਮਾਡਾ ਅਧਿਕਾਰੀ ਨੇ ਪਾਣੀ ਵਿਵਸਥਾ ਲਈ ਦੋ ਕਰੋੜ ਰੁਪਏ ਖਰਚਣ ਦੀ ਗੱਲ ਆਖੀ, ਸੈਕਟਰ-68 ਤੇ 69 ਵਿੱਚ ਲੱਗਣਗੇ 4 ਨਵੇਂ ਟਿਊਬਵੈਲ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 24 ਮਾਰਚ:
ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵਿੱਚ ਗਰਮੀ ਦਾ ਮੌਸਮ ਸ਼ੁਰੂ ਹੁੰਦੇ ਹੀ ਪੀਣ ਵਾਲੇ ਪਾਣੀ ਦੀ ਕਿੱਲਤ ਸ਼ੁਰੂ ਹੋ ਗਈ ਹੈ। ਕਈ ਇਲਾਕਿਆਂ ਵਿੱਚ ਪਾਣੀ ਦੇ ਟਿਊਬਵੈੱਲ ਜਵਾਬ ਦੇ ਗਏ ਹਨ। ਉਂਜ ਵੀ ਜ਼ਿਆਦਾਤਰ ਟਿਊਬਵੈੱਲਾਂ ਦੀ ਮਸ਼ੀਨਰੀ ਕੰਡਮ ਹੋ ਚੁੱਕੀ ਹੈ। ਪਾਣੀ ਡੂੰਘਾ ਚਲੇ ਜਾਣ ਕਾਰਨ ਇਹ ਦਿੱਕਤ ਆ ਰਹੀ ਹੈ। ਜੇਕਰ ਮੌਜੂਦਾ ਪ੍ਰਬੰਧਾਂ ’ਤੇ ਝਾਤ ਮਾਰੀਏ ਤਾਂ ਪਤਾ ਲੱਗਦਾ ਹੈ ਕਿ ਐਤਕੀਂ ਵੀ ਗਰਮੀਆਂ ਵਿੱਚ ਲੋਕਾਂ ਦੇ ਹਲਕ ਸੁੱਕੇ ਰਹਿਣ ਦੀ ਸੰਭਾਵਨਾ ਹੈ। ਕਿਉਂਕਿ ਜੇਕਰ ਪ੍ਰਸ਼ਾਸਨ ਹੁਣ ਵੀ ਇੰਤਜ਼ਾਮ ਕਰਨ ਵਿੱਚ ਜੁਟਦਾ ਹੈ ਤਾਂ ਵੀ ਗਰਮੀ ਦਾ ਮੌਸਮ ਲੰਘਣ ਤੋਂ ਬਾਅਦ ਪ੍ਰਬੰਧ ਨੇਪਰੇ ਚੜ੍ਹਨਗੇ। ਉਂਜ ਵੀ ਮੁਹਾਲੀ ਵਿੱਚ ਪੀਣ ਵਾਲੇ ਪਾਣੀ ਨਾਲੋਂ ਬਿਜਲੀ ਸਸਤੀ ਮਿਲ ਰਹੀ ਹੈ।
ਇੱਥੋਂ ਦੇ ਸੈਕਟਰ-69 ਦੀ ਰੈਜ਼ੀਡੈਂਟ ਵੈੱਲਫੇਅਰ ਐਸੋਸੀਏਸ਼ਨ ਦੇ ਪੈਟਰਨ ਐਚ.ਐਸ. ਗਰੇਵਾਲ, ਅਜੀਤ ਸਿੰਘ ਸਰਵਾਰਾ, ਪ੍ਰਧਾਨ ਬੀ.ਐਸ. ਬੱਲ, ਭੁਪਿੰਦਰ ਸਿੰਘ ਪੂਨੀਆ ਅਤੇ ਗੁਰਮੁੱਖ ਸਿੰਘ ਨੇ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਸੈਕਟਰ ਵਾਸੀ ਪੀਣ ਵਾਲੇ ਪਾਣੀ ਨੂੰ ਤਰਸ ਰਹੇ ਹਨ। ਉਨ੍ਹਾਂ ਦੱਸਿਆ ਕਿ ਅੱਜ ਸਵੇਰੇ ਗਮਾਡਾ ਦੇ ਜੇਈ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਹੱਥ ਖੜੇ ਕਰ ਦਿੱਤੇ। ਹਾਲਾਂਕਿ ਐਕਸੀਅਨ ਦਾ ਕਹਿਣਾ ਸੀ ਕਿ ਹੁਣੇ ਪਾਣੀ ਸਪਲਾਈ ਦੀ ਵਿਵਸਥਾ ਕਰ ਦਿੱਤੀ ਜਾਵੇਗੀ ਪ੍ਰੰਤੂ ਜਦੋਂ ਉਹ ਖ਼ੁਦ ਟਿਊਬਵੈੱਲ ’ਤੇ ਗਏ ਤਾਂ ਉੱਥੇ ਤਾਇਨਾਤ ਕਰਮਚਾਰੀ ਨੇ ਦੱਸਿਆ ਕਿ ਉਨ੍ਹਾਂ ਕੋਲ ਪਾਣੀ ਉਪਲਬਧ ਨਹੀਂ ਹੈ। ਕਰਮਚਾਰੀ ਦਾ ਕਹਿਣਾ ਸੀ ਕਿ ਟਿਊਬਵੈੱਲ ਫੇਲ ਹੋ ਗਿਆ ਹੈ। ਉਨ੍ਹਾਂ ਕਰਮਚਾਰੀ ਦੀ ਐਕਸੀਅਨ ਨਾਲ ਫੋਨ ’ਤੇ ਗੱਲ ਵੀ ਕਰਵਾਈ। ਇਸ ਮਗਰੋਂ ਲੋਕਾਂ ਨੇ ਵਿਧਾਇਕ ਬਲਬੀਰ ਸਿੰਘ ਸਿੱਧੂ ਕੋਲ ਦੁਖੜਾ ਰੋਇਆ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਨਹੀਂ ਹੈ।
ਉਧਰ, ਇਲਾਕੇ ਦੇ ਅਕਾਲੀ ਕੌਂਸਲਰ ਸਤਵੀਰ ਸਿੰਘ ਧਨੋਆ ਨੇ ਗਮਾਡਾ ਦੇ ਹਵਾਲੇ ਨਾਲ ਦੱਸਿਆ ਕਿ ਸੈਕਟਰ-69 ਵਿੱਚ 20 ਕੁ ਦਿਨ ਪਹਿਲਾਂ ਇੱਕ ਟਿਊਬਵੈੱਲ ਫੇਲ ਹੋ ਚੁੱਕਾ ਹੈ ਅਤੇ ਇੱਕ ਟਿਊਬਵੈੱਲ ਦੀ ਬੀਤੇ ਦਿਨੀਂ ਮੋਟਰ ਸੜ ਗਈ ਹੈ। ਉਨ੍ਹਾਂ ਦੱਸਿਆ ਕਿ ਅਧਿਕਾਰੀਆਂ ਮੁਤਾਬਕ 12 ਟਿਊਬਵੈੱਲਾਂ ਦਾ ਪਾਣੀ 25 ਤੋਂ 30 ਫੁੱਟ ਡੂੰਘਾ ਚਲਾ ਗਿਆ ਹੈ। ਉਨ੍ਹਾਂ ਨੇ ਗਮਾਡਾ ਅਧਿਕਾਰੀਆਂ ਤੋਂ ਆਰਜ਼ੀ ਤੌਰ ’ਤੇ ਨੇੜਲੇ ਟਿਊਬਵੈੱਲਾਂ ਤੋਂ ਪਾਣੀ ਲੈਣ ਲਈ ਆਖਿਆ ਤਾਂ ਅਧਿਕਾਰੀਆਂ ਨੇ ਹੱਥ ਖੜੇ ਕਰ ਦਿੱਤੇ।
ਕੌਂਸਲਰ ਸ੍ਰੀ ਧਨੋਆ ਨੇ ਦੱਸਿਆ ਕਿ ਉਨ੍ਹਾਂ ਨੇ ਪਿਛਲੇ ਸਾਲ ਵੀ ਪਾਣੀ ਦੀ ਵਿਵਸਥਾ ਲਈ ਦੁਹਾਈ ਦਿੱਤੀ ਸੀ ਲੇਕਿਨ ਗਮਾਡਾ ਕੁੰਭਕਰਨ ਦੀ ਨੀਂਦ ਤੋਂ ਨਹੀਂ ਜਾਗਿਆ। ਉਨ੍ਹਾਂ ਦੱਸਿਆ ਕਿ ਗਮਾਡਾ ਨੇ ਪਾਣੀ ਤਾਂ 5 ਗੁਣਾ ਮਹਿੰਗਾ ਕਰ ਦਿੱਤਾ ਹੈ ਪ੍ਰੰਤੂ ਇਸ ਦੇ ਬਾਵਜੂਦ ਪਾਣੀ ਨਹੀਂ ਮਿਲ ਰਿਹਾ। ਉਨ੍ਹਾਂ ਦੱਸਿਆ ਕਿ ਸੈਕਟਰ-69 ਵਿੱਚ ਪਾਣੀ ਦਾ ਬਿੱਲ 4600 ਰੁਪਏ ਅਤੇ ਬਿਜਲੀ ਦਾ ਬਿੱਲ 3200 ਰੁਪਏ ਆਇਆ ਹੈ। ਉਧਰ, ਇਹ ਵੀ ਰਿਪੋਰਟ ਮਿਲੀ ਹੈ ਕਿ ਪੰਜਾਬ ਵਿੱਚ ਇੱਕ ਵਿਅਕਤੀ ਨੇ ਪਾਣੀ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ 1200 ਫੁੱਟ ਡੂੰਘਾ ਬੋਰ ਕਰਵਾਇਆ ਗਿਆ ਹੈ। ਇਸ ਕੰਮ ’ਤੇ 25 ਲੱਖ ਰੁਪਏ ਖਰਚਾ ਆਇਆ ਹੈ।
(ਬਾਕਸ ਆਈਟਮ)
ਗਮਾਡਾ ਦੇ ਐਕਸੀਅਨ ਵਾਸੂਦੇਵ ਆਨੰਦ ਨੇ ਦੱਸਿਆ ਕਿ ਪਾਣੀ ਦੀ ਸਮੱਸਿਆ ਦੇ ਹੱਲ ਲਈ ਦੋ ਕਰੋੜ ਰੁਪਏ ਤੁਰੰਤ ਖਰਚੇ ਜਾ ਰਹੇ ਹਨ। ਉਂਜ ਉਨ੍ਹਾਂ ਮੰਨਿਆਂ ਕਿ ਕਾਫੀ ਟਿਊਬਵੈੱਲਾਂ ਦੀ ਮਸ਼ੀਨਰੀ ਪੁਰਾਣੀ ਹੋਣ ਕਾਰਨ ਕੰਡਮ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਟਿਊਬਵੈੱਲ 10 ਸਾਲ ਤੱਕ ਪਾਣੀ ਦਿੰਦਾ ਹੈ। ਉਸ ਤੋਂ ਬਾਅਦ ਪਾਣੀ ਘੱਟ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਸੈਕਟਰ-68 ਅਤੇ ਸੈਕਟਰ-69 ਵਿੱਚ ਚਾਰ ਨਵੇਂ ਟਿਊਬਵੈੱਲ ਲਗਾਏ ਜਾਣਗੇ। ਇਸ ਤੋਂ ਇਲਾਵਾ ਸੈਕਟਰ-76 ਤੋਂ 80 ਵਿੱਚ ਵੀ ਕਈ ਟਿਊਬਵੈੱਲ ਲਗਾਏ ਜਾਣ ਦੀ ਯੋਜਨਾ ਹੈ। ਸੈਕਟਰ-80 ਵਿੱਚ ਦੋ ਟਿਊਬਵੈੱਲ ਲਗਾਏ ਗਏ ਹਨ। ਇੰਝ ਹੀ ਬਾਕੀ ਸੈਕਟਰਾਂ ਵਿੱਚ ਨਵੇਂ ਟਿਊਬਵੈੱਲ ਲਗਾਏ ਜਾਣਗੇ। ਉਨ੍ਹਾਂ ਦੱਸਿਆ ਕਿ ਇਸ ਸਮੇਂ ਸ਼ਹਿਰ ਵਿੱਚ ਗਮਾਡਾ ਦੇ ਕਰੀਬ 25 ਟਿਊਬਵੈੱਲ ਚਲ ਰਹੇ ਹਨ।

Load More Related Articles
Load More By Nabaz-e-Punjab
Load More In General News

Check Also

ਪਿੰਡਾਂ ਲਈ ਵੱਖਰੇ ਬਾਇਲਾਜ ਬਣਾਉਣ ਦੀ ਮੰਗ ਉੱਠੀ, ਅਕਾਲੀ ਦਲ ਨੇ ਚੁੱਕਿਆਂ ਮੁੱਦਾ

ਪਿੰਡਾਂ ਲਈ ਵੱਖਰੇ ਬਾਇਲਾਜ ਬਣਾਉਣ ਦੀ ਮੰਗ ਉੱਠੀ, ਅਕਾਲੀ ਦਲ ਨੇ ਚੁੱਕਿਆਂ ਮੁੱਦਾ ਅੰਗਰੇਜ਼ਾਂ ਵੇਲੇ ਸ਼ਹਿਰੀ ਕਾ…