
ਉੱਘੇ ਸਾਹਿਤਕਾਰ ਪ੍ਰੋ. ਰਾਜਬੀਰ ਕੌਰ ਦੀ ਪਹਿਲੀ ਬਰਸੀ ਮਨਾਈ
ਨਬਜ਼-ਏ-ਪੰਜਾਬ, ਮੁਹਾਲੀ, 23 ਜੁਲਾਈ:
ਪੰਜਾਬ ਦੇ ਉੱਘੇ ਵਿਦਵਾਨ ਬ੍ਰਹਮ ਜਗਦੀਸ਼ ਸਿੰਘ ਦੀ ਪਤਨੀ ਮਰਹੂਮ ਪ੍ਰੋ. ਰਾਜਬੀਰ ਕੌਰ ਦੀ ਅੱਜ ਪਹਿਲੀ ਬਰਸੀ ਮਨਾਈ ਗਈ। ਇਸ ਸਬੰਧੀ ਇੱਥੋਂ ਦੇ ਗੁਰਦੁਆਰਾ ਸ੍ਰੀ ਸਿੰਘ ਸਭਾ ਫੇਜ਼-11 ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਉਪਰੰਤ ਰਾਗੀ ਸਿੰਘਾਂ ਨੇ ਸੰਗਤ ਨੂੰ ਸ਼ਬਦ ਕੀਰਤਨ ਨਾਲ ਜੋੜਿਆ। ਇਸ ਮੌਕੇ ਮੁਹਾਲੀ, ਚੰਡੀਗੜ੍ਹ, ਕਰਨਾਲ, ਪਟਿਆਲਾ, ਫ਼ਰੀਦਕੋਟ ਅਤੇ ਹੁਸ਼ਿਆਰਪੁਰ ਦੀਆਂ ਕਈ ਪ੍ਰਸਿੱਧ ਹਸਤੀਆਂ ਨੇ ਪ੍ਰੋ. ਰਾਜਬੀਰ ਕੌਰ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ।
ਜਾਣਕਾਰੀ ਅਨੁਸਾਰ ਮਰਹੂਮ ਰਾਜਬੀਰ ਕੌਰ ਫਰੀਦਕੋਟ ਦੇ ਪੋਸਟ ਗਰੈਜੂਏਟ ਕਾਲਜ ਵਿੱਚ ਪੰਜਾਬੀ ਦੇ ਪ੍ਰੋਫੈਸਰ ਸਨ। ਉਨ੍ਹਾਂ ਨੇ ਪੋਸਟ ਗਰੈਜੂਏਟ ਵਿਦਿਆਰਥੀਆਂ ਦੀ ਅਗਵਾਈ ਲਈ ਪੰਜਾਬੀ ਸਾਹਿਤ ਦਾ ਇਤਿਹਾਸ, ਪੁਰਾਤਨ ਅਤੇ ਨਵੀਨ ਪੰਜਾਬੀ ਵਾਰਤਕ, ਬਾਰਹਮਾਹਾ ਅਤੇ ਅਲਾਹੁਣੀਆਂ ਬਾਰੇ ਕਈ ਕਿਤਾਬਾਂ ਲਿਖਣ ਦੇ ਨਾਲ-ਨਾਲ ਡਿਸਟੈਂਸ ਐਜੂਕੇਸ਼ਨ ਦੇ ਵਿਦਿਆਰਥੀਆਂ ਲਈ ਬਹੁਤ ਸਾਰੇ ਪਾਠ ਵੀ ਲਿਖੇ। ਇਸ ਤੋਂ ਇਲਾਵਾ ਉਹ ਪੰਜਾਬੀ ਫੋਕ ਡਾਂਸ ਗਿੱਧਾ, ਫੋਕ ਹੈਂਡੀਕਰਾਫ਼ਟ (ਸਿਲਾਈ ਕਢਾਈ ਅਤੇ ਕਰੋਸ਼ੀਆ) ਆਦਿ ਬਾਰੇ ਵੀ ਵਿਦਿਆਰਥੀਆਂ ਨੂੰ ਸਿਖਲਾਈ ਦਿੰਦੇ ਰਹੇ ਹਨ। ਅਖੀਰ ਵਿੱਚ ਪ੍ਰੋ. ਰਾਜਬੀਰ ਕੌਰ ਦੀ ਬੇਟੀ ਸੈਰੀ ਸਿੰਘ ਅਤੇ ਜਵਾਈ ਵਰਿੰਦਰ ਸਿੰਘ ਰਾਣਾ ਨੇ ਸਾਰਿਆਂ ਦਾ ਧੰਨਵਾਦ ਕੀਤਾ।