Nabaz-e-punjab.com

ਪੰਜਾਬ ਵਿੱਚ ਸਰਕਾਰੀ ਸਕੂਲਾਂ ਨੂੰ ਸਮਾਰਟ ਬਣਾਉਣ ਤੇ ਬਿਹਤਰ ਨਤੀਜਿਆਂ ’ਤੇ ਜ਼ੋਰ

ਸਿੱਖਿਆ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਨੇ ਮੀਟਿੰਗ ਵਿੱਚ ਕੀਤੀ ਸਮਾਰਟ ਸਕੂਲਾਂ ਦੀ ਪ੍ਰਗਤੀ ਰਿਪੋਰਟ ਦੀ ਸਮੀਖਿਆ

ਬਿਹਤਰ ਨਤੀਜਿਆਂ ਤੇ ਸਿੱਖਿਆ ਸੁਧਾਰ ਉਪਰਾਲਿਆਂ ਤੋਂ ਨਜ਼ਰ ਆਉਂਦਾ ਹੈ ਸਕੂਲਾਂ ਦਾ ਮਿਆਰ: ਕ੍ਰਿਸ਼ਨ ਕੁਮਾਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 7 ਦਸੰਬਰ:
ਸਿੱਖਿਆ ਵਿਭਾਗ ਵੱਲੋਂ ਪੰਜਾਬ ਦੇ ਸਰਕਾਰੀ ਸਕੂਲਾਂ ਨੂੰ ਸਮਾਰਟ ਸਕੂਲ ਬਣਾਉਣ ਲਈ ਅਧਿਆਪਕਾਂ ਵੱਲੋਂ ਕੀਤੀਆਂ ਜਾ ਰਹੀਆਂ ਸਫ਼ਲ ਕੋਸ਼ਿਸ਼ਾਂ ਦਾ ਜਾਇਜ਼ਾ ਲੈਣ ਲਈ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਵੱਲੋਂ ਡੀਜੀਐਸਈ ਦਫ਼ਤਰ ਵਿੱਚ ਵੱਖ-ਵੱਖ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਸਮਾਰਟ ਸਕੂਲਾਂ ਦੀ ਸਮੀਖਿਆ ਕੀਤੀ ਗਈ। ਮੀਟਿੰਗ ਵਿੱਚ ਜ਼ਿਲ੍ਹਾ ਸਿੱਖਿਆ ਅਫ਼ਸਰ, ਸੈੱਲਫ਼ ਸਮਾਰਟ ਸਕੂਲ ਲਈ ਯਤਨਸ਼ੀਲ ਅਧਿਆਪਕਾਂ ਅਤੇ ਹੋਰ ਉੱਚ ਅਧਿਕਾਰੀਆਂ ਨੇ ਸ਼ਿਰਕਤ ਕੀਤੀ।
ਇਸ ਮੌਕੇ ਕ੍ਰਿਸ਼ਨ ਕੁਮਾਰ ਨੇ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ ਵਧਾਉਣ ਅਤੇ ਛੋਟੇ ਬੱਚਿਆਂ ਨੂੰ ਸਕੂਲਾਂ ਵਿੱਚ ਘਰ ਵਰਗਾ ਮਾਹੌਲ ਮੁਹੱਈਆ ਕਰਵਾਉਣ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਬਿਹਤਰ ਨਤੀਜਿਆਂ ਅਤੇ ਸਿੱਖਿਆ ਸੁਧਾਰ ਲਈ ਕੀਤੇ ਉਪਰਾਲਿਆਂ ਸਦਕਾ ਹੀ ਸਕੂਲਾਂ ਦਾ ਮਿਆਰ ਨਜ਼ਰ ਆਉਂਦਾ ਹੈ। ਉਨ੍ਹਾਂ ਕਿਹਾ ਕਿ ਹੁਣ ਲੇਟ ਲਤੀਫ਼ੀ ਅਤੇ ਗੈਰਜ਼ਿੰਮੇਵਾਰਨਾ ਕਾਰਵਾਈਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਲਿਹਾਜ਼ਾ ਸਾਰੇ ਅਧਿਆਪਕ ਪੂਰੀ ਇਮਾਨਦਾਰੀ ਅਤੇ ਸੇਵਾ ਭਾਵਨਾ ਨਾਲ ਸਕੂਲੀ ਸਿੱਖਿਆ ਦਾ ਮਿਆਰ ਉੱਚਾ ਚੁੱਕਣ ਲਈ ਸਰਕਾਰ ਅਤੇ ਵਿਭਾਗ ਨੂੰ ਸਹਿਯੋਗ ਦੇਣ।
ਡੀਪੀਆਈ (ਐਲੀਮੈਂਟਰੀ) ਇੰਦਰਜੀਤ ਸਿੰਘ, ਸਹਾਇਕ ਡਾਇਰੈਕਟਰ (ਟਰੇਨਿੰਗਾਂ) ਜਰਨੈਲ ਸਿੰਘ ਕਾਲੇਕੇ ਅਤੇ ਪੜ੍ਹੋ ਪੰਜਾਬ-ਪੜ੍ਹਾਓ ਪੰਜਾਬ ਪ੍ਰਾਜੈਕਟ ਦੇ ਸਟੇਟ ਕੋਆਰਡੀਨੇਟਰ ਦਵਿੰਦਰ ਸਿੰਘ ਬੋਹਾ ਸਮੇਤ ਹੋਰਨਾਂ ਸਿੱਖਿਆ ਅਧਿਕਾਰੀਆਂ ਨੇ ਆਪੋ-ਆਪਣੇ ਸੁਝਾਅ ਦਿੱਤੇ। ਉਨ੍ਹਾਂ ਸਕੂਲਾਂ ਨੂੰ ਗੁਣਾਤਮਿਕ ਸਿੱਖਿਆ ਪੱਖੋਂ ਮਿਆਰੀ ਤੇ ਸਕੂਲਾਂ ਦੀ ਦਿੱਖ ਨੂੰ ਪ੍ਰਭਾਵਸ਼ਾਲੀ ਬਣਾਉਣ ਲਈ ਅਧਿਆਪਕਾਂ ਅਤੇ ਸਮਾਜ ਸੇਵੀ ਸੰਸਥਾਵਾਂ ਵੱਲੋਂ ਮਿਲ ਕੇ ਉਪਰਾਲੇ ਕਰਨ ’ਤੇ ਧਿਆਨ ਦੇਣ ਦੀ ਗੱਲ ਕੀਤੀ। ਸਮੂਹ ਹਾਜ਼ਰ ਮੈਂਬਰਾਂ ਨੇ ਸਕੂਲਾਂ ਦੀ ਪ੍ਰਗਤੀ ਨੂੰ ਸੋਸ਼ਲ ਮੀਡੀਆ ਰਾਹੀਂ ਲੋਕਾਂ ਤੱਕ ਪਹੁੰਚਾਉਣ ਦੀ ਗੱਲ ਕੀਤੀ।
ਇਸ ਮੌਕੇ ਸਕੂਲਾਂ ਦੇ ਸਾਲਾਨਾ ਨਤੀਜਿਆਂ, ਇਮਾਰਤਾਂ ਦੀ ਕਲਰ ਕੋਡਿੰਗ, ਸਕੂਲਾਂ ਦੀ ਸਫਲਤਾ ਦੀ ਗਾਥਾ ‘ਪਹਿਲਾਂ ਤੇ ਹੁਣ’, ਸੈਲਫ਼ ਸਮਾਰਟ ਸਕੂਲਾਂ ਸਬੰਧੀ ਸੋਵੀਨਰ ਤਿਆਰ ਕਰਨਾ, ਵੱਖ-ਵੱਖ ਸਥਾਨਾਂ ’ਤੇ ਸਕੂਲੀ ਤਸਵੀਰਾਂ ਨੂੰ ਡਿਸਪਲੇ ਕਰਨਾ, ਸਕੂਲਾਂ ਵਿੱਚ ਦਾਖ਼ਲਿਆਂ ਨੂੰ ਵਧਾਉਣ ਲਈ ਵਿਸ਼ੇਸ਼ ਮੁਹਿੰਮ, ਸਕੂਲਾਂ ਦੇ ਪਖਾਨਿਆਂ ਦੀ ਸਾਫ਼ ਸਫ਼ਾਈ, ਸਮੁਦਾਇ ਨੂੰ ਨਾਲ ਜੋੜਨ ਤੇ ਸਕੂਲ ਬਾਰੇ ਜਾਣਕਾਰੀ ਦੇਣ ਲਈ ਯੋਜਨਾਬੰਦੀ ਕਰਨ, ਬਾਰੇ ਵਿਸਥਾਰ ਪੂਰਵਕ ਚਰਚਾ ਕੀਤੀ ਗਈ। ਇਸ ਮੀਟਿੰਗ ਵਿੱਚ ਚਰਚਾ ਕੀਤੀ ਗਈ ਕਿ ਸਰਕਾਰੀ ਸਕੂਲਾਂ ਦੇ ਬੱਚਿਆਂ ਦੀ ਵਧੀਆ ਕਾਰਗੁਜ਼ਾਰੀ ਸਬੰਧੀ ਵੀਡੀਓ ਤਿਆਰ ਕਰਵਾ ਕੇ ਸੋਸ਼ਲ ਮੀਡੀਆ ਨੂੰ ਵਰਤਿਆ ਜਾਵੇ ਅਤੇ ਇਸ ਦੇ ਵਧੀਆ ਨਤੀਜੇ ਆਉਣ ਦੀ ਸੰਭਾਵਨਾ ਵੀ ਹੈ। ਇਸ ਮੌਕੇ ਏਐਸਪੀ ਡੀ ਸੁਰੇਖਾ ਠਾਕੁਰ, ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ), ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ), ਸਹਾਇਕ ਕੋਆਰਡੀਨੇਟਰ ਸਮਾਰਟ ਸਕੂਲ ਅਤੇ ਸਿੱਖਿਆ ਵਿਭਾਗ ਦੇ ਆਲ੍ਹਾ ਅਧਿਕਾਰੀ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In School & College

Check Also

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ

ਝੰਜੇੜੀ ਕੈਂਪਸ ਵਿੱਚ ਬੋਸ਼ ਇੰਡੀਆ ਦੇ ਸਹਿਯੋਗ ਨਾਲ ਕੇਂਦਰ ਦੀ ਸ਼ੁਰੂਆਤ ਨਬਜ਼-ਏ-ਪੰਜਾਬ, ਮੁਹਾਲੀ, 31 ਅਗਸਤ: ਚੰ…