nabaz-e-punjab.com

ਮੁਹਾਲੀ ਵਿੱਚ ਬਿਜਲੀ ਪਾਣੀ ਨੂੰ ਤਰਸੇ ਲੋਕ, ਕਈ ਹਿੱਸਿਆ ਵਿੱਚ ਬਿਜਲੀ ਗੁੱਲ

ਖਰੜ ਰੰਧਾਵਾ ਰੋਡ ਇਲਾਕੇ ਵਿੱਚ ਮੰਗਲਵਾਰ ਨੂੰ ਲਗਾਤਾਰ 12 ਘੰਟੇ ਗੁੱਲ ਰਹੀ ਬਿਜਲੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 15 ਮਈ:
ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੀ ਜੂਹ ਵਿੱਚ ਵਸਦੇ ਆਈਟੀ ਸਿਟੀ ਮੁਹਾਲੀ ਦੇ ਬਾਸ਼ਿੰਦੇ ਬਿਜਲੀ ਪਾਣੀ ਨੂੰ ਤਰਸ ਗਏ ਹਨ। ਸ਼ਹਿਰ ਵਾਸੀ ਪਿਛਲੇ ਕਾਫੀ ਸਮੇਂ ਤੋਂ ਇਸ ਸਮੱਸਿਆ ਨਾਲ ਜੂਝ ਰਹੇ ਹਨ। ਬਿਜਲੀ ਗੁੱਲ ਹੋਣ ਨਾਲ ਪੀਣ ਵਾਲੇ ਪਾਣੀ ਦੀ ਸਪਲਾਈ ਵੀ ਪ੍ਰਭਾਵਿਤ ਹੋ ਜਾਂਦੀ ਹੈ। ਉਂਜ ਵੀ ਪ੍ਰਸ਼ਾਸਨ ਕੋਲ ਪਾਣੀ ਦੀ ਉਪਲਬਧਾ ਕਾਫੀ ਘੱਟ ਹੈ ਅਤੇ ਕਜੌਲੀ ਤੋਂ ਸਿੱਧੇ ਪਾਣੀ ਦੀ ਸਪਲਾਈ ਵਾਲਾ ਪ੍ਰਾਜੈਕਟ ਵੀ ਠੰਡੇ ਬਸਤੇ ਵਿੱਚ ਪਿਆ ਹੈ। ਆਈਟੀਆਈ ਕਾਰਕੁਨ ਕੁਲਜੀਤ ਸਿੰਘ ਬੇਦੀ ਪਹਿਲਾਂ ਵੀ ਪਾਣੀ ਦੇ ਮੁੱਦੇ ’ਤੇ ਕਾਨੂੰਨੀ ਲੜਾਈ ਲੜ ਚੁੱਕੇ ਹਨ ਅਤੇ ਹੁਣ ਵੀ ਹਾਈ ਕੋਰਟ ਦਾ ਬੂਹਾ ਖੜਕਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਸ੍ਰੀ ਬੇਦੀ ਨੇ ਕਿਹਾ ਕਿ ਲੋਕ ਸਭਾ ਚੋਣਾਂ ਤੋਂ ਬਾਅਦ ਜਨਹਿੱਤ ਪਟੀਸ਼ਨ ਦਾਇਰ ਕੀਤੀ ਜਾਵੇਗੀ। ਅਕਾਲੀ ਕੌਂਸਲਰ ਸਤਵੀਰ ਸਿੰਘ ਧਨੋਆ ਦਾ ਕਹਿਣਾ ਹੈ ਕਿ ਸ਼ਹਿਰ ਦੇ ਜ਼ਿਆਦਾਤਰ ਟਿਊਬਵੈੱਲਾਂ ਦੀ ਮਸ਼ੀਨਰੀ ਕਾਫੀ ਪੁਰਾਣੀ ਹੋਣ ਕਾਰਨ ਕੰਡਮ ਹੋ ਗਈ ਹੈ।
ਇੱਥੋਂ ਦੇ ਫੇਜ਼-10 ਵਿੱਚ ਦੁਪਹਿਰ ਵੇਲੇ ਬਿਜਲੀ ਗੁੱਲ ਹੋ ਗਈ ਸੀ ਜੋ ਦੇਰ ਸ਼ਾਮ ਤੱਕ ਨਹੀਂ ਆਈ। ਕੁਲਵੰਤ ਸਿੰਘ ਢੀਂਗਰਾ ਨੇ ਦੱਸਿਆ ਕਿ ਬੁੱਧਵਾਰ ਨੂੰ ਅਚਾਨਕ ਦੁਪਹਿਰ ਕਰੀਬ ਦੋ ਕੁ ਵਜੇ ਬਿਜਲੀ ਗੁੱਲ ਹੋ ਗਈ ਅਤੇ 9 ਵਜੇ ਤੱਕ ਵੀ ਬਿਜਲੀ ਨਹੀਂ ਆਈ। ਜਦੋਕਿ ਸਟਰੀਟ ਲਾਈਟਾਂ ਜਗ ਰਹੀਆਂ ਸਨ। ਉਨ੍ਹਾਂ ਦੱਸਿਆ ਕਿ ਗਰਮੀ ਦਾ ਮੌਸਮ ਸ਼ੁਰੂ ਹੁੰਦੇ ਹੀ ਬਿਜਲੀ ਪਾਣੀ ਦੀ ਸਮੱਸਿਆ ਵਧ ਗਈ ਹੈ। ਜਿਸ ਕਾਰਨ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਸ੍ਰੀ ਢੀਂਗਰਾ ਨੇ ਦੱਸਿਆ ਕਿ ਅੱਜ ਉਨ੍ਹਾਂ ਨੇ ਪਾਵਰਕੌਮ ਦੇ ਸ਼ਿਕਾਇਤ ਘਰ ਵਿੱਚ ਲਗਾਤਾਰ ਕਈ ਫੋਨ ਕਰ ਕੇ ਸ਼ਿਕਾਇਤ ਦਰਜ ਕਰਵਾਉਣ ਦੀ ਕੋਸ਼ਿਸ਼ ਕੀਤੀ ਲੇਕਿਨ ਕਿਸੇ ਅਧਿਕਾਰੀ ਜਾਂ ਕਰਮਚਾਰੀ ਨੇ ਫੋਨ ਨਹੀਂ ਚੁੱਕਿਆ। ਇੰਝ ਹੀ ਪੰਜਾਬੀ ਦੇ ਲੇਖਕ ਰਿਪੂਦਮਨ ਸਿੰਘ ਰੂਪ ਨੇ ਦੱਸਿਆ ਕਿ ਕਾਫੀ ਦਿਨਾਂ ਤੋਂ ਬਿਜਲੀ ਦੇ ਅਣਐਲਾਨੇ ਕੱਟਾਂ ਤੋਂ ਸ਼ਹਿਰ ਵਾਸੀ ਬੇਹੱਦ ਤੰਗ ਪ੍ਰੇਸ਼ਾਨ ਹਨ। ਉਨ੍ਹਾਂ ਦੱਸਿਆ ਕਿ ਮਾਰਕੀਟ ਵਿੱਚ ਬਿਜਲੀ ਗੁੱਲ ਹੋਣ ਕਾਰਨ ਅੌਰਤਾਂ ਖਾਸ ਕਰਕੇ ਲੜਕੀਆਂ ਨੂੰ ਬਾਜ਼ਾਰ ’ਚੋਂ ਸਮਾਨ ਆਦਿ ਲਿਆਉਣ ਲਈ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਂਜ ਵੀ ਬਿਜਲੀ ਚਲੀ ਜਾਣ ਨਾਲ ਸਟਰੀਟ ਕਰਾਈਮ ਵਧਣ ਦਾ ਖ਼ਦਸ਼ਾ ਬਣਿਆ ਰਹਿੰਦਾ ਹੈ। ਇਸ ਤੋਂ ਇਲਾਵਾ ਕਈ ਹੋਰਨਾਂ ਹਿੱਸਿਆਂ ਵਿੱਚ ਵੀ ਬਿਜਲੀ ਗੁੱਲ ਹੋਣ ਬਾਰੇ ਪਤਾ ਲੱਗਾ ਹੈ।
ਉਧਰ, ਖਰੜ ਦੇ ਰੰਧਾਵਾ ਰੋਡ ਇਲਾਕੇ ਵਿੱਚ ਬੀਤੇ ਦਿਨੀਂ ਲਗਾਤਾਰ 12 ਘੰਟੇ ਬਿਜਲੀ ਗੁੱਲ ਰਹੀ। ਰੰਧਾਵਾ ਰੋਡ ਦੇ ਵਸਨੀਕਾਂ ਨੇ ਦੱਸਿਆ ਕਿ ਮੰਗਲਵਾਰ ਨੂੰ ਦਿਨ ਵਿੱਚ ਦੁਪਹਿਰ ਵੇਲੇ ਅਚਾਨਕ ਬਿਜਲੀ ਚਲੀ ਗਈ ਸੀ, ਜੋ ਅੱਧੀ ਰਾਤ ਤੋਂ ਬਾਅਦ ਕਰੀਬ ਇਕ ਵਜੇ ਵਾਪਸ ਆਈ। ਜਿਸ ਕਾਰਨ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਹਾਲਾਂਕਿ ਇਸ ਸਬੰਧੀ ਪੀੜਤ ਲੋਕਾਂ ਅਤੇ ਅੌਰਤਾਂ ਨੇ ਪਾਵਰਕੌਮ ਦੇ ਸ਼ਿਕਾਇਤ ਘਰ ਅਤੇ ਉੱਚ ਅਧਿਕਾਰੀਆਂ ਨਾਲ ਫੋਨ ’ਤੇ ਗੱਲ ਕੀਤੀ ਗਈ ਲੇਕਿਨ ਅਧਿਕਾਰੀ ਜਲਦੀ ਬਿਜਲੀ ਆਉਣ ਦਾ ਝੂਠਾ ਲਾਰਾ ਲਗਾ ਕੇ ਗੱਲ ਨੂੰ ਟਾਲ ਦਿੰਦੇ ਰਹੇ। ਇਸ ਸਬੰਧੀ ਸੰਪਰਕ ਕਰਨ ’ਤੇ ਪਾਵਰਕੌਮ ਸ਼ਹਿਰੀ ਡਿਵੀਜ਼ਨ-2 ਦੇ ਕਾਰਜਕਾਰੀ ਐਸਡੀਓ ਬਲਦੇਵ ਸਿੰਘ ਨੇ ਇਸ ਪੱਤਰਕਾਰ ਨੂੰ ਦੱਸਿਆ ਕਿ ਮੰਡੀ ਫੀਡਰ ਵਿੱਚ ਅਚਾਨਕ ਤਕਨੀਕੀ ਖ਼ਰਾਬੀ ਆ ਗਈ ਹੈ ਅਤੇ ਕੁਝ ਤਾਰਾਂ ਬਦਲੀਆਂ ਜਾ ਰਹੀਆਂ ਹਨ। ਸ਼ਾਮ ਵੇਲੇ ਅਧਿਕਾਰੀ ਨੇ ਭਰੋਸਾ ਦਿੱਤਾ ਕਿ 10 ਤੋਂ 15 ਮਿੰਟ ਵਿੱਚ ਬਿਜਲੀ ਬਹਾਲ ਹੋ ਜਾਵੇਗੀ ਲੇਕਿਨ ਅੱਧੀ ਰਾਤ ਤੋਂ ਬਾਅਦ ਲਗਭਗ 1 ਵਜੇ ਬਿਜਲੀ ਆਈ ਤਾਂ ਕਿਤੇ ਜਾ ਕੇ ਲੋਕਾਂ ਨੇ ਸੁੱਖ ਦਾ ਸਾਹ ਲਿਆ।

Load More Related Articles
Load More By Nabaz-e-Punjab
Load More In General News

Check Also

Excise and Taxation Department, Punjab Initiates Comprehensive GST Registration Drive for Dealers

Excise and Taxation Department, Punjab Initiates Comprehensive GST Registration Drive for …