ਸਿੱਖਣ ਸਿਖਾਉਣ ਦੀ ਪ੍ਰਕਿਰਿਆ ਨੂੰ ਸਰਲ ਤੇ ਪ੍ਰਭਾਵਸ਼ਾਲੀ ਬਣਾਉਣ ਲਈ ਪੰਜਾਬ ਐਜੂਕੇਅਰ ਐਪ ਦੀ ਵਰਤੋਂ ਯਕੀਨੀ ਬਣਾਉਣ ’ਤੇ ਜ਼ੋਰ

ਮਿਸ਼ਨ ਸ਼ਤ ਪ੍ਰਤੀਸ਼ਤ ਦੀ ਸਫ਼ਲਤਾ ਲਈ ਸਹਾਈ ਹੋਵੇਗਾ ‘ਪੰਜਾਬ ਐਜੂਕੇਅਰ ਐਪ’

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 17 ਜਨਵਰੀ:
ਸਿੱਖਣ ਸਿਖਾਉਣ ਦੀ ਪ੍ਰਕਿਰਿਆ ਨੂੰ ਸਰਲ ਅਤੇ ਪ੍ਰਭਾਵਸ਼ਾਲੀ ਬਣਾਉਣ ਵਿੱਚ ਵਰਦਾਨ ਸਾਬਤ ਹੋ ਰਹੇ ਪੰਜਾਬ ਐਜੂਕੇਅਰ ਐਪ ਹੁਣ ਸਕੂਲਾਂ ਵਿੱਚ ਚੱਲ ਰਹੇ ਸਮਾਰਟ ਕਲਾਸ ਰੂਮਜ਼ (ਜਮਾਤ ਕਮਰਿਆਂ) ਦਾ ਸ਼ਿੰਗਾਰ ਬਣੇਗਾ। ਜ਼ਿਲ੍ਹਾ ਸਿੱਖਿਆ ਅਧਿਕਾਰੀ ਨੇ ਸਮਾਰਟ ਕਲਾਸ-ਰੂਮ ਵਿੱਚ ਲੱਗੀਆਂ ਐਲਈਡੀਜ਼ ਅਤੇ ਪ੍ਰਾਜੈਕਟਰਾਂ ਰਾਹੀਂ ਇਸ ਐਪ ਦੀ ਵਰਤੋਂ ਸਕੂਲ ਮੁਖੀਆਂ ਅਤੇ ਅਧਿਆਪਕਾਂ ਨੂੰ ਯਕੀਨੀ ਬਣਾਉਣ ਲਈ ਕਿਹਾ ਹੈ।
ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਹਿੰਮਤ ਸਿੰਘ ਹੁੰਦਲ ਨੇ ਕਿਹਾ ਕਿ ਸਰਕਾਰੀ ਸਕੂਲਾਂ ਦੇ ਅਧਿਆਪਕ ਆਪਣੀ ਆਪਣੀ ਜਮਾਤ ਵਿੱਚ ਵਿਦਿਆਰਥੀਆਂ ਨੂੰ ਪੰਜਾਬ ਐਜੂਕੇਅਰ ਐਪ ਦੀ ਉਪਯੋਗਤਾ ਬਾਰੇ ਜਾਣਕਾਰੀ ਦੇਣ ਨੂੰ ਯਕੀਨੀ ਬਣਾਉਣ। ਇਸ ਲਈ ਅਧਿਆਪਕ ਆਪਣੇ ਮੋਬਾਇਲ ਫੋਨ ਨੂੰ ਵਾਈ-ਫਾਈ ਰਾਹੀਂ ਸਮਾਰਟ ਐੱਲਈਡੀ ਜਾਂ ਪ੍ਰਾਜੈਕਟਰ ਨਾਲ ਜੋੜ ਕੇ ਪੰਜਾਬ ਐਜੂਕੇਅਰ ਐਪ ਨੂੰ ਡਾਊਨਲੋਡ ਕਰਨਾ ਸਿਖਾ ਸਕਦੇ ਹਨ। ਵਿਭਾਗ ਵੱਲੋਂ ਸਲਾਨਾ ਪ੍ਰੀਖਿਆਵਾਂ ਲਈ ਘਟਾਏ ਗਏ ਪਾਠਕ੍ਰਮ ਅਤੇ ਪ੍ਰਸ਼ਨ ਪੱਤਰਾਂ ਦੇ ਬੈਂਕ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਸਕੂਲ ਮੁਖੀ ਅਤੇ ਅਧਿਆਪਕ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨ। ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ ਸਲਾਨਾ ਪ੍ਰੀਖਿਆਵਾਂ ਦੀ ਤਿਆਰੀ ਲਈ ਬੱਚਿਆਂ ਨੂੰ ਦੁਹਰਾਈ ਲਈ ਮਾਡਲ ਟੈਸਟ ਪੇਪਰ, ਰੋਜ਼ਾਨਾ ਦੀਆਂ ਅਸਾਈਨਮੈਂਟਸ ਅਤੇ ਦੁਹਰਾਈ ਸ਼ੀਟਾਂ ਵੀ ਭੇਜੀਆਂ ਜਾ ਰਹੀਆਂ ਹਨ ਜਿਸ ਬਾਰੇ ਸਮਾਰਟ ਕਲਾਸ-ਰੂਮ ਅੰਦਰ ਸਮਾਰਟ ਟੈਕਨਾਲੋਜੀ ਦੀ ਵਰਤੋਂ ਨਾਲ ਬਾਖ਼ੂਬੀ ਜਾਣਕਾਰੀ ਦਿੱਤੀ ਜਾ ਸਕਦੀ ਹੈ।
ਸ੍ਰੀ ਹੁੰਦਲ ਨੇ ਕਿਹਾ ਕਿ ਜਦੋਂ ਵਿਦਿਆਰਥੀ ਲਗਾਤਾਰ ਅਧਿਆਪਕ ਦੀ ਅਗਵਾਈ ਵਿੱਚ ਐਪ ਪ੍ਰਤੀ ਜਾਗਰੂਕ ਹੋ ਕੇ ਇਸਦੀ ਵਰਤੋਂ ਕਰਨਾ ਸ਼ੁਰੂ ਕਰ ਦਿੰਦੇ ਹਨ ਤਾਂ ਉਹ ਇਸਦੀ ਵਰਤੋਂ ਕਿਸੇ ਸਮੇਂ ਵੀ ਆਸਾਨੀ ਨਾਲ ਕਰ ਸਕਦੇ ਹਨ ਜਿਸ ਨਾਲ ਨਤੀਜੇ ਹੋਰ ਵੀ ਬਿਹਤਰ ਮਿਲਣ ਦੀ ਸੰਭਾਵਨਾ ਵਧ ਜਾਂਦੀ ਹੈ।
ਜ਼ਿਕਰਯੋਗ ਹੈ ਕਿ ਪੰਜਾਬ ਐਜੂਕੇਅਰ ਐਪ ਅਤੇ ਕਰੋਨਾ ਕਾਰਨ ਬਣੇ ਹਾਲਾਤ ਕਾਰਨ 2020-21 ਦਾ ਵੱਖ-ਵੱਖ ਜਮਾਤਾਂ ਦਾ ਘਟਾਇਆ ਹੋਇਆ ਪਾਠਕ੍ਰਮ ਉਪਲਬਧ ਕਰਵਾਇਆ ਗਿਆ ਹੈ। ਵਿਦਿਆਰਥੀਆਂ ਨੂੰ ਦਿੱਤੇ ਜਾਣ ਵਾਲੇ ਘਰ ਦੇ ਕੰਮ ਦੀਆਂ ਸਲਾਈਡਾਂ ਅਪਲੋਡ ਕੀਤੀਆਂ ਜਾਂਦੀਆਂ ਹਨ, ਰੋਜ਼ਾਨਾ ਭੇਜੇ ਜਾਣ ਵਾਲੇ ਅੱਜ ਦੇ ਸ਼ਬਦ ਅਤੇ ਉਡਾਣ ਸ਼ੀਟਾਂ ਵੀ ਹਰ ਸਮੇਂ ਉਪਲਬਧ ਰਹਿੰਦੀਆਂ ਹਨ ਜੋ ਕਿ ਪ੍ਰੀਖਿਆਵਾਂ ਦੀ ਵਧੀਆ ਤਿਆਰੀ ਲਈ ਕਾਰਗਰ ਸਿੱਧ ਹੋ ਰਹੀਆਂ ਹਨ। ਇਸ ਤੋਂ ਇਲਾਵਾ ਵੱਖ-ਵੱਖ ਵਿਸ਼ਿਆਂ ਦੇ ਸਿੱਖਣ ਪਰਿਣਾਮਾਂ ਬਾਰੇ ਜਾਣਕਾਰੀ ਅਤੇ ਪੰਜਾਬ ਪ੍ਰਾਪਤੀ ਸਰਵੇਖਣ ਸਬੰਧੀ ਵੀ ਜਾਣਕਾਰੀ ਉਪਲੱਬਧ ਕਰਵਾਈ ਗਈ ਹੈ। ਪੰਜਾਬ ਐਜੂਕੇਅਰ ਐਪ ਵਿਦਿਆਰਥੀਆਂ ਅਤੇ ਅਧਿਆਪਕਾਂ ਲਈ ਬਹੁਤ ਜਿਆਦਾ ਲਾਹੇਵੰਦ ਹੈ ਅਤੇ ਸਮਾਰਟ ਕਲਾਸਰੂਮਾਂ ਵਿੱਚ ਸਮਾਰਟ ਟੈਕਨਾਲੋਜੀ ਨਾਲ ਇਸਦੀ ਵਰਤੋਂ ਬਾਰੇ ਬਾਖ਼ੂਬੀ ਜਾਣਕਾਰੀ ਦੇ ਕੇ ਅਧਿਆਪਕ ਅਤੇ ਸਕੂਲ ਮੁਖੀ ਵਿਦਿਆਰਥੀਆਂ ਦੇ ਸਾਲਾਨਾ ਨਤੀਜੇ ਬਿਹਤਰੀਨ ਬਣਾਉਣ ਦੇ ਉਪਰਾਲੇ ਕਰ ਸਕਦੇ ਹਨ।

Load More Related Articles
Load More By Nabaz-e-Punjab
Load More In General News

Check Also

ਪਿੰਡਾਂ ਲਈ ਵੱਖਰੇ ਬਾਇਲਾਜ ਬਣਾਉਣ ਦੀ ਮੰਗ ਉੱਠੀ, ਅਕਾਲੀ ਦਲ ਨੇ ਚੁੱਕਿਆਂ ਮੁੱਦਾ

ਪਿੰਡਾਂ ਲਈ ਵੱਖਰੇ ਬਾਇਲਾਜ ਬਣਾਉਣ ਦੀ ਮੰਗ ਉੱਠੀ, ਅਕਾਲੀ ਦਲ ਨੇ ਚੁੱਕਿਆਂ ਮੁੱਦਾ ਅੰਗਰੇਜ਼ਾਂ ਵੇਲੇ ਸ਼ਹਿਰੀ ਕਾ…