nabaz-e-punjab.com

ਨਸ਼ਿਆਂ ਦੇ ਮਾਮਲੇ ਵਿੱਚ 10 ਭਗੌੜਿਆਂ ਦੀ ਹਵਾਲਗੀ ਦਾ ਮਸਲਾ ਕੈਨੇਡਾ ਸਰਕਾਰ ਕੋਲ ਉਠਾਉਣ ’ਤੇ ਜ਼ੋਰ

ਪੰਜਾਬ ਦੇ ਮੁੱਖ ਮੰਤਰੀ ਨੇ ਕੇਂਦਰੀ ਗ੍ਰਹਿ ਮੰਤਰਾਲੇ ਅਤੇ ਵਿਦੇਸ਼ੀ ਮਾਮਲਿਆਂ ਬਾਰੇ ਮੰਤਰਾਲੇ ਨੂੰ ਲਿਖੇ ਵੱਖ ਵੱਖ ਪੱਤਰ

ਅਮਰਜੀਤ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 30 ਅਕਤੂਬਰ:
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਾਰਤ ਸਰਕਾਰ ਨੂੰ ਨਸ਼ੇ ਦੇ ਵੱਖ-ਵੱਖ ਮਾਮਲਿਆਂ ਵਿੱਚ ਭਗੌੜੇ ਐਲਾਨੇ ਗਏ 10 ਪ੍ਰਵਾਸੀ ਭਾਰਤੀਆਂ ਦੀ ਸਪੁਰਦਗੀ ਦਾ ਸਮਲਾ ਕੈਨੇਡਾ ਸਰਕਾਰ ਕੋਲ ਉਠਾਉਣ ਲਈ ਪੱਤਰ ਲਿਖਿਆ ਹੈ ਜਿੱਥੇ ਇਨ੍ਹਾਂ ਐਨ.ਆਰ.ਆਈਜ਼. ਨੇ ਸ਼ਰਨ ਲਈ ਹੋਈ ਹੈ। ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਅਤੇ ਵਿਦੇਸ਼ੀ ਮਾਮਲਿਆਂ ਬਾਰੇ ਮੰਤਰੀ ਸੁਸ਼ਮਾ ਸਵਰਾਜ ਨੂੰ ਲਿਖੇ ਵੱਖ-ਵੱਖ ਪੱਤਰਾਂ ਵਿੱਚ ਮੁੱਖ ਮੰਤਰੀ ਨੇ ਆਖਿਆ ਕਿ ਇਨ੍ਹਾਂ ਕੇਸਾਂ ਵਿੱਚ ਸਪੁਰਦਗੀ ਦੀ ਪ੍ਰਕਿਰਿਆ ਪਿਛਲੇ 3-4 ਸਾਲਾਂ ਤੋਂ ਲੰਬਿਤ ਹੈ ਜੋ ਦੋਸ਼ੀਆਂ ਨੂੰ ਨਿਆਂ ਦੇ ਕਟਹਿਰੇ ਵਿੱਚ ਲਿਆਉਣ ਲਈ ਸਰਕਾਰ ਦੇ ਯਤਨਾਂ ’ਚ ਅੜਿੱਕਾ ਬਣਿਆ ਹੋਇਆ ਹੈ। ਉਨ੍ਹਾਂ ਆਖਿਆ ਕਿ ਪੰਜਾਬ ਵਿੱਚ ਕਾਂਗਰਸ ਸਰਕਾਰ ਨੇ ਨਸ਼ਿਆਂ ਵਿਰੁੱਧ ਵਿੱਢੀ ਜੰਗ ਦੀ ਲੜੀ ਵਜੋਂ ਕੈਨੇਡਾ ਤੋਂ ਇਨ੍ਹਾਂ ਲੋਕਾਂ ਦੀ ਸਪੁਰਦਗੀ ਲਈ ਯਤਨ ਪਹਿਲਾਂ ਹੀ ਆਰੰਭੇ ਹੋਏ ਹਨ ਪਰ ਇਸ ਵਿੱਚ ਖੜ੍ਹੋਤ ਬਣੀ ਹੋਈ ਹੈ ਕਿਉਂਕਿ ਵੱਖ-ਵੱਖ ਪੱਧਰ ’ਤੇ ਇਹ ਮਾਮਲੇ ਲੰਬਿਤ ਹਨ।
ਸਰਕਾਰੀ ਬੁਲਾਰੇ ਮੁਤਾਬਕ ਸਰਕਾਰ ਨੇ ਇਨ੍ਹਾਂ ਸ਼ੱਕੀਆਂ ਦੀ ਸਪੁਰਦਗੀ ਦਾ ਮਾਮਲਾ ਜ਼ੋਰਦਾਰ ਢੰਗ ਨਾਲ ਉਠਾਉਣ ਦਾ ਫੈਸਲਾ ਕੀਤਾ ਹੈ ਕਿਉਂਕਿ ਪੰਜਾਬ ਵਿੱਚ ਨਸ਼ਿਆਂ ਦੇ ਨੈਟਵਰਕ ਦੀ ਸਮੁੱਚੀ ਲੜੀ ਨੂੰ ਕਾਇਮ ਕਰਨ ਅਤੇ ਇਸ ਧੰਦੇ ਦੀ ਪੁਸ਼ਤਪਨਾਹੀ ਕਰਨ ਵਾਲਿਆਂ ਦੇ ਚਿਹਰੇ ਬੇਨਕਾਬ ਕਰਨ ਲਈ ਇਨ੍ਹਾਂ ਪ੍ਰਵਾਸੀ ਭਾਰਤੀਆਂ ਦੀ ਹਿਰਾਸਤੀ ਪੁੱਛ-ਗਿੱਛ ਕਰਨੀ ਅਹਿਮ ਹੈ। ਇਨ੍ਹਾਂ ਕੇਸਾਂ ਦਾ ਵਿਸਥਾਰ ਵਿੱਚ ਹਵਾਲਾ ਦਿੰਦਿਆਂ ਮੁੱਖ ਮੰਤਰੀ ਨੇ ਦੱਸਿਆ ਕਿ ਸਰਬਜੀਤ ਸਿੰਘ ਸੰਧੜ ਉਰਫ ਨਿੱਕ ਪੁੱਤਰ ਮਰਹੂਮ ਅਜਾਇਬ ਸਿੰਘ ਵਾਸੀ ਪਿੰਡ ਬਾਲਿਓਂ ਥਾਣਾ ਸਮਰਾਲਾ ਜੋ ਇਸ ਵੇਲੇ ਵੈਨਕੂਵਰ ਵਿੱਚ ਰਹਿ ਰਿਹਾ ਹੈ, 19 ਅਕਤੂਬਰ 2013 ਨੂੰ ਭਗੌੜਾ ਐਲਾਨਿਆ ਗਿਆ ਸੀ। ਉਸਦੀ ਸਪੁਰਦਗੀ ਲਈ ਕੈਨੇਡੀਅਨ ਅਥਾਰਟੀ ਨੂੰ ਢੁਕਵੇਂ ਪੱਧਰ ’ਤੇ ਬੇਨਤੀ ਪੱਤਰ ਭੇਜਿਆ ਗਿਆ ਅਤੇ ਇਸ ਤੋਂ ਬਾਅਦ ਉਨ੍ਹਾਂ ਵੱਲੋਂ ਸਾਂਝੇ ਕੀਤੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਨਵੇਂ ਸਿਰਿਓਂ ਪੱਤਰ ਤਿਆਰ ਕੀਤਾ ਗਿਆ। ਸੋਧਿਆ ਹੋਇਆ ਪੱਤਰ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਭੇਜ ਦਿੱਤਾ ਗਿਆ ਜੋ 20 ਜੁਲਾਈ, 2017 ਨੂੰ ਕੇਂਦਰੀ ਵਿਦੇਸ਼ ਮੰਤਰਾਲੇ ਨੂੰ ਵੀ ਭੇਜਿਆ ਗਿਆ। ਅਜਿਹੇ ਹੀ ਇਕ ਹੋਰ ਕੇਸ ਦੀ ਇੰਨ-ਬਿੰਨ ਸਥਿਤੀ ਹੈ ਜਿਸ ਵਿੱਚ ਰਣਜੀਤ ਸਿੰਘ ਅੌਜਲਾ ਪੁੱਤਰ ਸਵਰਨ ਸਿੰਘ ਅੌਜਲਾ ਵਾਸੀ ਪਿੰਡ ਮੁਠੱਡਾ ਕਲਾਂ, ਥਾਣਾ ਫਿਲੌਰ, ਜ਼ਿਲ੍ਹਾ ਜਲੰਧਰ ਸ਼ਾਮਲ ਹੈ। ਇਸ ਦੀ ਸਪੁਰਦਗੀ ਦਾ ਪੱਤਰ ਵੀ 25 ਜੁਲਾਈ, 2017 ਤੋਂ ਲੰਬਿਤ ਹੈ। ਇਸ ਨੂੰ 31 ਅਗਸਤ, 2013 ਵਿੱਚ ਭਗੌੜਾ ਐਲਾਨਿਆ ਗਿਆ ਸੀ।
ਮੁੱਖ ਮੰਤਰੀ ਨੇ ਪੁਲਿਸ ਦੇ ਵੇਰਵਿਆਂ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਇਕ ਹੋਰ ਕੇਸ ਵਿੱਚ ਨਿਰੰਕਾਰ ਸਿੰਘ ਢਿਲੋਂ ਪੁੱਤਰ ਜਗਦੀਸ਼ ਸਿੰਘ ਵਾਸੀ ਪਿੰਡ ਅਪਰਾ ਮੰਡੀ, ਥਾਣਾ ਫਿਲੌਰ, ਜ਼ਿਲ੍ਹਾ ਜਲੰਧਰ ਨੂੰ 19 ਅਕਤੂਬਰ 2013 ਨੂੰ ਭਗੌੜਾ ਐਲਾਨਿਆ ਗਿਆ ਤੇ ਇਸ ਵੇਲੇ ਕੈਨੇਡਾ ਦੇ ਲੀਟਕੈਂਚਰ ਸਰਕਲ ਬਰੈਂਪਟਨ ਵਿੱਚ ਰਹਿ ਰਿਹਾ ਹੈ। ਇਸਦੀ ਹਵਾਲਗੀ ਸਬੰਧੀ ਪੱਧਰ 19 ਸਤੰਬਰ, 2017 ਤੋਂ ਲੰਬਿਤ ਹੈ। ਇਸੇ ਤਰ੍ਹਾਂ ਗੁਰਸੇਵਕ ਸਿੰਘ ਢਿੱਲੋਂ ਪੁੱਤਰ ਕੁਲਵੰਤ ਸਿੰਘ ਵਾਸੀ ਲੀਲਾ ਮੇਘ ਸਿੰਘ, ਥਾਣਾ ਜਗਰਾਓਂ, ਕੈਨੇਡਾ ਦੇ ਸਰੀ ਵਿੱਚ ਰਹਿ ਰਿਹਾ ਹੈ ਜਿਸ ਨੂੰ 1 ਅਪ੍ਰੈਲ, 2014 ਨੂੰ ਭਗੌੜਾ ਐਲਾਨਿਆ ਗਿਆ। ਇਸ ਦੀ ਹਵਾਲਗੀ ਲਈ ਪੱਤਰ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ 20 ਜੁਲਾਈ ,2017 ਨੂੰ ਕੇਂਦਰੀ ਵਿਦੇਸ਼ ਮੰਤਰਾਲੇ ਨੂੰ ਭੇਜਿਆ ਗਿਆ ਪਰ ਉਸ ਸਮੇਂ ਤੋਂ ਲੈ ਕੇ ਇਸ ਸਬੰਧੀ ਕੋਈ ਹਿਲ-ਜੁਲ ਨਹੀਂ ਹੋਈ।
ਗੁਰਸੇਵਕ ਸਿੰਘ ਢਿੱਲੋਂ ਖਿਲਾਫ ਥਾਣਾ ਜਗਰਾਓਂ ਵਿੱਚ ਵੀ ਕੇਸ ਦਰਜ ਹੈ ਜਿਸ ਦੀ ਹਵਾਲਗੀ ਲੰਬਿਤ ਹੈ। ਇਸੇ ਤਰ੍ਹਾਂ 31 ਅਗਸਤ, 2013 ਨੂੰ ਭਗੌੜਾ ਐਲਾਨੇ ਗਏ ਅਮਰਜੀਤ ਸਿੰਘ ਕੂਨਰ ਪੁੱਤਰ ਸਰੂਪ ਸਿੰਘ ਵਾਸੀ ਮਹਿਮਦਪੁਰ, ਥਾਣਾ ਆਦਮਪੁਰ, ਜ਼ਿਲ੍ਹਾ ਜਲੰਧਰ ਇਸ ਵੇਲੇ ਵੈਨਕੂਵਰ ਵਿੱਚ ਰਹਿ ਰਿਹਾ ਹੈ ਜਦਕਿ ਲਮੇਰ ਸਿੰਘ ਦਲੇਹ ਪੁੱਤਰ ਬਲਿਹਾਲ ਸਿੰਘ ਦਲੇਹ ਵਾਸੀ ਪਿੰਡ ਮਹਿਸਮਪੁਰ, ਥਾਣਾ ਫਿਲੌਰ, ਜ਼ਿਲ੍ਹਾ ਜਲੰਧਰ ਇਸ ਵੇਲੇ ਬ੍ਰਿਟਿਸ਼ ਕੋਲੰਬੀਆ ਵਿੱਚ ਰਹਿ ਰਿਹਾ ਹੈ ਅਤੇ ਉਸਦੀ ਹਵਾਲਗੀ ਸਬੰਧੀ ਪ੍ਰਕਿਰਿਆ ਲਟਕੀ ਹੋਈ ਹੈ। ਇਸੇ ਤਰ੍ਹਾਂ ਲੰਬਿਤ ਪਏ ਹਵਾਲਗੀ ਦੇ ਹੋਰ ਮਾਮਲੇ ਪ੍ਰਦੀਪ ਸਿੰਘ ਧਾਲੀਵਾਲ ਪੁੱਤਰ ਬੱਗਾ ਸਿੰਘ ਵਾਸੀ ਲੀਲਾ ਮੇਘ ਸਿੰਘ, ਥਾਣਾ ਜਗਰਾਓਂ, ਅਮਰਿੰਦਰ ਸਿੰਘ ਛੀਨਾ ਉਰਫ ਲਾਡੀ ਪੁੱਤਰ ਕੁਲਦੀਪ ਸਿੰਘ ਛੀਨਾ ਵਾਸੀ ਝੰਜੋਟੀ, ਥਾਣਾ ਰਾਜਾਸਾਂਸੀ, ਜ਼ਿਲ੍ਹਾ ਅੰਮ੍ਰਿਤਸਰ ਅਤੇ ਪਰਮਿੰਦਰ ਸਿੰਘ ਦਿਓ ਉਰਫ ਪਿੰਦੀ ਅੰਕਲ ਪੁੱਤਰ ਪ੍ਰੀਤਮ ਸਿੰਘ ਵਾਸੀ ਪਿੰਡ ਖਰੌੜੀ, ਥਾਣਾ ਮਾਹਲਪੁਰ, ਜ਼ਿਲ੍ਹਾ ਹੁਸ਼ਿਆਰਪੁਰ ਨਾਲ ਸਬੰਧਤ ਹਨ।
ਅਖੀਰਲਾ ਬੇਨਤੀ ਪੱਤਰ ਰਣਜੀਤ ਕੌਰ ਕਾਹਲੋਂ ਪਤਨੀ ਅਨੂਪ ਸਿੰਘ ਕਾਹਲੋਂ ਉਰਫ ਰੂਬੀ ਕਾਹਲੋਂ ਵਾਸੀ ਪਿੰਡ ਜੰਡੂ ਸਿੰਘਾ, ਥਾਣਾ ਮਕਸੂਦਾਂ, ਜ਼ਿਲ੍ਹਾ ਜਲੰਧਰ, ਮੌਜੂਦਾ ਪਤਾ ਵਾਸੀ ਮਕਾਨ ਨੰਬਰ-7, ਸ਼ਿਵਾਲਿਕ ਵਿਹਾਰ ਜ਼ੀਰਕਪੁਰ ਨਾਲ ਸਬੰਧਤ ਹੈ ਅਤੇ ਉਸ ਨੇ ਨਸ਼ਿਆਂ ਦੇ ਧੰਦੇ ਦੇ ਪੈਸੇ ਨਾਲ ਜਲੰਧਰ ਅਤੇ ਜ਼ੀਰਕਪੁਰ ਵਿੱਚ ਆਪਣੇ ਪਤੀ ਦੇ ਨਾਂ ’ਤੇ ਕਈ ਜਾਇਦਾਦਾਂ ਖਰੀਦੀਆਂ। ਇਸ ਵਿਰੁੱਧ ਵੀ ਹਵਾਲਗੀ ਦੀ ਅਰਜ਼ੀ ਲਬਿੰਤ ਹੈ।

Load More Related Articles
Load More By Nabaz-e-Punjab
Load More In Crime

Check Also

ਆਟੋ ਸਵਾਰ ਲੜਕੀ ਨਾਲ ਬਲਾਤਕਾਰ ਦੀ ਕੋਸ਼ਿਸ਼: ਪੁਲੀਸ ਵੱਲੋਂ ਦੋਵੇਂ ਮੁਲਜ਼ਮ ਕਾਬੂ

ਆਟੋ ਸਵਾਰ ਲੜਕੀ ਨਾਲ ਬਲਾਤਕਾਰ ਦੀ ਕੋਸ਼ਿਸ਼: ਪੁਲੀਸ ਵੱਲੋਂ ਦੋਵੇਂ ਮੁਲਜ਼ਮ ਕਾਬੂ ਅਪਰਾਧ ਨੂੰ ਅੰਜਾਮ ਦੇਣ ਲਈ ਵਰ…