ਸੜਕਾਂ ’ਤੇ ਆਵਾਜਾਈ ਨੂੰ ਕੰਟਰੋਲ ਕਰਨ ਲਈ ਰੋਡ ਮੈਪ ਬਣਾਉਣ ’ਤੇ ਜ਼ੋਰ

ਕਾਨੂੰਨ ਵਿਵਸਥਾ ਬਾਰੇ ਉੱਚ ਅਧਿਕਾਰੀਆਂ ਨਾਲ ਕੀਤੀ ਮਹੀਨਾਵਾਰ ਸਮੀਖਿਆ ਮੀਟਿੰਗ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 14 ਜੁਲਾਈ:
ਮੁਹਾਲੀ ਦੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ੍ਰੀਮਤੀ ਅਮਨਿੰਦਰ ਕੌਰ ਬਰਾੜ ਨੇ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਜਿਸ ਵਿੱਚ ਕਾਨੂੰਨ ਵਿਵਸਥਾ, ਟਰੈਵਲ ਏਜੰਟਾਂ ਅਤੇ ਸੜਕ ਸੁਰੱਖਿਆ ਸਬੰਧੀ ਚਲ ਰਹੇ ਕੰਮਾਂ ਦੀ ਸਮੀਖਿਆ ਕਰਦਿਆਂ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਪੈਂਡਿੰਗ ਕੇਸਾਂ ਨੂੰ ਮਿਥੇ ਸਮੇਂ ਵਿੱਚ ਨੇਪਰੇ ਚਾੜਿਆ ਜਾਵੇ। ਸ੍ਰੀਮਤੀ ਬਰਾੜ ਨੇ ਦੱਸਿਆ ਕਿ ਮੀਟਿੰਗ ਦਾ ਮਨੋਰਥ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਦੇ ਨਾਲ-ਨਾਲ ਆਮ ਸ਼ਹਿਰੀਆਂ ਵੱਲੋਂ ਦਿੱਤੀਆਂ ਗਈਆਂ ਦਰਖ਼ਾਸਤਾਂ ਦਾ ਸਮੇਂ ਸਿਰ ਨਿਬੇੜਾ ਕਰਨਾ ਯਕੀਨੀ ਬਣਾਉਣਾ ਸੀ।
ਕਾਨੂੰਨ ਤੇ ਵਿਵਸਥਾ ਸਬੰਧੀ ਏਡੀਸੀ ਬਰਾੜ ਨੇ ਪੁਲੀਸ ਅਫ਼ਸਰਾਂ ਨੂੰ ਆਦੇਸ਼ ਦਿੱਤੇ ਕਿ ਮੁਹਾਲੀ ਜ਼ਿਲ੍ਹੇ ਵਿੱਚ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ ਅਤੇ ਇਸ ਸਬੰਧੀ ਸਖ਼ਤ ਕਦਮ ਚੁੱਕੇ ਜਾਣ। ਉਨ੍ਹਾਂ ਕਿਹਾ ਕਿ ਜਿਨ੍ਹਾਂ ਸੜਕਾਂ ਆਵਾਜਾਈ ਵੱਧ ਹੈ, ਉਨ੍ਹਾਂ ਥਾਵਾਂ ’ਤੇ ਆਵਾਜਾਈ ਨੂੰ ਕੰਟਰੋਲ ਕਰਨ ਲਈ ਰੋਡ ਮੈਪ ਬਣਾ ਆਵਾਜਾਈ ਤਬਦੀਲ ਕੀਤੀ ਜਾਵੇ ਤਾਂ ਜੋ ਸੜਕੀ ਜਾਮ ਜਾਂ ਹਾਦਸੇ ਤੋਂ ਬਚਿਆ ਜਾ ਸਕੇ। ਨਾਲ ਹੀ ਖ਼ਤਰਨਾਕ ਸੜਕ (ਜਿਗ ਜੈਗ) ਮੋੜਾਂ ਦੀ ਵੀ ਪਛਾਣ ਕਰਕੇ ਸਾਈਨ ਬੋਰਡ ਅਤੇ ਸਪੀਡ ਬੋਰਡ ਲਗਾਏ ਜਾਣ। ਉਨ੍ਹਾਂ ਕਿਹਾ ਕਿ ਸੜਕੀ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਸਖ਼ਤੀ ਨਾਲ ਓਵਰ ਸਪੀਡ ਵਾਹਨ ਅਤੇ ਜ਼ੈਬਰਾ ਕਰਾਸਿੰਗ ਕਰਨ ਵਾਲਿਆਂ ਦੇ ਮੌਕੇ ’ਤੇ ਚਲਾਨ ਕੀਤੇ ਜਾਣ ਅਤੇ ਸ਼ੱਕੀ ਵਾਹਨਾਂ ਦੀ ਨਾਕਿਆਂ ਦੌਰਾਨ ਬਰੀਕੀ ਨਾਲ ਚੈਕਿੰਗ ਕੀਤੀ ਜਾਵੇ।
ਸ੍ਰੀਮਤੀ ਬਰਾੜ ਨੇ ਕਿਹਾ ਕਿ ਸਮੁੱਚੇ ਜ਼ਿਲ੍ਹੇ ਅੰਦਰ ਸ਼ਨਾਖ਼ਤ ਕੀਤੇ ਗਏ ਬਲੈਕਸਪੋਟਾਂ ਨੂੰ ਛੇਤੀ ਠੀਕ ਕੀਤਾ ਜਾਵੇ ਤਾਂ ਜੋ ਕੋਈ ਵੀ ਦੁਰਘਟਨਾ ਨਾ ਵਾਪਰੇ। ਉਨ੍ਹਾਂ ਕਿਹਾ ਕਿ ਸੜਕਾਂ ਦੀ ਮੁਰੰਮਤ ਦੇ ਚੱਲ ਰਹੇ ਕੰਮਾਂ ਵਿੱਚ ਹੋਰ ਤੇਜ਼ੀ ਲਿਆਂਦੀ ਜਾਵੇ। ਮੀਟਿੰਗ ਦੌਰਾਨ ਵਿਚਾਰੇ ਗਏ ਕੰਮਾਂ ਨੂੰ ਅਗਲੀ ਮੀਟਿੰਗ ਤੱਕ ਮੁਕੰਮਲ ਕਰਨਾ ਯਕੀਨੀ ਬਣਾਇਆ ਜਾਵੇ। ਇਸ ਮੌਕੇ ਐਸਡੀਐਮ ਮੁਹਾਲੀ ਸ੍ਰੀਮਤੀ ਸਰਬਜੀਤ ਕੌਰ, ਐਸਡੀਐਮ ਖਰੜ ਰਵਿੰਦਰ ਸਿੰਘ, ਐਸਡੀਐਮ ਡੇਰਾਬੱਸੀ ਹਿਮਾਂਸ਼ੂ ਗੁਪਤਾ ਸਮੇਤ ਪੁਲੀਸ ਤੇ ਹੋਰਨਾਂ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।

Load More Related Articles

Check Also

ਯਾਦਗਾਰੀ ਹੋ ਨਿੱਬੜਿਆ ਵਿਰਾਸਤੀ ਅਖਾੜੇ ਵਿੱਚ ਲੱਗਿਆ ‘ਚੌਥਾ ਵਿਸਾਖੀ ਮੇਲਾ’

ਯਾਦਗਾਰੀ ਹੋ ਨਿੱਬੜਿਆ ਵਿਰਾਸਤੀ ਅਖਾੜੇ ਵਿੱਚ ਲੱਗਿਆ ‘ਚੌਥਾ ਵਿਸਾਖੀ ਮੇਲਾ’ ਨਬਜ਼-ਏ-ਪੰਜਾਬ, ਮੁਹਾਲੀ, 29 ਅਪਰ…