ਗਰਮੀ ਦੇ ਮੌਸਮ ਵਿੱਚ ਜੰਗਲਾਂ ਨੂੰ ਲੋਕਾਂ ਦੀ ਭਾਗੀਦਾਰੀ ਤੇ ਆਧੁਨਿਕ ਤਕਨੀਕਾਂ ਨਾਲ ਅੱਗਾਂ ਤੋਂ ਬਚਾਉਣ ’ਤੇ ਜ਼ੋਰ

ਪ੍ਰਧਾਨ ਮੁੱਖ ਵਣ ਪਾਲ ਪੰਜਾਬ ਵੱਲੋਂ ਵਣ ਮੰਡਲ ਅਫ਼ਸਰਾਂ ਤੇ ਵਣ ਰੇਂਜ ਅਫ਼ਸਰਾਂ ਨਾਲ ਮੀਟਿੰਗ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 4 ਮਾਰਚ:
ਪ੍ਰਧਾਨ ਮੁੱਖ ਵਣ ਪਾਲ ਪੰਜਾਬ ਪ੍ਰਵੀਨ ਕੁਮਾਰ ਨੇ ਅੱਜ ਇੱਥੋਂ ਦੇ ਸੈਕਟਰ-68 ਦੇ ਸਥਿਤ ਵਣ ਭਵਨ ਵਿਖੇ ਹਿੱਲਜ਼ ਜੌਨ ਦੇ ਸਮੂਹ ਵਣ ਮੰਡਲ ਅਫ਼ਸਰਾਂ ਅਤੇ ਵਣ ਰੇਂਜ ਅਫ਼ਸਰਾਂ ਨਾਲ ਮੀਟਿੰਗ ਕੀਤੀ। ਉਨ੍ਹਾਂ ਦੱਸਿਆ ਕਿ ਗਰਮੀ ਦੇ ਸੀਜ਼ਨ ਦੀ ਆਮਦ ਨੂੰ ਦੇਖਦੇ ਹੋਏ ਇਹ ਹੰਗਾਮੀ ਮੀਟਿੰਗ ਸੱਦੀ ਗਈ ਸੀ। ਜਿਸ ਵਿੱਚ ਸਮੂਹ ਵਣ ਮੰਡਲ ਅਫ਼ਸਰਾਂ ਅਤੇ ਵਣ ਰੇਂਜ ਅਫ਼ਸਰਾਂ ਸਮੇਤ ਵਣ ਵਿਭਾਗ ਦੇ ਉੱਚ ਅਧਿਕਾਰੀ ਬਸੰਤਾ ਰਾਜ ਕੁਮਾਰ, ਆਈਐਫ਼ਐਸ ਮੁੱਖ ਵਣ ਪਾਲ, ਮਹਾਂਵੀਰ ਸਿੰਘ, ਮੁੱਖ ਵਣ ਪਾਲ (ਹਿੱਲਜ਼) ਪੰਜਾਬ ਅਤੇ ਵਿਸ਼ਾਲ ਚੌਹਾਨ ਵਣ ਪਾਲ ਸ਼ਿਵਾਲਿਕ ਸਰਕਲ ਪੰਜਾਬ ਵੀ ਹਾਜ਼ਰ ਸਨ। ਮੀਟਿੰਗ ਦੌਰਾਨ ਸਮੂਹ ਫੀਲਡ ਸਟਾਫ਼ ਨੇ ਆਪੋ-ਆਪਣੇ ਤਜਰਬੇ ਸਾਂਝੇ ਕੀਤੇ।
ਇਸ ਦੌਰਾਨ ਵਣ ਮੰਡਲ ਅਫ਼ਸਰ ਹੁਸ਼ਿਆਰਪੁਰ ਅਤੇ ਵਣ ਮੰਡਲ ਅਫ਼ਸਰ ਮੁਹਾਲੀ ਨੇ ਗਰਮੀਆਂ ਵਿੱਚ ਅੱਗ ਲੱਗਣ ਦੇ ਕਾਰਨਾਂ ਅਤੇ ਅਗਾਊਂ ਰੋਕਥਾਮ, ਅੱਗਾਂ ’ਤੇ ਕਾਬੂ ਪਾਉਣ ਅਤੇ ਅੱਗ ਲੱਗਣ ਤੋਂ ਬਾਅਦ ਹੋਏ ਨੁਕਸਾਨ ਦੀ ਭਰਪਾਈ ਸਬੰਧੀ ਪਾਵਰ ਪੁਆਇੰਟ ਤੇ ਪੈ੍ਰਜ਼ਨਟੇਸ਼ਨ ਰਾਹੀਂ ਜਾਣਕਾਰੀ ਦਿੱਤੀ। ਮੁੱਖ ਵਣ ਪਾਲ (ਹਿੱਲਜ਼) ਮਹਾਂਵੀਰ ਸਿੰਘ ਨੇ ਗਰੀਨ ਪੰਜਾਬ ਮਿਸ਼ਨ ਤਹਿਤ ਪਿੰਡਾਂ ਵਿੱਚ ਬਣੀਆਂ ਫਾਰੈਸਟ ਪ੍ਰੋਟੈਕਸ਼ਨ ਕਮੇਟੀਆਂ ਅਤੇ ਸੈੱਲਫ਼ ਹੈਲਪ ਗਰੁੱਪਾਂ ਨੂੰ ਸਮੇਂ ਦੇ ਹਾਣੀ ਬਣਾਉਣ ਲਈ ਵੱਖ-ਵੱਖ ਧੰਦਿਆਂ ਬਾਰੇ ਆਧੁਨਿਕ ਸਿਖਲਾਈ ਦੇ ਕੇ ਉਨ੍ਹਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਉਪਰਾਲੇ ਕਰਨ ਸਬੰਧੀ ਚਾਨਣਾ ਪਾਇਆ।
ਵਣ ਪਾਲ ਸ਼ਿਵਾਲਿਕ ਸਰਕਲ ਵਿਸ਼ਾਲ ਚੌਹਾਨ ਨੇ ਫਾਰੈਸਟ ਪ੍ਰੋਟੈਕਸ਼ਨ ਕਮੇਟੀਆਂ, ਈਕੋ ਕਲੱਬਾਂ, ਯੂਥ ਕਲੱਬਾਂ, ਧਾਰਮਿਕ ਸੰਸਥਾਵਾਂ ਅਤੇ ਆਮ ਲੋਕਾਂ ਨੂੰ ਜੰਗਲਾਂ ਨੂੰ ਅੱਗਾਂ ਤੋਂ ਬਚਾਉਣ ਲਈ ਸ਼ਮੂਲੀਅਤ ਦੇਣ ਦੀ ਅਪੀਲ ਕੀਤੀ ਗਈ। ਇੰਜ ਹੀ ਮੁੱਖ ਵਣ ਪਾਲ ਬਸੰਤਾ ਰਾਜ ਕੁਮਾਰ ਨੇ ਜੰਗਲਾਂ ਵਿੱਚ ਈਕੋ-ਟੂਰਿਜ਼ਮ ਦੀ ਮਹੱਤਤਾ ਬਾਰੇ ਜਾਣਕਾਰੀ ਦਿੰਦਿਆਂ ਲੋਕਾਂ ਨੂੰ ਵੱਧ ਤੋਂ ਵੱਧ ਨਿਵੇਸ਼ ਕਰਵਾਉਣ ਲਈ ਕਿਹਾ ਤਾਂ ਜੋ ਲੋਕਾਂ ਵਿੱਚ ਜੰਗਲਾਂ ਸਬੰਧੀ ਜਾਗਰੂਕਤਾ ਪੈਂਦਾ ਹੋ ਸਕੇ ਅਤੇ ਲੋਕਲ ਲੋਕਾਂ ਨੂੰ ਰੁਜ਼ਗਾਰ ਵੀ ਮਿਲ ਸਕੇ।
ਪ੍ਰਵੀਨ ਕੁਮਾਰ ਨੇ ਨੇ ਅੱਗ ਬੁਝਾਉਣ ਲਈ ਪੁਰਾਣੀਆਂ ਤਕਨੀਕਾਂ ਦੇ ਨਾਲ-ਨਾਲ ਨਵੀਆਂ ਤਕਨੀਕਾਂ ਜਿਵੇਂ ਕਿ ਡਰੋਨ ਕੈਮਰਾ, ਫਾਇਰ ਫਾਇਟਿੰਗ ਅਤੇ ਆਧੁਨਿਕ ਅੱਗਾਂ ਦੇ ਅੌਜ਼ਾਰ ਅਤੇ ਸੈਟੇਲਾਈਟ ਰਾਹੀਂ ਪ੍ਰਾਪਤ ਅਲਰਟ ਦੇ ਅਧਾਰ ’ਤੇ ਅੱਗਾਂ ਉੱਤੇ ਕੰਟਰੋਲ ਕਰਨ ਸਬੰਧੀ ਸਮੂਹ ਸਟਾਫ਼ ਨੂੰ ਹਦਾਇਤ ਕੀਤੀ ਅਤੇ ਇੱਕ ਇੰਟਰ ਸਟੇਟ ਕਮੇਟੀ ਬਣਾਉਣ ’ਤੇ ਵੀ ਜ਼ੋਰ ਦਿੱਤਾ, ਤਾਂ ਜੋ ਨਾਲ ਗੁਆਂਢੀ ਸੂਬਿਆਂ ਜਿਵੇਂ ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਤੋਂ ਅੱਗ ਜੰਗਲਾਂ ਵਿੱਚ ਦਾਖ਼ਲ ਹੋਣ ਤੋਂ ਰੋਕਿਆ ਜਾ ਸਕੇ। ਉਨ੍ਹਾਂ ਨੇ ਜੰਗਲਾਤ ਵਿਭਾਗ ਦੀਆਂ ਵੱਖ-ਵੱਖ ਸਕੀਮਾਂ ਬਾਰੇ ਲੋਕਾਂ ਦੀ ਭਾਗੀਦਾਰੀ ਨੂੰ ਯਕੀਨੀ ਬਣਾਉਣ ਅਤੇ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਅਤੇ ਜੰਗਲਾਂ ’ਤੇ ਨਿਰਭਰਤਾ ਘਟਾਉਣ ਲਈ ਵੀ ਜ਼ੋਰ ਦਿੱਤਾ। ਉਨ੍ਹਾਂ ਨੇ ਸਟਾਫ਼ ਨੂੰ ਸਖ਼ਤੀ ਨਾਲ ਆਖਿਆ ਕਿ ਜੇਕਰ ਕੋਈ ਸ਼ਰਾਰਤੀ ਅਨਸਰ ਜਾਣਬੱੁਝ ਕੇ ਅੱਗ ਲਗਾਉਂਦਾ ਹੈ ਤਾਂ ਉਸ ਵਿਰੁੱਧ ਪੁਲੀਸ ਕੇਸ ਦਰਜ ਕਰਵਾਈ ਜਾਵੇ ਅਤੇ ਵੱਧ ਤੋਂ ਵੱਧ ਲੋਕਾਂ ਨੂੰ ਜਾਗਰੂਕ ਕਰਨ ਲਈ ਸਟਾਫ਼ ਦੀਆਂ ਡਿਊਟੀਆਂ ਲਗਾਈਆਂ ਜਾਣ।

Load More Related Articles
Load More By Nabaz-e-Punjab
Load More In General News

Check Also

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ ਨਬਜ਼-ਏ-ਪੰਜਾਬ, ਮ…