nabaz-e-punjab.com

ਖੇਤੀਬਾੜੀ ਵਿਭਾਗ ਵੱਲੋਂ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਕਰਨ ’ਤੇ ਜ਼ੋਰ

ਮੁਹਾਲੀ ਜ਼ਿਲ੍ਹੇ ਦੇ ਤਿੰਨ ਬਲਾਕਾਂ ਵਿੱਚ ਅੱਜ ਤੋਂ 8 ਘੰਟੇ ਨਿਰਵਿਘਨ ਬਿਜਲੀ ਦੇਣ ਲਈ ਕੀਤਾ ਸੁਨਿਸ਼ਚਿਤ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 25 ਮਈ:
ਖੇਤੀਬਾੜੀ ਵਿਭਾਗ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਮੁੱਖ ਖੇਤੀਬਾੜੀ ਅਫ਼ਸਰ ਡਾ. ਰਾਜੇਸ਼ ਕੁਮਾਰ ਰਹੇਜਾ ਦੀ ਅਗਵਾਈ ਹੇਠ ਲੇਬਰ ਦੀ ਘਾਟ ਅਤੇ ਕੁਦਰਤੀ ਸੋਮਿਆਂ ਦੇ ਰੱਖ-ਰਖਾਓ ਲਈ ਇਸ ਸਾਲ ਝੋਨੇ ਦੀ ਸਿੱਧੀ ਬਿਜਾਈ ਦਾ ਵਿਸ਼ੇਸ਼ ਪ੍ਰੋਗਰਾਮ ਉਲੀਕਿਆ ਗਿਆ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਪਿਛਲੇ ਸਾਲ ਕੋਵਿਡ ਮਹਾਮਾਰੀ ਦੌਰਾਨ ਲੇਬਰ ਦੀ ਪਲਾਇਨ ਹੋਣ ਨਾਲ ਝੋਨੇ ਦੀ ਸਿੱਧੀ ਬਿਜਾਈ ਕਿਸਾਨਾਂ ਦੀ ਮਜਬੂਰੀ ਬਣ ਗਈ ਸੀ। ਪਰ ਇਹ ਵਿਧੀ ਇੱਕ ਵੱਡੀ ਕਾਮਯਾਬੀ ਬਣ ਕੇ ਸਾਬਤ ਹੋਈ। ਇਸ ਵਿਧੀ ਨਾਲ ਪਾਣੀ ਦੀ 15 ਤੋਂ 20 ਫੀਸਦੀ ਬੱਚਤ ਹੁੰਦੀ ਹੈ ਅਤੇ ਫਸਲ ਦਾ ਕੁੱਲ ਸਮਾਂ ਵੀ ਘਟਦਾ ਹੈ। ਜਿਸ ਨਾਲ ਖੇਤ ਸਮੇਂ ਸਿਰ ਵਿਹਲੇ ਹੋਣ ਨਾਲ ਅਗਲੀ ਕਣਕ ਦੀ ਫਸਲ ਤੋਂ ਪਹਿਲਾ ਪਰਾਲੀ ਦਾ ਰੱਖ-ਰਖਾਓ ਜਾਂ ਸੰਭਾਲ ਲਈ ਸਮਾਂ ਮਿਲ ਜਾਂਦਾ ਹੈ। ਝੋਨੇ ਦੀ ਸਿੱਧੀ ਬਿਜਾਈ ਲਈ ਸਿਰਫ਼ ਤੇ ਸਿਰਫ਼ ਭਾਰੀਆਂ ਅਤੇ ਮੱਧਮ ਜ਼ਮੀਨਾਂ ਲਈ ਹੀ ਕਾਸ਼ਤ ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ। ਝੋਨੇ ਦੀ ਸਿੱਧੀ ਬਿਜਾਈ ਦਾ ਢੁਕਵਾਂ ਸਮਾਂ 1 ਤੋਂ 15 ਜੂਨ ਹੈ, ਜਦਕਿ ਬਾਸਮਤੀ ਦੀ ਸਿੱਧੀ ਬਿਜਾਈ ਦਾ ਢਕਵਾਂ ਸਮਾਂ 16 ਤੋਂ 30 ਜੂਨ ਤੱਕ ਦੀ ਸਿਫ਼ਾਰਸ਼ ਕੀਤੀ ਗਈ ਹੈ।
ਸਿੱਧੀ ਬਿਜਾਈ ਨਾਲ ਬੀਜੇ ਗਏ ਝੋਨੇ ਤੋਂ ਲਗਪਗ 5 ਹਜਾਰ ਰੁਪਏ ਪ੍ਰਤੀ ਏਕੜ ਦੀ ਲੇਬਰ ਦੀ ਸਿੱਧੇ ਤੌਰ ’ਤੇ ਬੱਚਤ ਹੁੰਦੀ ਹੈ। ਦੂਜੇ ਪਾਸੇ ਕੱਦੂ ਕਰਕੇ ਝੋਨੇ ਦੀ ਟਰਾਂਸ ਪਲਾਂਟਿੰਗ ਨਾਲ ਇੱਕ ਠੋਸ ਤਹਿ ਬਣ ਜਾਂਦੀ ਹੈ ਜਿਸ ਨਾਲ ਮੀਂਹ ਦਾ ਪਾਣੀ ਨਹੀਂ ਜੀਰਦਾ ਅਤੇ ਬਾਰਸ਼ਾਂ ਦੌਰਾਨ ਹੜ੍ਹ ਵਰਗੇ ਹਾਲਾਤ ਵੀ ਬਣੇ ਰਹਿੰਦੇ ਹਨ। ਉਨ੍ਹਾਂ ਦੱਸਿਆ ਕਿ ਝੋਨੇ ਦੀ ਸਿੱਧੀ ਬਿਜਾਈ ਦੋ ਵਿਧੀਆਂ ਭਾਵ ਸੁੱਕੇ ਵਾਨ੍ਹ ਜਾਂ ਤਰ ਵੱਤਰ ਹਾਲਤ ਵਿੱਚ ਕੀਤੀ ਜਾ ਸਕਦੀ ਹੈ। ਪੰਜਾਬ ਸਰਕਾਰ ਵੱਲੋਂ ਇਸ ਸਾਲ ਵਿਸ਼ੇਸ਼ ਤੌਰ ’ਤੇ ਝੋਨੇ ਦੀ ਸਿੱਧੀ ਬਿਜਾਈ ਦੀ ਤਰਜੀਹ ਦਿੰਦੇ ਹੋਏ ਜ਼ਿਲ੍ਹਾ ਮੁਹਾਲੀ ਦੇ ਤਿੰਨੇ ਬਲਾਕਾਂ ਵਿੱਚ 25 ਮਈ 2021 ਤੋਂ 8 ਘੰਟਿਆਂ ਲਈ ਬਿਜਲੀ ਦੇਣ ਲਈ ਸੁਨਿਸ਼ਚਿਤ ਕੀਤਾ ਹੈ ਤਾਂ ਜੋ ਕਿਸਾਨ ਰੌਣੀ ਕਰਕੇ 1 ਜੂਨ ਤੋਂ ਝੋਨੇ ਦੀ ਸਿੱਧੀ ਬਿਜਾਈ ਕਰ ਸਕਣ।
ਉਨ੍ਹਾਂ ਇਹ ਵੀ ਕਿਹਾ ਕਿ ਤਰ ਬੱਤਰ ਹਾਲਤ ਵਿੱਚ ਝੋਨੇ ਦੀ ਸਿੱਧੀ ਬਿਜਾਈ ਲੱਕੀ ਹੈਪੀ ਸੀਡਰ ਰਾਹੀ 2 ਤੋਂ 3 ਸੈਂਟੀਮੀਟਰ ਡੂੰਘਾ ਹੀ ਬੀਜਣਾ ਚਾਹੀਦਾ ਹੈ। ਇਸ ਮਸ਼ੀਨ ਨਾਲ ਬਿਜਾਈ ਸਮੇਂ ਹੀ ਨਦੀਨ ਨਾਸ਼ਕ ਦੀ ਸਪਰੇਅ ਹੋ ਜਾਂਦੀ ਹੈ। ਜਿਸ ਨਾਲ ਨਦੀਨਾਂ ਦੀ ਵਧੀਆ ਰੋਕਥਾਮ ਹੋ ਜਾਂਦੀ ਹੈ। ਉਨ੍ਹਾਂ ਕਿਹਾ ਕਿ ਬਿਜਾਈ ਤੋਂ ਬਾਦ ਪਹਿਲਾ ਪਾਣੀ ਮਿੱਟੀ ਦੀ ਕਿਸਮ ਅਨੁਸਾਰ 21 ਦਿਨ ਬਾਅਦ ਲਾਉਣਾ ਚਾਹੀਦਾ ਹੈ। ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਹਲਕੀਆਂ/ਰੇਤਲੀਆਂ ਜ਼ਮੀਨਾਂ ਵਿੱਚ ਸਿੱਧੀ ਬਿਜਾਈ ਤੋਂ ਗੁਰੇਜ਼ ਕੀਤਾ ਜਾਵੇ ਕਿਉਂਕਿ ਇਸ ਨਾਲ ਲੋਹੇ ਦੀ ਘਾਟ ਆ ਜਾਂਦੀ ਹੈ।
ਜ਼ਿਲ੍ਹਾ ਮੁਹਾਲੀ ਦੇ ਕਿਸਾਨਾਂ ਨੂੰ ਤਕਨੀਕੀ ਮਦਦ ਲਈ ਤਿੰਨ ਬਲਾਕਾਂ ਦੇ ਅਧਿਕਾਰੀਆਂ ਖਰੜ ਬਲਾਕ ਡਾ. ਸੰਦੀਪ ਰਿਣਵਾ ਮੋਬਾਈਲ ਨੰਬਰ 9417439949, ਬਲਾਕ ਮਾਜਰੀ ਲਈ ਡਾ. ਗੁਰਬਚਨ ਸਿੰਘ ਮੋਬਾਈਲ 9855606006 ਅਤੇ ਬਲਾਕ ਡੇਰਾਬੱਸੀ ਲਈ ਡਾ. ਸਵਰਨਜੀਤ ਸਿੰਘ 9915179981 ਦੇ ਨੰਬਰ ਐਲਾਨੇ ਜਾਂਦੇ ਹਨ ਤਾਂ ਜੋ ਕਿਸਾਨ ਕਿਸੇ ਵੀ ਤਕਨੀਕੀ ਸਹਾਇਤਾ ਲਈ ਇਨ੍ਹਾਂ ਨੰਬਰਾਂ ਤੇ ਜਾਣਕਾਰੀ ਹਾਸਿਲ ਕਰ ਸਕਣ। ਉਨ੍ਹਾਂ ਇਹ ਵੀ ਕਿਹਾ ਕਿ ਵਿਭਾਗ ਵਿੱਚ 50 ਫੀਸਦੀ ਸਬਸਿਡੀ ਤੇ ਜਿਪਸਮ ਵੀ ਦਿੱਤਾ ਜਾਣਾ ਹੈ ਇਸ ਲਈ ਕਿਸਾਨ ਵੀਰ ਖੇਤ ਦੀ ਮਿੱਟੀ ਪਰਖ ਦੇ ਅਧਾਰ ਤੇ ਲੋੜ ਅਨੁਸਾਰ ਜਿਪਸਮ ਵੀ ਸਬਸਿਡੀ ਤੇ ਬਲਾਕ ਖੇਤੀਬਾੜੀ ਦਫ਼ਤਰਾਂ ਤੋਂ ਪ੍ਰਾਪਤ ਕਰ ਸਕਦੇ ਹਨ।

Load More Related Articles
Load More By Nabaz-e-Punjab
Load More In General News

Check Also

ਸੜਕਾਂ ’ਤੇ ਰੁਲ ਰਿਹੈ ਪੰਜਾਬ ਦਾ ਭਵਿੱਖ ਨੌਜਵਾਨ ਵਰਗ, PSSSB ਬੋਰਡ ਦੇ ਬਾਹਰ ਰੋਸ ਮੁਜ਼ਾਹਰਾ

ਸੜਕਾਂ ’ਤੇ ਰੁਲ ਰਿਹੈ ਪੰਜਾਬ ਦਾ ਭਵਿੱਖ ਨੌਜਵਾਨ ਵਰਗ, PSSSB ਬੋਰਡ ਦੇ ਬਾਹਰ ਰੋਸ ਮੁਜ਼ਾਹਰਾ ਸੀਨੀਅਰ ਸਹਾਇਕ-…