
ਐਮੀਨੈਂਸ ਤੇ ਪੀਐੱਮ ਸ੍ਰੀ ਸਕੂਲਾਂ ਵਿੱਚ ਜੌਗਰਫ਼ੀ ਵਿਸ਼ਾ ਸ਼ੁਰੂ ਕਰਨ ਦੀ ਗੁਹਾਰ
2000 ਸੈਕੰਡਰੀ ਸਕੂਲਾਂ ’ਚੋਂ 1750 ਵਿੱਚ ਜੌਗਰਫ਼ੀ ਵਿਸ਼ੇ ਦੀ ਨਹੀਂ ਹੁੰਦੀ ਪੜ੍ਹਾਈ
ਨਬਜ਼-ਏ-ਪੰਜਾਬ, ਮੁਹਾਲੀ, 27 ਮਾਰਚ:
ਪੰਜਾਬ ਸਰਕਾਰ ਦੇ ਗਜ਼ਟ ਨੋਟੀਫਿਕੇਸ਼ਨ ਅਗਸਤ 2018 ਦੇ ਅਨੁਸਾਰ ਜੌਗਰਫੀ ਲੈਕਚਰਾਰਾਂ ਦੀਆਂ ਮੰਨਜ਼ੂਰਸ਼ਦਾ 357 ਆਸਾਮੀਆਂ ਨੂੰ ਈ-ਪੰਜਾਬ ਪੋਰਟਲ ‘ਤੇ ਦਰਸਾਉਣ, ਪੰਜਾਬ ਦੇ ਕੁੱਲ 2000 ਸੀਨੀਅਰ ਸੈਕੰਡਰੀ ਸਕੂਲਾਂ ’ਚੋਂ 1750 ਸਕੂਲਾਂ ਵਿੱਚ ਜੋਗਰਫੀ ਵਿਸ਼ੇ ਦੀ ਪੜ੍ਹਾਈ ਦਾ ਨਾ ਹੋਣਾ ਅਤੇ ਐਮੀਨੈਂਸ ਅਤੇ ਪੀਐੱਮ ਸ੍ਰੀ ਸਕੂਲਾਂ ਵਿੱਚ ਜੌਗਰਫੀ ਵਿਸ਼ੇ ਦੇ ਲੈਕਚਰਾਰ ਦੇ ਕੇ ਵਿਸ਼ਾ ਚਾਲੂ ਕਰਕੇ, ਵਿਦਿਆਰਥੀਆਂ ਨੂੰ ਮੁਕਾਬਲੇ ਦੀਆਂ ਪ੍ਰੀਖਿਆਵਾਂ ਲਈ ਤਿਆਰ ਕਰਨ ਦੇ ਮੁੱਦੇ ਨੂੰ ਲੈ ਕੇ ਜੌਗਰਫੀ ਪੋਸਟ ਗਰੈਜੂਏਟ ਟੀਚਰਜ਼ ਯੂਨੀਅਨ ਪੰਜਾਬ ਵੱਲੋਂ ਐੱਮਐੱਲਏ ਗੁਰਦਿੱਤ ਸਿੰਘ ਸੇਖੋਂ ਦੇ ਰਾਹੀਂ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਨਾਂ ਮੰਗ ਪੱਤਰ ਦਿੱਤੇ ਗਏ।
ਇਸੇ ਤਰ੍ਹਾਂ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ, ਸਿੱਖਿਆ ਸਕੱਤਰ, ਡੀਜੀਐੱਸਈ (ਸਕੂਲਾਂ) ਅਤੇ ਸਿੱਖਿਆ ਵਿਭਾਗ ਦੇ ਡਾਇਰੈਕਟਰ ਨੂੰ ਵੀ ਰਜਿਸਟਰਡ ਮੰਗ ਪੱਤਰ ਭੇਜੇ ਗਏ ਹਨ। ਇਨ੍ਹਾਂ ਮੰਗ ਪੱਤਰਾਂ ਵਿੱਚ ਜ਼ਿਕਰ ਕੀਤਾ ਗਿਆ ਕਿ ਭਾਵੇਂ ਪੰਜਾਬ ਸਰਕਾਰ ਨੇ ਗਜ਼ਟ ਨੋਟੀਫਿਕੇਸ਼ਨ ਵਿੱਚ 357 ਜੌਗਰਫ਼ੀ ਲੈਕਚਰਾਰਾਂ ਦੀਆਂ ਆਸਾਮੀਆਂ ਨੂੰ ਮੰਨਜ਼ੂਰੀ ਦਿੱਤੀ ਹੈ ਪ੍ਰੰਤੂ ਸਿੱਖਿਆ ਵਿਭਾਗ ਪੰਜਾਬ (ਸਕੂਲਾਂ) ਨੇ ਇਨ੍ਹਾਂ ਸਾਰੀਆਂ ਆਸਾਮੀਆਂ ਨੂੰ ਈ-ਪੰਜਾਬ ਪੋਰਟਲ ‘ਤੇ ਨਹੀਂ ਦਰਸਾਇਆ, ਜਿਸ ਕਰਕੇ ਕੁਝ ਮਹੀਨੇ ਪਹਿਲਾਂ ਪਦ-ਉੱਨਤ ਹੋਏ ਲੈਕਚਰਾਰਾਂ ਨੂੰ ਢੁੱਕਵੇਂ ਸਟੇਸ਼ਨ ਨਾ ਮਿਲਣ ਕਰਕੇ ਉਹਨਾਂ ਨੂੰ ਦੂਰ-ਦੁਰਾਡੇ ਸੈਂਕੜੇ ਕਿਲੋਮੀਟਰ ਡਿਊਟੀ ਕਰਨ ਵਿੱਚ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਇਸ ਤੋਂ ਇਲਾਵਾ ਪੰਜਾਬ ਦੇ ਕੁੱਲ 2000 ਸੀਨੀ: ਸੈਕੰ: ਸਕੂਲਾਂ ਵਿੱਚੋਂ 1750 ਸਕੂਲਾਂ ਦੇ ਵਿਦਿਆਰਥੀ ਜੌਗਰਫ਼ੀ (ਭੂਗੋਲ) ਵਿਸ਼ੇ ਦੀ ਪੜ੍ਹਾਈ ਤੋਂ ਵਾਝੇ ਚੱਲ ਰਹੇ ਹਨ। ਜਦੋਂਕਿ ਹਰ ਤਰ੍ਹਾਂ ਦੀਆਂ ਨੌਕਰੀਆਂ ਪ੍ਰਾਪਤ ਕਰਨ ਲਈ ਮੁਕਾਬਲੇ ਦੀਆਂ ਪ੍ਰੀਖਿਆਵਾਂ ਵਿੱਚ 30 ਪ੍ਰਤੀਸ਼ਤ ਸਵਾਲ ਇਸ ਵਿਸ਼ੇ ਵਿੱਚੋਂ ਹੀ ਪੁੱਛੇ ਜਾਂਦੇ ਹਨ। ਪੰਜਾਬ ਦੇ ਮੁਕਾਬਲੇ ਹਰਿਆਣਾ, ਦਿੱਲੀ ਅਤੇ ਰਾਜਸਥਾਨ ਦੇ ਲਗਭਗ ਹਰ ਸਕੂਲ ਵਿੱਚ ਇਹ ਵਿਸ਼ਾ ਪੜ੍ਹਾਏ ਜਾਣ ਦੀ ਵਿਵਸਥਾ ਹੈ, ਜਿਸ ਕਰਕੇ ਉੱਥੋਂ ਦੇ ਨੌਜਵਾਨ ਆਈ.ਏ.ਐੱਸ., ਆਈ.ਪੀ.ਐੱਸ ਅਤੇ ਹੋਰ ਜੁੜਵੀਆਂ ਪ੍ਰੀਖਿਆਵਾਂ ਵਿੱਚ ਸਫ਼ਲਤਾ ਹਾਸਲ ਕਰਦੇ ਹਨ, ਜਦੋਂਕਿ ਪੰਜਾਬ ਦੇ ਵਿਦਿਆਰਥੀ ਪੱਛੜ ਜਾਂਦੇ ਹਨ।
ਜਥੇਬੰਦੀ ਦੇ ਆਗੂਆਂ ਪ੍ਰਧਾਨ ਸੁਖਜਿੰਦਰ ਸਿੰਘ ਸੁੱਖੀ, ਜਨਰਲ ਸਕੱਤਰ ਦਿਲਬਾਗ ਸਿੰਘ ਲਾਪਰਾਂ, ਸੀਨੀਅਰ ਮੀਤ ਪ੍ਰਧਾਨ ਭੁਪਿੰਦਰ ਮਾਨ, ਮੀਤ ਪ੍ਰਧਾਨ ਨਰੇਸ਼ ਸਲੂਜਾ, ਜੂਨੀਅਰ ਮੀਤ ਪ੍ਰਧਾਨ ਤੇਜਵੀਰ ਸਿੰਘ, ਸਕੱਤਰ ਸਮਸ਼ੇਰ ਸਿੰਘ ਸ਼ੈਰੀ, ਜੱਥੇਬੰਦਕ ਸਕੱਤਰ ਜਸਵਿੰਦਰ ਸਿੰਘ ਸੰਧੂ, ਸਹਾਇਕ ਸਕੱਤਰ ਅਵਤਾਰ ਸਿੰਘ ਬਲਿੰਗ, ਖਜਾਨਚੀ ਚਮਕੌਰ ਸਿੰਘ, ਸਹਾਇਕ ਖਜਾਨਚੀ ਗੁਰਮੇਲ ਸਿੰਘ ਰਹਿਲ, ਪ੍ਰੈੱਸ ਸਕੱਤਰ ਪਰਮਜੀਤ ਸਿੰਘ ਸੰਧੂ, ਕਾਨੂੰਨੀ ਸਲਾਹਕਾਰ ਹਰਜੋਤ ਸਿੰਘ ਬਰਾੜ, ਗਗਨਦੀਪ ਸਿੰਘ ਸੰਧੂ, ਭਵੇਸ਼ਵਰ ਭਾਰਤੀ, ਮਨਦੀਪ ਸਿੰਘ ਸੀਰਵਾਲੀ, ਦਵਿੰਦਰ ਕੁਮਾਰ, ਸੁਖਦੇਵ ਸਿੰਘ, ਹਰਵਿੰਦਰ ਸਿੰਘ, ਮਨਜਿੰਦਰ ਕੌਰ, ਬਲਵੀਨ ਕੌਰ, ਪ੍ਰੇਮ ਕੁਮਾਰ ਅਤੇ ਸੁਰਿੰਦਰ ਸੱਚਦੇਵਾ ਨੇ ਮੰਗ ਕੀਤੀ ਹੈ ਕਿ ਜੌਗਰਫੀ ਲੈਕਚਰਾਰਾਂ ਦੀਆਂ ਮਨਜ਼ੂਰਸ਼ੁਦਾ 357 ਆਸਾਮੀਆਂ ਨੂੰ ਈ-ਪੰਜਾਬ ਪੋਰਟਲ ‘ਤੇ ਦਰਸਾ ਕੇ ਅਤੇ ਹੋਰਨਾਂ ਵਿਸ਼ਿਆਂ ਦੇ ਲੈਕਚਰਾਰਾਂ ਦੀਆਂ ਖਾਲੀ ਤੇ ਵਾਧੂ ਆਸਾਮੀਆਂ ਨੂੰ 119 ਸਕੂਲ ਆਫ਼ ਐਮੀਨੈਂਸ ਅਤੇ 174 ਪੀ.ਐੱਮ.ਸ਼੍ਰੀ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਦੇ ਕੇ ਜੌਗਰਫ਼ੀ ਲੈਕਚਰਾਰਾਂ ਦੀਆਂ ਆਸਾਮੀਆਂ ਦੀ ਘਾਟ ਨੂੰ ਪੂਰਾ ਕੀਤਾ ਜਾਵੇ ਤਾਂ ਜੋ ਪਦਉੱਨਤੀ ਸਮੇਂ ਸਿੱਧੀ ਭਰਤੀ ਅਤੇ ਬਦਲੀਆਂ ਸਮੇਂ ਅਧਿਆਪਕਾਂ/ਲੈਕਚਰਾਰਾਂ ਨੂੰ ਕੋਈ ਦਿੱਕਤ ਨਾ ਆਵੇ ਅਤੇ ਵਿਦਿਆਰਥੀ ਇਸ ਵਿਸ਼ੇ ਦੀ ਪੜ੍ਹਾਈ ਕਰਕੇ ਭਵਿੱਖ ਉਜਵਲ ਕਰ ਸਕਣ।