nabaz-e-punjab.com

ਮੁਹਾਲੀ ਹਵਾਈ ਅੱਡੇ ਰਾਹੀਂ ਪਹੁੰਚਣ ਵਾਲੇ ਡੇਲੀਗੇਟਾਂ ਦੀ ਸੁਰੱਖਿਆ ਤੇ ਸ਼ਹਿਰ ਦੇ ਸੁੰਦਰੀਕਰਨ ’ਤੇ ਜ਼ੋਰ

ਕੌਮਾਂਤਰੀ ਜਥੇਬੰਦੀ ਜੀ-20 ਗਰੁੱਪ ਦੀਆਂ ਅਗਲੇ ਵਰ੍ਹੇ ਪੰਜਾਬ ਵਿੱਚ ਹੋਣਗੀਆਂ ਮਹੱਵਪੂਰਨ ਮੀਟਿੰਗਾਂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 30 ਨਵੰਬਰ:
ਭਾਰਤ ਭਲਕੇ 1 ਦਸੰਬਰ ਤੋਂ 30 ਨਵੰਬਰ 2023 ਤੱਕ ਕੌਮਾਂਤਰੀ ਜਥੇਬੰਦੀ ਜੀ-20 ਗਰੁੱਪ ਸਮੂਹ ਦੀ ਪ੍ਰਧਾਨਗੀ ਸੰਭਾਲੇਗਾ। ਇਸ ਸਬੰਧੀ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਅਤੇ ਗੁਰੂ ਕੀ ਨਗਰੀ ਅੰਮ੍ਰਿਤਸਰ ਵਿਖੇ ਵੀ ਮਹੱਤਵਪੂਰਨ ਮੀਟਿੰਗਾਂ ਹੋਣੀਆਂ ਹਨ। ਜਿਸ ਵਿੱਚ 40 ਦੇਸ਼ਾਂ/ਕੌਮਾਂਤਰੀ ਸੰਸਥਾਵਾਂ ਦੇ ਵਿਦੇਸ਼ੀ ਡੈਲੀਗੇਟ ਸ਼ਾਮਲ ਹੋਣਗੇ। ਇਹ ਸਾਰੇ ਡੈਲੀਗੇਟ, ਮੁਹਾਲੀ ਕੌਮਾਂਤਰੀ ਏਅਰਪੋਰਟ ਰਾਹੀਂ ਉਕਤ ਮੀਟਿੰਗਾਂ ਵਿੱਚ ਸ਼ਾਮਲ ਹੋਣਗੇ। ਪੰਜਾਬ ਸਰਕਾਰ ਦੀਆਂ ਹਦਾਇਤਾਂ ਦੇ ਮੱਦੇਨਜ਼ਰ ਮੁਹਾਲੀ ਹਵਾਈ ਅੱਡੇ ਦੀ ਬਾਹਰੀ ਦਿੱਖ ਬਦਲਣ ਦੇ ਨਾਲ-ਨਾਲ ਸ਼ਹਿਰ ਦੇ ਸੁੰਦਰੀਕਰਨ ਤੇ ਸੁਰੱਖਿਆ ਪ੍ਰਬੰਧਾਂ ਨੂੰ ਯਕੀਨੀ ਬਣਾਏ ਜਾਣ ਲਈ ਮੁਹਾਲੀ ਦੇ ਡਿਪਟੀ ਕਮਿਸ਼ਨਰ ਅਮਿਤ ਤਲਵਾੜ ਨੇ ਅੱਜ ਏਅਰਪੋਰਟ ਅਥਾਰਟੀ, ਗਮਾਡਾ, ਨਗਰ ਨਿਗਮ, ਪੁਲੀਸ ਤੇ ਸਿਵਲ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀਆਂ ਨਾਲ ਅਹਿਮ ਮੀਟਿੰਗ ਕੀਤੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮੁਹਾਲੀ ਏਅਰਪੋਰਟ ਤੋਂ ਚੰਡੀਗੜ੍ਹ ਦੇ ਰਾਸਤੇ ’ਤੇ ਜੀ-20 ਗਰੁੱਪ ਵਿੱਚ ਸ਼ਾਮਲ ਦੇਸ਼ਾਂ ਦੇ ਝੰਡੇ ਲਗਾਉਣ ਲਈ ਏਅਰਪੋਰਟ ਅਥਾਰਟੀ ਨੂੰ ਕਿਹਾ ਗਿਆ ਹੈ ਜਦਕਿ ਗਮਾਡਾ ਨੂੰ ਏਅਰਪੋਰਟ ਤੋਂ ਚੰਡੀਗੜ੍ਹ ਜਾਣ ਵਾਲੇ ਸੜਕੀ ਰਾਸਤਿਆ ’ਤੇ ਚੱਲ ਰਹੇ ਨਿਰਮਾਣ ਕਾਰਜਾਂ ਨੂੰ ਮਿੱਥੇ ਸਮੇਂ ਵਿੱਚ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਨਾਲ ਹੀ ਨਗਰ ਨਿਗਮ ਨੂੰ ਸ਼ਹਿਰ ਦੀ ਸਫ਼ਾਈ ਅਤੇ ਰਸਤਿਆਂ ਦੇ ਸੁੰਦਰੀਕਰਨ ਨੂੰ ਯਕੀਨੀ ਬਣਾਉਣ ਲਈ ਹਦਾਇਤਾ ਜਾਰੀ ਕੀਤੀਆ ਹਨ। ਸੁਰੱਖਿਆ ਪ੍ਰਬੰਧਾਂ ਸਬੰਧੀ ਪੁਲੀਸ ਨੂੰ ਹਵਾਈ ਅੱਡੇ ਤੋਂ ਚੰਡੀਗੜ੍ਹ ਜਾਣ ਵਾਲੇ ਰਾਸਤਿਆਂ ’ਤੇ ਪੈਂਦੇ ਟਰੈਫ਼ਿਕ ਕਰਾਸਿੰਗ ਪੁਆਇੰਟ ਅਤੇ ਵਿਦੇਸ਼ੀ ਮਹਿਮਾਨਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੀਆਂ ਹਦਾਇਤਾ ਦਿੱਤੀਆਂ ਗਈਆਂ ਹਨ। ਡੀਸੀ ਨੇ ਦੱਸਿਆ ਕਿ ਪੰਜਾਬ ਸਰਕਾਰ ਨੂੰ ਜੀ-20 ਸਕੱਤਰੇਤ ਦੇ ਨੋਡਲ ਅਫ਼ਸਰ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਚੰਡੀਗੜ੍ਹ ਵਿੱਚ ਜਨਵਰੀ ਅਤੇ ਮਾਰਚ 2023 ਵਿੱਚ ਵਿੱਤ (30 ਤੇ 31 ਜਨਵਰੀ) ਅਤੇ ਖੇਤੀਬਾੜੀ (9 ਮਾਰਚ ਤੋਂ 11 ਮਾਰਚ) ਵਿੱਚ ਦੋ ਮੀਟਿੰਗਾਂ ਹੋਣੀਆਂ ਹਨ।
ਜ਼ਿਕਰਯੋਗ ਹੈ ਕਿ ਜੀ-20 ਦੇਸ਼ਾਂ ਵਿੱਚ ਵਿਸ਼ਵ ਦੀਆਂ ਪ੍ਰਮੁੱਖ ਵਿਕਸਤ ਅਤੇ ਵਿਕਾਸਸ਼ੀਲ ਅਰਥਵਿਵਸਥਾਵਾਂ ਸ਼ਾਮਲ ਹਨ, ਜੋ ਕਿ ਗਲੋਬਲ ਜੀਡੀਪੀ ਦਾ 85ਫੀਸਦੀ ਹਿੱਸਾ ਹਨ। ਅੰਤਰਰਾਸ਼ਟਰੀ ਵਪਾਰ ਦਾ 75 ਫੀਸਦੀ ਅਤੇ ਵਿਸ਼ਵ ਦੀ ਆਬਾਦੀ ਦਾ ਦੋ ਤਿਹਾਈ ਹਿੱਸਾ, ਇਸ ਨੂੰ ਕੌਮਾਂਤਰੀ ਆਰਥਿਕ ਸਹਿਯੋਗ ਲਈ ਪ੍ਰਮੁੱਖ ਫੋਰਮ ਬਣਾਉਂਦਾ ਹੈ। ਮੀਟਿੰਗ ਵਿੱਚ ਏਡੀਸੀ (ਜ) ਅਮਨਿੰਦਰ ਕੌਰ ਬਰਾੜ, ਏਡੀਸੀ (ਪੇਂਡੂ ਵਿਕਾਸ) ਸ੍ਰੀਮਤੀ ਅਵਨੀਤ ਕੌਰ, ਏਡੀਸੀ (ਸ਼ਹਿਰੀ ਵਿਕਾਸ) ਦਮਨਜੀਤ ਸਿੰਘ ਮਾਨ, ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਤਰਸੇਮ ਚੰਦ, ਗਮਾਡਾ ਦੇ ਅਧਿਕਾਰੀ ਪੰਕਜ ਕੁਮਾਰ, ਏਅਰਪੋਰਟ ਅਥਾਰਟੀ ਤੋਂ ਰਾਕੇਸ਼.ਆਰ. ਸਹਾਏ ਸਮੇਤ ਨਗਰ ਨਿਗਮ ਤੇ ਪੁਲੀਸ ਪ੍ਰਸ਼ਾਸਨ ਦੇ ਅਧਿਕਾਰੀ ਹਾਜ਼ਰ ਸਨ।

Load More Related Articles

Check Also

ਵਿਜੀਲੈਂਸ ਬਿਊਰੋ ਵੱਲੋਂ ਚੌਂਕੀ ਇੰਚਾਰਜ 80 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਰੰਗੇ ਹੱਥੀਂ ਗ੍ਰਿਫ਼ਤਾਰ

ਵਿਜੀਲੈਂਸ ਬਿਊਰੋ ਵੱਲੋਂ ਚੌਂਕੀ ਇੰਚਾਰਜ 80 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਰੰਗੇ ਹੱਥੀਂ ਗ੍ਰਿਫ਼ਤਾਰ ਨਬਜ਼-ਏ-ਪੰਜਾਬ…