ਗਰੀਬ ਵਰਗ ਦੇ ਲੋਕਾਂ ਨੂੰ ਆਪਣੇ ਬੱਚਿਆਂ ਨੂੰ ਮਿਆਰੀ ਸਿੱਖਿਆ ਦੇਣ ’ਤੇ ਜ਼ੋਰ

ਸਫ਼ਾਈ ਮਜ਼ਦੂਰ ਫੈਡਰੇਸ਼ਨ ਨੇ ਸਫ਼ਾਈ ਕਾਮਿਆਂ ਨਾਲ ਮਨਾਇਆ ਨਵਾਂ ਸਾਲ, ਲੰਗਰ ਲਾਇਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 2 ਜਨਵਰੀ:
ਮੁਹਾਲੀ ਨਗਰ ਨਿਗਮ ਅਧੀਨ ਕੰਮ ਕਰਦੇ ਸਫ਼ਾਈ ਕਾਮਿਆਂ ਨੂੰ ਜਲਦੀ ਪੱਕੇ ਹੋਣ ਦੀ ਆਸ ਬੱਝ ਗਈ ਹੈ। ਪੰਜਾਬ ਦੇ ਮੁਲਾਜ਼ਮਾਂ ਦੀ ਸਿਰਮੌਰ ਜਥੇਬੰਦੀ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਅਤੇ ਸਫ਼ਾਈ ਮਜ਼ਦੂਰ ਫੈਡਰੇਸ਼ਨ ਵੱਲੋਂ ਅੱਜ ਇੱਥੇ ਫੇਜ਼-5 ਸਥਿਤ ਕਮਿਊਨਿਟੀ ਸੈਂਟਰ ਵਿਖੇ ਪ੍ਰਧਾਨ ਪਵਨ ਗੋਡਿਆਲ ਦੀ ਅਗਵਾਈ ਹੇਠ ਨਵਾਂ ਸਾਲ ਮਨਾਇਆ ਅਤੇ ਲੰਗਰ ਲਾਇਆ। ਇਸ ਦੌਰਾਨ ਵੱਖ-ਵੱਖ ਬੁਲਾਰਿਆਂ ਨੇ ਸਫ਼ਾਈ ਕਾਮਿਆਂ ਦੀਆਂ ਸਮੱਸਿਆਵਾਂ ’ਤੇ ਚਰਚਾ ਕਰਦਿਆਂ ਸਾਰੇ ਸਫ਼ਾਈ ਕਾਮਿਆਂ ਨੂੰ ਰੈਗੂਲਰ ਕਰਨ ਦੀ ਮੰਗ ਕੀਤੀ।
ਇਸ ਮੌਕੇ ਚੀਫ਼ ਸੈਨੇਟਰੀ ਇੰਸਪੈਕਟਰ ਰਜਿੰਦਰਪਾਲ ਸਿੰਘ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਸਫ਼ਾਈ ਕਾਮਿਆਂ ਦੀ ਕਦਰ ਕਰਨੀ ਚਾਹੀਦੀ ਹੈ ਕਿਉਂਕਿ ਇਹ ਲੋਕ ਗਰਮੀ ਅਤੇ ਸਰਦੀ ਵਿੱਚ ਸ਼ਹਿਰ ਨੂੰ ਸਾਫ਼ ਸੁਥਰਾ ਰੱਖਣ ਅਤੇ ਸਵੱਛ ਸਰਵੇਖਣ ਵਿੱਚ ਵਡਮੱੁਲਾ ਯੋਗਦਾਨ ਪਾਉਂਦੇ ਹਨ। ਸਫ਼ਾਈ ਕਾਮਿਆਂ ਨੂੰ ਰੈਗੂਲਰ ਕਰਨ ਦੀ ਮੰਗ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਕਿ ਸਰਕਾਰ ਦੀ ਨੀਤੀ ਤਹਿਤ ਪਹਿਲਾਂ ਨਵੇਂ ਸਫ਼ਾਈ ਕਾਮਿਆਂ ਨੂੰ ਠੇਕਾ ਪ੍ਰਣਾਲੀ ’ਤੇ ਭਰਤੀ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕਰਮਚਾਰੀ ਆਪਣਾ ਕਰਮ ਠੀਕ ਢੰਗ ਨਾਲ ਕਰਨਗੇ ਤਾਂ ਸੰਘਰਸ਼ ਦੀ ਵੀ ਲੋੜ ਨਹੀਂ ਪਵੇਗੀ ਅਤੇ ਰੂਲਾਂ ਤਹਿਤ ਇਨ੍ਹਾਂ ਕਾਮਿਆਂ ਨੂੰ ਵੀ ਪੱਕਾ ਕੀਤਾ ਜਾਵੇਗਾ।
ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਨਗਰ ਨਿਗਮ ਵੱਲੋਂ ਹਾਊਸ ਵਿੱਚ ਮਤਾ ਪਾਸ ਕਰਕੇ ਸਫ਼ਾਈ ਕਾਮਿਆਂ ਸਮੇਤ ਹੋਰ ਮੁਲਾਜ਼ਮਾਂ ਦੀ ਭਰਤੀ ਕੀਤੀ ਗਈ ਹੈ। ਉਨ੍ਹਾਂ ਠੇਕਾ ਪ੍ਰਣਾਲੀ ਅਧੀਨ ਕਾਫ਼ੀ ਸਮੇਂ ਤੋਂ ਕੰਮ ਕਰਦੇ ਆ ਰਹੇ ਸਫ਼ਾਈ ਕਾਮਿਆਂ ਨੂੰ ਰੈਗੂਲਰ ਕਰਨ ਦੀ ਮੰਗ ਨੂੰ ਜਾਇਜ਼ ਦੱਸਦਿਆਂ ਕਿਹਾ ਕਿ ਸਰਕਾਰ ਨੂੰ ਇਸ ਪਾਸੇ ਤੁਰੰਤ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਨਗਰ ਨਿਗਮ ਵੱਲੋਂ ਵੀ ਆਉਣ ਵਾਲੇ ਦਿਨਾਂ ਵਿੱਚ ਇਨ੍ਹਾਂ ਕਰਮਚਾਰੀਆਂ ਨੂੰ ਰੈਗੂਲਰ ਕਰਨ ਲਈ ਸਰਕਾਰ ਨੂੰ ਲਿਖਿਆ ਜਾਵੇਗਾ।

ਇਸ ਤੋਂ ਪਹਿਲਾਂ ਸਫ਼ਾਈ ਮਜ਼ਦੂਰ ਫੈਡਰੇਸ਼ਨ ਦੇ ਪ੍ਰਧਾਨ ਪਵਨ ਗੋਡਿਆਲ ਨੇ ਆਪਣੇ ਸੰਬੋਧਨ ਵਿੱਚ ਜ਼ੋਰ ਦੇ ਕੇ ਆਖਿਆ ਕਿ ਗਰੀਬ ਵਰਗ ਦੇ ਲੋਕਾਂ ਨੂੰ ਆਪਣੇ ਬੱਚਿਆਂ ਨੂੰ ਉੱਚ ਸਿੱਖਿਆ ਮੁਹੱਈਆ ਕਰਵਾਉਣ ਵੱਲ ਧਿਆਨ ਦੇਣਾ ਚਾਹੀਦਾ ਹੈ। ਇਸ ਮੌਕੇ ਸੈਨੇਟਰੀ ਇੰਸਪੈਕਟਰ ਰਵਿੰਦਰ ਸਿੰਗਲਾ, ਸੁਰਿੰਦਰ ਕੁਮਾਰ, ਲਖਵਿੰਦਰ ਕੁਮਾਰ, ਜਗਰੂਪ ਸਿੰਘ, ਹਰਮਿੰਦਰ ਸਿੰਘ, ਇੰਦਰਜੀਤ ਅਤੇ ਵੰਦਨਾ ਸੁਖੀਜਾ ਵੀ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …