ਫ਼ਸਲੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਲਈ ਦਾਲਾਂ ਹੇਠ ਰਕਬੇ ਨੂੰ ਵਧਾਉਣ ’ਤੇ ਜ਼ੋਰ

ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਨੇ ਵਿਸ਼ਵ ਦਾਲ ਦਿਵਸ ਮਨਾਇਆ

ਮੁੱਖ ਖੇਤੀਬਾੜੀ ਅਫ਼ਸਰ ਡਾ. ਗੁਰਬਚਨ ਸਿੰਘ ਵੱਲੋਂ ਦਾਲਾਂ ਦਾ ਸੇਵਨ ਕਰਨ ’ਤੇ ਜ਼ੋਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 10 ਫਰਵਰੀ:
ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਅਤੇ ਯੂਨਾਈਟਿਡ ਨੇਸ਼ਨ ਆਰਗੇਨਾਈਜ਼ੇਸ਼ਨ ਵੱਲੋਂ ਅੱਜ ਇੱਥੋਂ ਦੇ ਇਤਿਹਾਸਕ ਨਗਰ ਚੱਪੜਚਿੜੀ ਵਿੱਚ ਵਿਸ਼ਵ ਦਾਲ ਦਿਵਸ ਮਨਾਇਆ ਗਿਆ। ਮੁੱਖ ਖੇਤੀਬਾੜੀ ਅਫ਼ਸਰ ਮੁਹਾਲੀ ਡਾ. ਗੁਰਬਚਨ ਸਿੰਘ ਨੇ ਦੱਸਿਆ ਕਿ ਸਾਰੀ ਦੁਨੀਆ ਵਿੱਚ ਵੱਧ ਰਹੀ ਆਬਾਦੀ ਦੇ ਅਨੁਸਾਰ ਦਾਲਾਂ ਦੀ ਖਪਤ ਬਹੁਤ ਜ਼ਿਆਦਾ ਹੈ ਜਦੋਂਕਿ ਇਸ ਦੇ ਮੁਕਾਬਲੇ ਉਤਪਾਦਨ ਬਹੁਤ ਘੱਟ ਹੈ। ਦਾਲਾਂ ਦਾ ਭਾਰਤੀ ਖਾਣੇ ਵਿੱਚ ਖਾਸ ਕਰਕੇ ਸ਼ਾਕਾਹਾਰੀ ਭੋਜਨ ਵਿੱਚ ਇਕ ਅਹਿਮ ਸਥਾਨ ਹੈ।
ਉਨ੍ਹਾਂ ਕਿਹਾ ਕਿ ਦਾਲਾਂ ਸੰਤੁਲਿਤ ਅਹਾਰ ਅਤੇ ਤੰਦਰੁਸਤ ਜੀਵਨ ਦਾ ਆਧਾਰ ਹਨ। ਦਾਲਾਂ ਵਿੱਚ ਬਹੁਤ ਮਾਤਰਾ ਵਿੱਚ ਪ੍ਰੋਟੀਨ (20-25 ਫੀਸਦੀ), ਫਾਈਬਰ, ਵਿਟਾਮਿਨ ਜਿਵੇਂ ਨਾਈਸਿਨ ਥਾਇਆਮੀਨ ਅਤੇ ਮਿਨਰਲ ਜਿਵੇਂ ਜਿੰਕ ਮੈਗਨੀਸ਼ੀਅਮ, ਪੋਟਾਸ਼ੀਅਮ ਪਾਏ ਜਾਂਦੇ ਹਨ। ਇਸ ਤੋਂ ਇਲਾਵਾ ਦਾਲਾਂ ਵਿੱਚ ਕਣਕ ਨਾਲੋਂ ਦੁਗਣੀ ਅਤੇ ਚੌਲਾਂ ਨਾਲੋਂ ਤਿਗਣੀ ਮਾਤਰਾ ਵਿੱਚ ਪ੍ਰੋਟੀਨ ਹੁੰਦਾ ਹੈ। ਮਾਹਰਾਂ ਮੁਤਾਬਕ ਇਹ ਚੰਗੀ ਸਿਹਤ ਲਈ ਬਹੁਤ ਜ਼ਰੂਰੀ ਹਨ। ਵੈਸੇ ਵੀ ਦਾਲਾਂ ਮਨੁੱਖ ਨੂੰ ਬਹੁਤ ਸਾਰੀਆਂ ਬਿਮਾਰੀਆਂ ਜਿਵੇਂ ਸ਼ੂਗਰ ਤੇ ਦਿਲ ਦੇ ਰੋਗਾਂ ਤੋਂ ਬਚਾਉਂਦੀਆਂ ਹਨ। ਉਨ੍ਹਾਂ ਕਿਹਾ ਕਿ ਇਕ ਵਿਅਕਤੀ ਨੂੰ ਰੋਜ਼ਾਨਾ 80 ਗਰਾਮ ਦਾਲ ਖਾਣੀ ਚਾਹੀਦੀ ਹੈ ਪ੍ਰੰਤੂ ਦੇਸ਼ ਵਿੱਚ ਇੱਕ ਵਿਅਕਤੀ ਨੂੰ ਅੌਸਤ 42-47 ਗਰਾਮ ਦਾਲ ਹੀ ਮਿਲਦੀ ਹੈ।
ਖੇਤੀਬਾੜੀ ਅਫ਼ਸਰ ਡਾ. ਸੰਦੀਪ ਕੁਮਾਰ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਸਮੇਂ ਦੀ ਲੋੜ ਅਨੁਸਾਰ ਫ਼ਸਲੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਲਈ ਅਤੇ ਕਣਕ ਤੇ ਝੋਨੇ ਦੇ ਫ਼ਸਲੀ ਚੱਕਰ ’ਚੋਂ ਬਾਹਰ ਕੱਢਣ ਲਈ ਪੰਜਾਬ ਵਿੱਚ ਦਾਲਾਂ ਹੇਠ ਰਕਬੇ ਨੂੰ ਵਧਾਉਣ ਦੀ ਬਹੁਤ ਲੋੜ ਹੈ। ਇਸ ਮੌਕੇ ਵਿਭਾਗ ਦੇ ਏਈਓ ਸੁੱਚਾ ਸਿੰਘ, ਪ੍ਰਵੇਜ਼ ਗਿੱਲ, ਚੱਪੜਚਿੜੀ ਖ਼ੁਰਦ ਦੀ ਸਰਪੰਚ ਸ੍ਰੀਮਤੀ ਰਾਜਵੀਰ ਕੌਰ, ਸਾਬਕਾ ਸਰਪੰਚ ਤੇ ਅਗਾਂਹਵਧੂ ਕਿਸਾਨ ਜੋਰਾ ਸਿੰਘ ਭੁੱਲਰ, ਪੰਚ ਸ੍ਰੀਮਤੀ ਸੁਰਿੰਦਰ ਕੌਰ ਅਤੇ ਕਿਸ਼ਨ ਕੁਮਾਰ, ਰਘਵੀਰ ਸਿੰਘ ਸਮੇਤ ਹੋਰ ਪਤਵੰਤੇ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ ਨਬਜ਼-ਏ-ਪੰਜਾਬ, ਮ…