Nabaz-e-punjab.com

ਡਿਊਟੀ ਦੌਰਾਨ ਬਿਜਲੀ ਦਾ ਕਰੰਟ ਲੱਗਣ ਕਾਰਨ ਠੇਕਾ ਮੁਲਾਜ਼ਮ ਗੰਭੀਰ ਜ਼ਖ਼ਮੀ

ਅਧਿਕਾਰੀਆਂ ’ਤੇ ਲਾਪਰਵਾਹੀ ਵਰਤਣ ਦਾ ਦੋਸ਼, ਹਸਪਤਾਲ ’ਚ ਜੇਰੇ ਇਲਾਜ ਕਰਮਚਾਰੀ ਦੀ ਕਿਸੇ ਨੇ ਨਹੀਂ ਲਈ ਸਾਰ

ਠੇਕਾ ਮੁਲਾਜ਼ਮ ਯੂਨੀਅਨ ਤੇ ਪੀੜਤ ਪਰਿਵਾਰ ਨੇ ਜੇਈ, ਐਸਡੀਓ ਤੇ ਐਕਸੀਅਨ ਖ਼ਿਲਾਫ਼ ਪੁਲੀਸ ਨੂੰ ਦਿੱਤੀ ਸ਼ਿਕਾਇਤ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 12 ਨਵੰਬਰ:
ਇੱਥੋਂ ਦੇ ਸੈਕਟਰ-80 ਸਥਿਤ ਪਿੰਡ ਮੌਲੀ ਬੈਦਵਾਨ ਵਿੱਚ ਡਿਊਟੀ ਦੌਰਾਨ ਬਿਜਲੀ ਦਾ ਜ਼ਬਰਦਸਤ ਕਰੰਟ ਲੱਗਣ ਕਾਰਨ ਠੇਕਾ ਮੁਲਾਜ਼ਮ ਗੁਰਜੀਤ ਸਿੰਘ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਜਿਸ ਨੂੰ ਤੁਰੰਤ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਚੈਰੀਟੇਬਲ ਹਸਪਤਾਲ ਸੋਹਾਣਾ ਵਿੱਚ ਦਾਖ਼ਲ ਕਰਵਾਇਆ ਗਿਆ। ਠੇਕਾ ਮੁਲਾਜ਼ਮ ਯੂਨੀਅਨ ਅਤੇ ਪੀੜਤ ਪਰਿਵਾਰ ਨੇ ਪਾਵਰਕੌਮ ਮੈਨੇਜਮੈਂਟ ’ਤੇ ਦੋਸ਼ ਲਾਇਆ ਹਾਦਸੇ ਤੋਂ ਬਾਅਦ ਕਿਸੇ ਅਧਿਕਾਰੀ ਨੇ ਜ਼ਖ਼ਮੀ ਕਰਮਚਾਰੀ ਦੀ ਖ਼ਬਰਸਾਰ ਨਹੀਂ ਲਈ।
ਪਾਵਰਕੌਮ ਐਂਡ ਟਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਸਰਕਲ ਮੁਹਾਲੀ ਅਤੇ ਪੀੜਤ ਪਰਿਵਾਰ ਨੇ ਸੋਹਾਣਾ ਥਾਣੇ ਵਿੱਚ ਲਿਖਤੀ ਸ਼ਿਕਾਇਤ ਦੇ ਕੇ ਪਾਵਰਕੌਮ ਦੇ ਐਕਸੀਅਨ, ਐਸਡੀਓ ਅਤੇ ਸਬੰਧਤ ਜੇਈ ਦੇ ਖ਼ਿਲਾਫ਼ ਬਣਦੀ ਕਾਰਵਾਈ ਕਰਨ ਦੀ ਗੁਹਾਰ ਲਗਾਈ ਹੈ। ਪੁਲੀਸ ਨੇ ਸ਼ਿਕਾਇਤ ਮਿਲਣ ਤੋਂ ਬਾਅਦ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਅੱਜ ਇੱਥੇ ਪਰਿਵਾਰਕ ਮੈਂਬਰ ਰੁਪਿੰਦਰ ਕੌਰ, ਭਰਾ ਪਲਵਿੰਦਰ ਸਿੰਘ ਅਤੇ ਠੇਕਾ ਮੁਲਾਜ਼ਮ ਜਥੇਬੰਦੀ ਦੇ ਸੂਬਾ ਪ੍ਰਧਾਨ ਬਲਿਹਾਰ ਸਿੰਘ, ਗੁਰਸੇਵਕ ਸਿੰਘ, ਰਮੇਸ਼ ਕੁਮਾਰ, ਕੁਲਵਿੰਦਰ ਸਿੰਘ ਨੇ ਦੱਸਿਆ ਕਿ ਬੀਤੀ 5 ਨਵੰਬਰ ਨੂੰ ਡਿਊਟੀ ਦੌਰਾਨ ਗੁਰਜੀਤ ਸਿੰਘ ਬਿਜਲੀ ਦਾ ਕਰੰਟ ਲੱਗਣ ਕਾਰਨ ਉਹ ਜ਼ਮੀਨ ’ਤੇ ਡਿੱਗ ਪਿਆ ਅਤੇ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਉਨ੍ਹਾਂ ਦੋਸ਼ ਲਾਇਆ ਕਿ ਇਹ ਹਾਦਸਾ ਇਲਾਕੇ ਦੇ ਜੇਈ, ਐਸਡੀਓ, ਸੀਨੀਅਰ ਕਾਰਜਕਾਰੀ ਇੰਜੀਨੀਅਰ ਦੀ ਕਥਿਤ ਅਣਗਹਿਲੀ ਕਾਰਨ ਵਾਪਰਿਆ ਹੈ।
ਉਨ੍ਹਾਂ ਪਾਵਰਕੌਮ ਦੀ ਅਣਗਹਿਲੀ ਬਾਰੇ ਦੱਸਦਿਆਂ ਕਿਹਾ ਕਿ ਅਧਿਕਾਰੀਆਂ ਵੱਲੋਂ ਗੁਰਜੀਤ ਸਿੰਘ ਨੂੰ ਦੱਸਿਆ ਗਿਆ ਸੀ ਕਿ ਲਾਈਨ ਬੰਦ ਕੀਤੀ ਹੋਈ ਹੈ। ਇਸ ਲਾਈਨ ਦੀ ਸਪਲਾਈ ਬੰਦ ਕਰਨ ਸਬੰਧੀ ਬਕਾਇਦਾ ਦਾ ਪਰਮਿਟ ਜਾਰੀ ਹੋ ਚੁੱਕਾ ਹੈ ਪ੍ਰੰਤੂ ਲਾਈਨ ਵਿੱਚ ਸਪਲਾਈ ਚਾਲੂ ਹੋਣ ਕਾਰਨ ਇਹ ਹਾਦਸਾ ਵਾਪਰ ਗਿਆ। ਇਸ ਹਾਦਸੇ ਵਿੱਚ ਗੁਰਜੀਤ ਸਿੰਘ ਦੇ ਬਾਂਹ ਅਤੇ ਸਿਰ ਵਿੱਚ ਜ਼ਬਰਦਸਤ ਬਿਜਲੀ ਦਾ ਕਰੰਟ ਲੱਗਿਆ। ਕਰੰਟ ਸਿਰ ਦੇ ਉੱਤੇ ਖੋਪੜੀ ਵਿੱਚ ਜਾ ਕੇ ਨਿਕਲਿਆ। ਜਿਸ ਕਾਰਨ ਉਹ ਕਾਫ਼ੀ ਜ਼ਖ਼ਮੀ ਹੈ। ਉਨ੍ਹਾਂ ਪੁਲੀਸ ਤੋਂ ਮੰਗ ਕੀਤੀ ਕਿ ਪਾਵਰਕੌਮ ਦੀ ਮੈਨੇਜਮੈਂਟ ਖ਼ਿਲਾਫ਼ ਕੇਸ ਦਰਜ ਕੀਤਾ ਜਾਵੇ ਅਤੇ ਪੀੜਤ ਕਰਮਚਾਰੀ ਨੂੰ ਬਣਦਾ ਮੁਆਵਜ਼ਾ ਅਤੇ ਮੈਡੀਕਲ ਸਹੂਲਤਾਂ ਸਮੇਤ ਜਦੋਂ ਤੱਕ ਕਰਮਚਾਰੀ ਇਲਾਜ ਅਧੀਨ ਹੈ। ਉਦੋਂ ਤੱਕ ਪੁਰੀ ਤਨਖ਼ਾਹ ਦਿੱਤੀ ਜਾਵੇ ਤਾਂ ਜੋ ਪੀੜਤ ਪਰਿਵਾਰ ਦਾ ਗੁਜ਼ਾਰਾ ਹੋ ਸਕੇ।
(ਬਾਕਸ ਆਈਟਮ)
ਸੋਹਾਣਾ ਥਾਣਾ ਦੇ ਜਾਂਚ ਅਧਿਕਾਰੀ ਅਤੇ ਏਐਸਆਈ ਸੰਜੇ ਕੁਮਾਰ ਨੇ ਠੇਕਾ ਮੁਲਾਜ਼ਮ ਯੂਨੀਅਨ ਅਤੇ ਪੀੜਤ ਪਰਿਵਾਰ ਦੀ ਸ਼ਿਕਾਇਤ ਮਿਲਣ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਸਬੰਧਤ ਜੇਈ ਨੇ ਉਕਤ ਮਾਮਲੇ ਸਬੰਧੀ ਅਤੇ ਜਾਂਚ ਵਿੱਚ ਸ਼ਾਮਲ ਹੋਣ ਲਈ ਸਮਾਂ ਮੰਗਿਆ ਹੈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਵੀਰਵਾਰ ਨੂੰ ਦੋਵੇਂ ਧਿਰਾਂ ਨੂੰ ਥਾਣੇ ਸੱਦਿਆ ਗਿਆ ਹੈ। ਇਸ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।

Load More Related Articles
Load More By Nabaz-e-Punjab
Load More In Accident

Check Also

ਸਿਲਵੀ ਪਾਰਕ ਨੇੜੇ ਵਾਪਰੇ ਭਿਆਨਕ ਹਾਦਸੇ ਵਿੱਚ ਚਾਲਕ ਦੀ ਮੌਤ

ਸਿਲਵੀ ਪਾਰਕ ਨੇੜੇ ਵਾਪਰੇ ਭਿਆਨਕ ਹਾਦਸੇ ਵਿੱਚ ਚਾਲਕ ਦੀ ਮੌਤ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਦਸੰਬਰ: ਇੱ…