Nabaz-e-punjab.com

ਉੱਘੀ ਲੇਖਕਾ ਡਾ. ਦਲੀਪ ਕੌਰ ਟਿਵਾਣਾ ਨਹੀਂ ਰਹੇ, ਪਟਿਆਲਾ ਵਿੱਚ ਅੰਤਿਮ ਸਸਕਾਰ 1 ਫਰਵਰੀ ਨੂੰ

ਮੀਡੀਆ ਵਿੱਚ ਖ਼ਬਰ ਪ੍ਰਕਾਸ਼ਿਤ ਹੋਣ ਤੋਂ ਬਾਅਦ ਜਾਗੀ ਸੀ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ

ਭਾਸ਼ਾ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕੀਤਾ ਸੀ ਮੁਫ਼ਤ ਇਲਾਜ ਕਰਵਾਉਣ ਦਾ ਅਲਾਨ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 31 ਜਨਵਰੀ:
ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨ ਵਾਲੀ ਉੱਘੀ ਲੇਖਕਾ ਤੇ ਸਾਹਿਤਕਾਰ ਡਾ. ਦਲੀਪ ਕੌਰ ਟਿਵਾਣਾ (85) ਦਾ ਅੱਜ ਦੇਹਾਂਤ ਹੋ ਗਿਆ। ਉਹ ਪਿਛਲੇ ਕਈ ਦਿਨਾਂ ਤੋਂ ਇੱਥੋਂ ਦੇ ਫੇਜ਼-6 ਸਥਿਤ ਮੈਕਸ ਸੁਪਰ ਸਪੈਸ਼ਲਿਟੀ ਹਸਪਤਾਲ ਵਿੱਚ ਦਾਖ਼ਲ ਸਨ। ਜਿੱਥੇ ਇਲਾਜ ਦੌਰਾਨ ਉਨ੍ਹਾਂ ਨੇ ਸ਼ੁੱਕਰਵਾਰ ਨੂੰ ਬਾਅਦ ਦੁਪਹਿਰ ਕਰੀਬ ਸਵਾ 3 ਵਜੇ ਆਖ਼ਰੀ ਸਾਹ ਲਿਆ। ਉਨ੍ਹਾਂ ਦੇ ਫੇਫੜੇ ਕਾਫੀ ਖ਼ਰਾਬ ਹੋ ਚੁੱਕੇ ਹਨ ਅਤੇ ਉਨ੍ਹਾਂ ਨੂੰ ਸਾਹ ਲੈਣ ਵਿੱਚ ਕਾਫ਼ੀ ਦਿੱਕਤ ਆ ਰਹੀ ਹੈ। ਹਾਲਾਂਕਿ ਪਿਛਲੇ ਦਿਨੀਂ ਮੈਕਸ ਹਸਪਤਾਲ ਦੇ ਬੁਲਾਰੇ ਨੇ ਡਾ. ਟਿਵਾਣਾ ਦੀ ਸਿਹਤ ਵਿੱਚ ਸੁਧਾਰ ਆਉਣ ਤੋਂ ਬਾਅਦ ਵੈਂਟੀਲੇਟਰ ਤੋਂ ਥੱਲੇ ਲਾਹ ਕੇ ਸਪੈਸ਼ਲ ਵਾਰਡ ਵਿੱਚ ਦਾਖ਼ਲ ਕਰਨ ਦੀ ਗੱਲ ਆਖੀ ਸੀ ਲੇਕਿਨ ਅੱਜ ਉਨ੍ਹਾਂ ਦੀ ਮੌਤ ਹੋ ਗਈ। ਡਾ. ਟਿਵਾਣਾ ਨੇ ‘ਏਹੁ ਹਮਾਰਾ ਜੀਵਣਾ’, ਵਾਟ ਹਮਾਰੀ, ਲੌਘ ਗਏ ਦਰਿਆ, ਕਥਾ ਕਹੋ ਉਰਵਸ਼ੀ ਸਮੇਤ ਪੰਜਾਬੀ ਮਾਂ ਬੋਲੀ ਅਤੇ ਪੰਜਾਬੀ ਸਾਹਿਤ ਨੂੰ ਸਮਰਪਿਤ ਅਣਗਿਣਤ ਕਿਤਾਬਾਂ ਲਿਖੀਆਂ ਹਨ। ਜੋ ਸਮਾਜ ਨੂੰ ਸਹੀ ਸੇਧ ਦੇਣ ਵਾਲੀਆਂ ਹਨ।
ਡਾ. ਟਿਵਾਣਾ ਦਾ ਜਨਮ 4 ਮਈ 1935 ਨੂੰ ਪਿੰਡ ਪਿੰਡ ਰੱਬੋਂ ਉੱਚੀ (ਜ਼ਿਲ੍ਹਾ ਲੁਧਿਆਣਾ) ਵਿੱਚ ਹੋਇਆ। ਪੰਜਾਬ ਯੂਨੀਵਰਸਿਟੀ ਪਟਿਆਲਾ ਤੋਂ ਉਸ ਨੇ ਐਮਏ ਪੰਜਾਬੀ ਕੀਤੀ ਅਤੇ ਯੂਨੀਵਰਸਿਟੀ ਵਿੱਚ ਪੰਜਾਬੀ ਦੀ ਪੀਐਚਡੀ ਕਰਨ ਵਾਲੀ ਉਹ ਪਹਿਲੀ ਨਾਰੀ ਸੀ। ਉਹ ਅਜੋਕੇ ਪੰਜਾਬੀ ਸਾਹਿਤ ਦੀ ਸਰਵੋਤਮ ਨਾਵਲਕਾਰ ਅਤੇ ਨਿੱਕੀ ਕਹਾਣੀ ਦੀ ਲੇਖਕਾ ਸੀ। ਉਸ ਨੇ ਜ਼ਿਆਦਾਤਰ ਮਜ਼ਲੂਮ ਅੌਰਤਾਂ ਦੀ ਮਾਨਸਿਕਤਾ ਅਤੇ ਉਨ੍ਹਾਂ ਦੇ ਸਮਾਜ ਵਿੱਚ ਨੀਵੇਂ ਦਰਜੇ ਦੀ ਹਾਲਤ ਬਾਰੇ ਲਿਖਿਆ ਹੈ। ਉਸ ਦੇ ਨਾਵਲਾਂ ਦੀਆਂ ਕੁਝ ਅੌਰਤਾਂ ਪੜ੍ਹੀਆਂ-ਲਿਖੀਆਂ ਜਾਂ ਆਰਥਿਕ ਤੌਰ ’ਤੇ ਮਜ਼ਬੂਤ ਹੋਣ ਦੇ ਬਾਵਜੂਦ ਵੀ ਮਨੁੱਖਤਾ ਵਿੱਚ ਬਰਾਬਰੀ ਦਾ ਇਜ਼ਹਾਰ ਨਹੀਂ ਕਰ ਸਕੀਆਂ ਅਤੇ ਨਾ ਹੀ ਉਹ ਇਕ ਡਰ ਥੱਲੇ ਰਹਿ ਕੇ ਪਰਿਵਾਰ ਤੇ ਸਮਾਜ ਵਿੱਚ ਬਰਾਬਰੀ ਦਾ ਦਾਅਵਾ ਕਰਦੀਆਂ ਹਨ।
ਆਪਣੇ ਨਾਵਲ ‘ਏਹੁ ਹਮਾਰਾ ਜੀਵਣਾ’ (ਅੰਗਰੇਜ਼ੀ: “his our Life ੧੯੬੯) ਲਈ ਉਸ 1971 ਵਿੱਚ ਸਾਹਿਤ ਅਕਾਦਮੀ ਇਨਾਮ ਹਾਸਲ ਕੀਤਾ। ਡਾ. ਟਿਵਾਣਾ ਨੇ ਪਹਿਲਾ ਨਾਵਲ ‘ਅਗਨੀ ਪ੍ਰੀਖਿਆ’ (ਅੰਗਰੇਜ਼ੀ: “he Ordeal of Life) ਲਿਖਿਆ,ਜਿਸ ਤੋਂ ਬਾਦ ਉਸ ਨੇ ਨਾਵਲਾਂ ਦੀ ਇੱਕ ਲੜੀ ਹੀ; ‘ਵਾਟ ਹਮਾਰੀ’ (ਅੰਗਰੇਜ਼ੀ: Our path ੧੯੭੦), ‘ਤੀਲੀ ਦਾ ਨਿਸ਼ਾਨ’ (ਅੰਗਰੇਜ਼ੀ: Mark of Nose Pin,੧੯੭੧), ‘ਸੂਰਜ ਤੇ ਸਮੁੰਦਰ’ (ਅੰਗਰੇਜ਼ੀ: Sun and Ocean,੧੯੭੨), ‘ਦੂਸਰੀ ਸੀਤਾ’ (ਅੰਗਰੇਜ਼ੀ: Second Sita,੧੯੭੫), ‘ਸਰਕੰਡੇ ਦਾ ਦੇਸ਼’, ‘ਧੁੱਪ ਛਾਂ ਤੇ ਰੁੱਖ’, ‘ਲੰਮੀ ਉਡਾਰੀ’ ਤੇ ਤਤਕਾਲੀਨ ਨਾਵਲ ‘ਪੀਲੇ ਪੱਤਿਆਂ ਦੀ ਦਾਸਤਾਨ’ ਲਿਖ ਦਿਤੀ। ਨਾਵਲਾਂ ਤੋਂ ਇਲਾਵਾ, ਸਵੈ ਜੀਵਨੀ ‘ਨੰਗੇ ਪੈਰਾਂ ਦਾ ਸਫ਼ਰ’ ਦੇ ਸਿਰਲੇਖ ਹੇਠ ਲਿਖੀ ਹੈ। ਟਿਵਾਣਾ ਨੇ ਛੇ ਕਹਾਣੀ ਸੰਗ੍ਰਿਹ ਸਾਧਨਾ, ‘ਯਾਤਰਾ’, ‘ਕਿਸ ਦੀ ਧੀ’, ‘ਇਕ ਕੁੜੀ’, ‘ਤੇਰਾ ਮੇਰਾ ਕਮਰਾ’ ਅਤੇ ‘ਮਾਲਣ’ ਵੀ ਛਪਵਾਏ ਹਨ। ਉਸ ਦੇ ਕਹਾਣੀ ਸੰਗ੍ਰਿਹਾਂ ਦੇ ਅੰਗਰੇਜ਼ੀ, ਹਿੰਦੀ ਤੇ ਉਰਦੂ ਵਿੱਚ ਤਰਜਮੇ ਹੋ ਚੁੱਕੇ ਹਨ ਤੇ ਰਚਨਾਵਾਂ ਕਈ ਪੱਤ੍ਰਿਕਾਵਾਂ ਵਿੱਚ ਪ੍ਰਕਾਸ਼ਿਤ ਕੀਤੀਆਂ ਜਾ ਚੁੱਕੀਆਂ ਹਨ। ਟਿਵਾਣਾ ਦੇ ਨਾਵਲਾਂ ਤੇ ਕਹਾਣੀਆਂ ਦੇ ਪਾਤਰ ਮਜ਼ਲੂਮ ਤੇ ਦੱਬੇ ਹੋਏ ਪੇਂਡੂ ਲੋਕ ਹਨ। ਜਿਨ੍ਹਾਂ ਦੀਆਂ ਹਸਰਤਾਂ ਕੁਚਲੀਆਂ ਜਾਂਦੀਆਂ ਰਹੀਆਂ ਹਨ। ਨਾਰੀ ਮਾਨਸਿਕਤਾ ਦੀ ਗੁੰਝਲਦਾਰ ਅੰਦਰੂਨੀ ਦੁਬਿਧਾ ਉਸ ਦਾ ਮੁੱਖ ਵਿਸ਼ਾ ਹੈ। ਗਲਪ ਸਾਹਿਤ ਵਿੱਚ ਮਹਾਨ ਪ੍ਰਾਪਤੀਆਂ ਤੋਂ ਇਲਾਵਾ ਉਸ ਨੇ ਦੋ ਪੁਸਤਕਾਂ ਸਾਹਿਤਕ ਅਲੋਚਨਾ ਤੇ ਵੀ ਲਿਖੀਆਂ ਹਨ।
ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਾਬਕਾ ਡਿਪਟੀ ਸਪੀਕਰ ਬੀਰਦਵਿੰਦਰ ਸਿੰਘ ਨੇ ਡਾ. ਟਿਵਾਣਾ ਦੀ ਮੌਤ ’ਤੇ ਡੰੂਘਾ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਡਾ. ਟਿਵਾਣਾ ਦੀ ਮੌਤ ਨਾਲ ਪੰਜਾਬ ਨੂੰ ਇਕ ਨਾ ਪੂਰਿਆ ਜਾਣ ਵਾਲਾ ਘਾਟਾ ਪਿਆ ਹੈ। ਉਨ੍ਹਾਂ ਦੱਸਿਆ ਕਿ ਏਡੀ ਵੱਡੀ ਪਦਮਸ੍ਰੀ ਲੇਖਕਾਂ ਨੇ ਪੰਜਾਬੀ ਮਾਂ ਬੋਲੀ ਦੀ ਸਾਰੀ ਜ਼ਿੰਦਗੀ ਬਹੁਤ ਵੱਡੀ ਸੇਵਾ ਕੀਤੀ ਅਤੇ ਦੇਸ਼ ਦੇ ਲਗਭਗ ਸਾਰੇ ਹੀ ਐਵਾਰਡ ਆਪਣੇ ਨਾਮ ਕੀਤੇ ਹਨ। ਭਾਵੇਂ ਉਹ ਸਾਹਿਤ ਅਕਾਦਮੀ ਦਾ ਐਵਾਰਡ ਹੋਵੇ ਚਾਹੇ ਟਰੱਸਟੀ ਐਵਾਰਡ ਜੋ ਵਿੱਦਿਆ ਪਿੰਡ ਦੇ ਮੁਕਾਬਲੇ ਦਾ ਐਵਾਰਡ ਮੰਨਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਉਨ੍ਹਾਂ ਦੀ ਪਾਰਟੀ ਜਾਂ ਹਮਖ਼ਿਆਲੀ ਪਾਰਟੀ ਦੀ ਸਰਕਾਰ ਬਣੀ ਤਾਂ ਕਲਾਕਾਰਾਂ ਅਤੇ ਲੇਖਕਾਂ ਲਈ ਇਕ ਅਜਿਹੀ ਨੀਤੀ ਲੈ ਕੇ ਆਉਣਗੇ। ਜਿਸ ਵਿੱਚ ਅਜਿਹੀਆਂ ਸ਼ਖ਼ਸੀਅਤਾਂ ਦਾ ਮੁਫ਼ਤ ਇਲਾਜ ਹੋਵੇ ਅਤੇ ਬੁਢਾਪੇ ਦੇ ਦਿਨਾਂ ਵਿੱਚ ਉਨ੍ਹਾਂ ਨੂੰ ਕੋਈ ਫਿਕਰ ਨਾ ਹੋਵੇ।
ਉਧਰ, ਡਾ. ਟਿਵਾਣਾ ਦੇ ਸਖ਼ਤ ਬਿਮਾਰ ਹੋਣ ਬਾਰੇ ਮੀਡੀਆ ਵਿੱਚ ਖ਼ਬਰ ਪ੍ਰਕਾਸ਼ਿਤ ਹੋਣ ਤੋਂ ਬਾਅਦ ਹੀ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਗੂੜੀ ਨੀਂਦ ਤੋਂ ਜਾਗਿਆ ਸੀ। ਖ਼ਬਰ ਲੱਗਣ ਤੋਂ ਅਗਲੇ ਹੀ ਦਿਨ ਉਚੇਰੀ ਸਿੱਖਿਆ ਤੇ ਭਾਸ਼ਾ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਮੁਹਾਲੀ ਦੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੂੰ ਆਪਣੇ ਨਾਲ ਲੈ ਕੇ ਮੈਕਸ ਹਸਪਤਾਲ ਦਾ ਦੌਰਾ ਕੀਤਾ ਸੀ ਅਤੇ ਡਾ. ਟਿਵਾਣਾ ਦੇ ਇਲਾਜ਼ ’ਤੇ ਆਉਣ ਵਾਲਾ ਸਾਰਾ ਖਰਚਾ ਪੰਜਾਬ ਸਰਕਾਰ ਵੱਲੋਂ ਚੁੱਕਣ ਦਾ ਐਲਾਨ ਕੀਤਾ ਸੀ।
ਜ਼ਿਕਰਯੋਗ ਹੈ ਕਿ ਡਾ. ਦਲੀਪ ਕੌਰ ਟਿਵਾਣਾ ਦਾ ਜਨਮ 4 ਮਈ 1935 ਨੂੰ ਪਿੰਡ ਉੱਚੀ ਰੱਬੋਂ ਜ਼ਿਲ੍ਹਾ ਲੁਧਿਆਣਾ ਵਿਖੇ ਮਾਤਾ ਚੰਦ ਕੌਰ ਅਤੇ ਪਿਤਾ ਕਾਕਾ ਸਿੰਘ ਦੇ ਗ੍ਰਹਿ ਵਿੱਚ ਹੋਇਆ ਸੀ। ਡਾ. ਟਿਵਾਣਾ ਨੇ ਪਟਿਆਲਾ ਦੇ ਸਰਕਾਰੀ ਮਹਿੰਦਰਾ ਕਾਲਜ ਵਿੱਚ ਉਚੇਰੀ ਸਿੱਖਿਆ ਪ੍ਰਾਪਤ ਕੀਤੀ। ਉਨ੍ਹਾਂ ਦੇ ਪਤੀ ਪ੍ਰੋ. ਭੁਪਿੰਦਰ ਸਿੰਘ ਪੰਜਾਬੀ ਯੂਨੀਵਰਸਿਟੀ ਦੇ ਸਮਾਜ ਵਿਭਾਗ ਵਿੱਚ ਪ੍ਰੋਫੈਸਰ ਰਹੇ ਅਤੇ ਸਪੁੱਤਰ ਇੰਜੀਨੀਅਰ ਸਿਮਰਨਜੀਤ ਸਿੰਘ, ਯੂਨੀਵਰਸਿਟੀ ਦੇ ਇੰਜੀਨੀਅਰਿੰਗ ਕਾਲਜ ਵਿੱਚ ਸੇਵਾ ਨਿਭਾ ਰਹੇ ਹਨ। ਡਾ. ਟਿਵਾਣਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਸਥਾਪਨਾ ਦੇ ਸਮੇਂ ਤੋਂ ਹੀ ਪੰਜਾਬੀ ਵਿਭਾਗ ਵਿੱਚ ਪ੍ਰੋਫੈਸਰ ਰਹੇ, ਉਨ੍ਹਾਂ ਨੇ ਇੱਥੇ ਹੀ ਵਿਭਾਗੀ ਮੁਖੀ ਅਤੇ ਬਾਅਦ ਡੀਨ ਵਜੋਂ ਲੰਮਾ ਅਰਸਾ ਸੇਵਾਵਾਂ ਨਿਭਾਈਆਂ।
ਡਾ.ਦਲੀਪ ਕੌਰ ਟਿਵਾਣਾ ਨੇ ਕਥਾ ਕਹੋ ਉਰਵਸ਼ੀ, ਗੁਰੂ ਮਹਿਲਾਂ ’ਤੇ ਨਾਵਲ, ਅਗਨੀ ਪ੍ਰੀਖਿਆ, ਏਹੁ ਹਮਾਰਾ ਜੀਵਣਾ, ਤੀਲੀ ਦਾ ਨਿਸ਼ਾਨ, ਸੂਰਜ ਤੇ ਸਮੁੰਦਰ, ਦੂਸਰੀ ਸੀਤਾ, ਸਰਕੰਡਿਆਂ ਦਾ ਦੇਸ਼, ਸਭ ਦੇਸ਼ ਪਰਾਇਆ, ਧੁੱਪ ਛਾਂ ਤੇ ਰੁੱਖ, ਲੰਬੀ ਉਡਾਰੀ, ਪੀਲੇ ਪੱਤਿਆਂ ਦੀ ਦਾਸਤਾਨ, ਪੈੜਚਾਲ, ਰਿਣ ਪਿੱਤਰਾਂ ਦਾ, ਕਥਾ ਕੁਕਨੂਸ ਦੀ, ਨੰਗੇ ਪੈਰਾਂ ਦਾ ਸਫ਼ਰ ਸਮੇਤ ਅਨੇਕਾਂ ਪੁਸਤਕਾਂ, ਨਾਵਲ, ਕਹਾਣੀ ਸੰਗ੍ਰਿਹ, ਸਵੈ ਜੀਵਨੀ ਅਤੇ ਰਚਨਾਵਾਂ (ਜਿਨ੍ਹਾਂ ’ਚ 42 ਨਾਵਲ, 5 ਕਹਾਣੀ ਸੰਗ੍ਰਹਿ, 4 ਸਵੈਜੀਵਨੀਆਤਮਿਕ ਪੁਸਤਕਾਂ, ਰੇਖਾ ਚਿੱਤਰਾਂ ਦੇ ਸੰਗ੍ਰਹਿ ਸਮੇਤ) ਹੋਰ ਪੰਜਾਬੀ ਸਾਹਿਤ ਜਗਤ ਦੀ ਝੋਲੀ ਪਾਈਆਂ। ਪਰਿਵਾਰਕ ਸੂਤਰਾਂ ਮੁਤਾਬਕ ਡਾ. ਦਲੀਪ ਕੌਰ ਟਿਵਾਣਾ ਦੀ ਮ੍ਰਿਤਕ ਦੇਹ ਦਾ ਅੰਤਿਮ ਸਸਕਾਰ ਭਲਕੇ 1 ਫਰਵਰੀ ਨੂੰ ਪਟਿਆਲਾ ਦੇ ਰਾਜਪੁਰਾ ਰੋਡ ਸਥਿਤ ਬੀਰ ਜੀ ਦੇ ਸ਼ਮਸ਼ਾਨਘਾਟ ਵਿੱਚ ਦੁਪਹਿਰ 12 ਵਜੇ ਕੀਤਾ ਜਾਵੇਗਾ।

Load More Related Articles
Load More By Nabaz-e-Punjab
Load More In General News

Check Also

Excise and Taxation Department, Punjab Initiates Comprehensive GST Registration Drive for Dealers

Excise and Taxation Department, Punjab Initiates Comprehensive GST Registration Drive for …