Nabaz-e-punjab.com

ਪ੍ਰਾਈਵੇਟ ਅਦਾਰਿਆਂ/ਦੁਕਾਨਾਂ ਦੇ ਬੋਰਡ ਪੰਜਾਬੀ ਵਿੱਚ ਲਿਖੇ ਜਾਣ ਦੀ ਮੁਹਿੰਮ ਤੇਜ਼ ਕਰਨ ’ਤੇ ਜ਼ੋਰ

ਸਾਬਕਾ ਕੌਂਸਲਰ ਸਤਵੀਰ ਧਨੋਆ ਨੇ ਮੁਹਿੰਮ ਨੂੰ ਤੇਜ਼ ਕਰਨ ਲਈ ਮੁੱਖ ਮੰਤਰੀ ਨੂੰ ਲਿਖਿਆ ਪੱਤਰ

ਨਬਜ਼-ਏ-ਪੰਜਾਬ, ਮੁਹਾਲੀ, 13 ਜੁਲਾਈ:
ਪੰਜਾਬੀ ਵਿਰਸਾ ਸਭਿਆਚਾਰਕ ਸੁਸਾਇਟੀ ਮੁਹਾਲੀ ਦੇ ਪ੍ਰਧਾਨ ਤੇ ਸਾਬਕਾ ਕੌਂਸਲਰ ਸਤਵੀਰ ਸਿੰਘ ਧਨੋਆ ਨੇ ਸਰਕਾਰੀ ਦਫ਼ਤਰਾਂ ਦੇ ਨਾਲ-ਨਾਲ ਪ੍ਰਾਈਵੇਟ ਅਦਾਰਿਆਂ/ਦੁਕਾਨਾਂ ਦੇ ਬੋਰਡ ਮਾਂ ਬੋਲੀ ਪੰਜਾਬੀ ਵਿੱਚ ਲਿਖੇ ਜਾਣ ਦੀ ਮੁਹਿੰਮ ਨੂੰ ਹੋਰ ਤੇਜ਼ ਕਰਨ ਦੀ ਮੰਗ ਕੀਤੀ ਹੈ। ਇਸ ਸਬੰਧੀ ਉਨ੍ਹਾਂ ਨੇ ਅੱਜ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੱਤਰ ਵੀ ਲਿਖਿਆ ਹੈ। ਧਨੋਆ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਕੁੱਝ ਦਿਨ ਪਹਿਲਾਂ ਪੰਜਾਬੀ ਮਾਂ ਬੋਲੀ ਨੂੰ ਬਣਦਾ ਮਾਣ ਸਤਿਕਾਰ ਦੇਣ ਲਈ ਪ੍ਰਾਈਵੇਟ ਅਦਾਰਿਆਂ/ਦੁਕਾਨਾਂ ਦੇ ਬੋਰਡ ਪੰਜਾਬੀ ਵਿੱਚ ਲਿਖੇ ਜਾਣ ਦੀ ਮੁਹਿੰਮ ਵਿੱਢੀ ਗਈ ਸੀ।
ਇਸ ਸਬੰਧੀ ਪੰਜਾਬੀ ਵਿਰਸਾ ਸਭਿਆਚਾਰਕ ਸੁਸਾਇਟੀ ਵੱਲੋਂ ਆਮ ਸ਼ਹਿਰੀਆਂ ਅਤੇ ਕਾਰੋਬਾਰੀ ਲੋਕਾਂ ਨੂੰ ਜ਼ਮੀਨੀ ਪੱਧਰ ’ਤੇ ਜਾਗਰੂਕ ਕੀਤਾ ਗਿਆ ਸੀ ਅਤੇ ਪੰਜਾਬੀ ਵਿੱਚ ਬੋਰਡ ਲਿਖਣ ਵਾਲੇ ਅਦਾਰਿਆਂ/ਦੁਕਾਨਦਾਰਾਂ ਨੂੰ ਸਨਮਾਨਿਤ ਵੀ ਕੀਤਾ ਗਿਆ ਸੀ। ਲੇਕਿਨ ਹੁਣ ਇਹ ਮੁਹਿੰਮ ਠੰਢੀ ਪੈ ਗਈ ਹੈ। ਜਿਸ ਦਾ ਮੁੱਖ ਕਾਰਨ ਪੰਜਾਬ ਸਰਕਾਰ ਵੱਲੋਂ ਪੰਜਾਬੀ ਭਾਸ਼ਾ ਵਿੱਚ ਬੋਰਡ ਲਿਖ ਕੇ ਲਗਾਉਣ ਦੀ ਮਿਆਦ ਵਿੱਚ ਵਾਧਾ ਕਰਨਾ ਮੰਨਿਆ ਜਾ ਰਿਹਾ ਹੈ। ਸਰਕਾਰੀ ਕਰਮਚਾਰੀ ਅਤੇ ਪੰਜਾਬ ਦੇ ਲੋਕ ਇਸ ਫ਼ੈਸਲੇ ਪ੍ਰਤੀ ਅਵੇਸਲੇ ਹੋ ਗਏ ਜਾਪਦੇ ਹਨ। ਵਰਨਣਯੋਗ ਹੈ ਕਿ ਦੱਖਣੀ ਸੂਬਿਆਂ ਵਿੱਚ ਉੱਥੋਂ ਦੇ ਵਸਨੀਕ ਹੀ ਇਸ ਗੱਲ ਦਾ ਧਿਆਨ ਰੱਖਦੇ ਹਨ ਕਿ ਉਨ੍ਹਾਂ ਦੀਆਂ ਦੁਕਾਨਾਂ/ਅਦਾਰਿਆਂ ਦੇ ਬੋਰਡ ਸਬੰਧਤ ਸੂਬੇ ਦੀ ਮਾਤ ਭਾਸ਼ਾ ਵਿੱਚ ਲਿਖੇ ਜਾਣ। ਇਹੀ ਨਹੀਂ ਉਨ੍ਹਾਂ ਸਬੰਧਤ ਸੂਬਿਆਂ ਦੀਆਂ ਸਰਕਾਰਾਂ ਵੀ ਸਖ਼ਤੀ ਵਰਤਦੀਆਂ ਹਨ। ਸਤਵੀਰ ਧਨੋਆ ਨੇ ਮੁੱਖ ਮੰਤਰੀ ਨੂੰ ਪੱਤਰ ਲਿਖ ਕੇ ਮੰਗ ਕੀਤੀ ਕਿ ਪੰਜਾਬੀ ਵਿੱਚ ਬੋਰਡ ਲਿਖ ਕੇ ਲਗਾਉਣ ਦੀ ਮੁਹਿੰਮ ਤੇਜ਼ ਕੀਤੀ ਜਾਵੇ ਤਾਂ ਜੋ ਮਾਂ ਬੋਲੀ ਨੂੰ ਬਣਦਾ ਮਾਣ ਸਤਿਕਾਰ ਮਿਲ ਸਕੇ। ਉਨ੍ਹਾਂ ਸਮੂਹ ਪੰਜਾਬੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਇਸ ਕਾਰਜ ਦੀ ਸਫਲਤਾ ਲਈ ਆਪਣੀ ਨੈਤਿਕ ਜ਼ਿੰਮੇਵਾਰੀ ਨੂੰ ਸਮਝਣ।

Load More Related Articles

Check Also

ਪੰਜਾਬ ਵਿਜੀਲੈਂਸ ਬਿਊਰੋ ਵੱਲੋਂ 25 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਐਸਐਚਓ ਗ੍ਰਿਫ਼ਤਾਰ

ਪੰਜਾਬ ਵਿਜੀਲੈਂਸ ਬਿਊਰੋ ਵੱਲੋਂ 25 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਐਸਐਚਓ ਗ੍ਰਿਫ਼ਤਾਰ ਸ਼ਿਕਾਇਤਕਰਤਾ ਅਨੁਸਾਰ ਐਸਐਚਓ…