Nabaz-e-punjab.com

ਕੋਈ ਵੀ ਯੋਗ ਵਿਅਕਤੀ ਵੋਟ ਬਣਾਉਣ ਤੋਂ ਵਾਂਝਾ ਨਾ ਰਹੇ: ਏਡੀਸੀ ਸਾਹਨੀ

ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਵੋਟਰ ਸੂਚੀਆਂ ਦੀ ਮੁੱਢਲੀ ਪ੍ਰਕਾਸ਼ਨਾਂ ਦੀਆਂ ਸੀਡੀਜ਼ ਸੌਪੀਆਂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 16 ਦਸੰਬਰ:
ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵਿੱਚ ਫੋਟੋ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ ਸਬੰਧੀ ਚੱਲ ਰਹੇ ਪ੍ਰੋਗਰਾਮ ਅਧੀਨ ਅੱਜ ਇੱਥੇ ਮੁਹਾਲੀ ਦੀ ਵਧੀਕ ਡਿਪਟੀ ਕਮਿਸ਼ਨਰ (ਜਨਰਲ)-ਕਮ-ਵਧੀਕ ਜ਼ਿਲ੍ਹਾ ਚੋਣ ਅਫ਼ਸਰ ਸ੍ਰੀਮਤੀ ਸਾਕਸ਼ੀ ਸਾਹਨੀ ਨੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕਰ ਕੇ ਉਨ੍ਹਾਂ ਨੂੰ ਵੋਟਰ ਸੂਚੀਆਂ ਦੀ ਮੁੱਢਲੀ ਪ੍ਰਕਾਸ਼ਨਾਂ ਦੀਆਂ ਸੀਡੀਜ਼ ਸੌਂਪੀਆਂ ਅਤੇ ਵੋਟਾਂ ਬਣਾਉਣ ਦੀ ਪ੍ਰਕਿਰਿਆ ਬਾਰੇ ਜਾਣੂ ਕਰਵਾਇਆ। ਉਨ੍ਹਾਂ 18 ਸਾਲ ਤੱਕ ਉਮਰ ਦੇ ਹਰੇਕ ਨੌਜਵਾਨ ਦੀ ਵੋਟ ਬਣਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਕੋਈ ਵੀ ਯੋਗ ਵਿਅਕਤੀ ਵੋਟ ਬਣਾਉਣ ਤੋਂ ਵਾਂਝਾ ਨਾ ਰਹੇ।
ਸ੍ਰੀਮਤੀ ਸਾਹਨੀ ਨੇ ਦੱਸਿਆ ਕਿ ਪਹਿਲੀ ਜਨਵਰੀ 2020 ਨੂੰ ਵੋਟਰ ਵਜੋਂ ਨਾਮ ਦਰਜ ਕਰਵਾਉਣ ਲਈ ਯੋਗ ਹੋਣ ਵਾਲੇ ਯੋਗ ਵੋਟਰਾਂ ਦੇ ਨਾਮ ਦਰਜ ਕਰਨ ਲਈ ਵੋਟਰ ਫੋਟੋ ਸੂਚੀ ਵਿੱਚ ਵਿਸ਼ੇਸ਼ ਸੋਧਾਂ ਕਰਨ ਪਿੱਛੋਂ ਅੱਜ ਵੋਟਰ ਸੂਚੀਆਂ ਦੀ ਮੁੱਢਲੀ ਪ੍ਰਕਾਸ਼ਨਾਂ ਦੀ ਮਿਤੀ ਸੀ। ਉਨ੍ਹਾਂ ਕਿਹਾ ਕਿ ਤਰੁੱਟੀਆਂ ’ਤੇ ਇਤਰਾਜ਼ ਮਿਤੀ 16 ਦਸੰਬਰ 2019 ਤੋਂ 15 ਜਨਵਰੀ 2020 ਤੱਕ ਲਏ ਜਾਣਗੇ। ਤਰੁੱਟੀਆਂ ਤੇ ਇਤਰਾਜ਼ ਸਬੰਧੀ ਪ੍ਰਾਪਤ ਅਰਜ਼ੀਆਂ ਦਾ ਨਿਬੇੜਾ 27 ਜਨਵਰੀ 2020 ਤੱਕ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਵੋਟਰ ਸੂਚੀਆਂ ਦੀ ਅੰਤਿਮ ਛਪਾਈ 7 ਫਰਵਰੀ 2020 ਨੂੰ ਕਰ ਦਿੱਤੀ ਜਾਵੇਗੀ। ਉਨ੍ਹਾਂ ਸਮੂਹ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਕਿਹਾ ਕਿ ਉਹ ਆਪਣੇ ਇਲਾਕੇ ’ਚੋਂ ਤਬਦੀਲ ਹੋਏ ਵੋਟਰਾਂ ਦੇ ਫਾਰਮ ਭਰ ਕੇ ਸਬੰਧਤ ਚੋਣਕਾਰ ਰਜਿਸਟਰੇਸ਼ਨ ਅਫ਼ਸਰ ਨੂੰ ਦੇਣ। ਮੀਟਿੰਗ ਦੌਰਾਨ ਉਨ੍ਹਾਂ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਆਪਣੇ (ਬੂਥ ਲੈਵਲ ਏਜੰਟ) ਬੀਐਲਏ ਨਿਯੁਕਤ ਕਰਨ ਦੀ ਵੀ ਅਪੀਲ ਕੀਤੀ।
ਹੁਣ ਤੱਕ ਦੀ ਪ੍ਰਕਿਰਿਆ ਉੱਤੇ ਸਮੂਹ ਰਾਜਨੀਤਕ ਪਾਰਟੀਆਂ ਦੇ ਨੁਮਾਇੰਦਿਆਂ ਨੇ ਤਸੱਲੀ ਦਾ ਪ੍ਰਗਟਾਵਾ ਕੀਤਾ। ਮੀਟਿੰਗ ਵਿੱਚ ਤਹਿਸੀਲਦਾਰ (ਚੋਣਾਂ) ਸੰਜੈ ਕੁਮਾਰ, ਚੋਣ ਅਮਲੇ ਤੋਂ ਜਗਤਾਰ ਸਿੰਘ, ਭਾਜਪਾ ਦੇ ਜੋਗਿੰਦਰ ਸਿੰਘ ਕੰਵਰ, ਕਾਂਗਰਸ ਦੇ ਅਜੈਬ ਸਿੰਘ ਬਾਕਰਪੁਰ, ਸੰਦੀਪ ਧੀਮਾਨ, ਜੰਗਪ੍ਰੀਤ ਸਿੰਘ, ਬਸਪਾ ਦੇ ਆਗੂ ਸੁਖਦੇਵ ਸਿੰਘ ਚੱਪੜਚਿੜੀ, ਸੀਪੀਆਈ ਤੋਂ ਬਲਵਿੰਦਰ ਸਿੰਘ ਤੇ ਪ੍ਰਹਲਾਦ ਸਿੰਘ ਅਤੇ ਸ਼੍ਰੋਮਣੀ ਅਕਾਲੀ ਦਲ ਤੋਂ ਭੁਪਿੰਦਰ ਸਿੰਘ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…