Nabaz-e-punjab.com

ਪੁਆਧੀ ਖੇਤਰ ਨੂੰ ਬਣਦਾ ਸਨਮਾਨ ਦਿਵਾਉਣ ਲਈ ਸਾਂਝੇ ਯਤਨਾਂ ਦੀ ਲੋੜ ’ਤੇ ਜ਼ੋਰ

ਸ਼ਿਵ ਮੰਦਰ ਮਟੌਰ ਵਿੱਚ ਹੋਈ ਅੰਤਰਰਾਸ਼ਟਰੀ ਪੁਆਧੀ ਮੰਚ ਦੀ ਮੀਟਿੰਗ, ਕਈ ਅਹਿਮ ਫੈਸਲੇ ਲਏ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 12 ਅਗਸਤ:
ਅੰਤਰਰਾਸ਼ਟਰੀ ਪੁਆਧੀ ਮੰਚ ਦੀ ਇਕ ਅਹਿਮ ਮੀਟਿੰਗ ਅੱਜ ਇਥੇ ਪ੍ਰਾਚੀਨ ਸ਼ਿਵ ਮੰਦਰ ਮਟੌਰ ਵਿਖੇ ਹੋਈ। ਮੀਟਿੰਗ ਵਿਚ ਸੱਤ ਮੈਂਬਰੀ ਵਿਧਾਨਕਾਰ ਕਮੇਟੀ ਦੇ ਮੈਂਬਰ ਵੀ ਮੌਜੂਦ ਸਨ। ਇਸ ਮੌਕੇ ਸੰਸਥਾ ਨੂੰ ਰਜਿਸਟਰਡ ਕਰਵਾਉਣ ਸਬੰਧੀ ਹਾਜ਼ਰ ਮੈਂਬਰਾਂ ਵਲੋਂ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਗਿਆ। ਮੈਂਬਰਾਂ ਨੇ ਇਹ ਵੀ ਸੁਝਾਅ ਦਿੱਤਾ ਕਿ ਪੁਆਧ ਇਲਾਕੇ ਨੂੰ ਉਸ ਦਾ ਬਣਦਾ ਸਨਮਾਨ ਦਿਵਾਉਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣ। ਇਸ ਸਬੰਧ ਵਿਚ ਆਉਂਦੇ ਦਿਨਾਂ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਮਿਲਣ ਦਾ ਫੈਸਲਾ ਕੀਤਾ ਗਿਆ। ਮੈਂਬਰਾਂ ਦੀ ਰਾਇ ਸੀ ਕਿ ਪੰਜਾਬ ਨੂੰ ਕੇਵਲ ਮਾਝਾ, ਮਾਲਵਾ ਤੇ ਦੁਆਬਾ ਦੇ ਨਾਲ ਹੀ ਯਾਦ ਕੀਤਾ ਜਾਂਦਾ ਹੈ ਜਦਕਿ ਇਸ ਦਾ ਸਭ ਤੋਂ ਅਹਿਮ ਖੇਤਰ ਪੁਆਧ ਹੁਣ ਤੱਕ ਅਣਗੌਲਿਆ ਕੀਤਾ ਜਾਂਦਾ ਰਿਹਾ ਹੈ।
ਇਹ ਪੁਆਧ ਦਾ ਖੇਤਰ ਹੀ ਹੈ ਜਿਥੇ ਸ੍ਰੀ ਆਨੰਦਪੁਰ ਸਾਹਿਬ ਵਿਖੇ ਖਾਲਸਾ ਪੰਥ ਦੀ ਸਿਰਜਣਾ ਹੋਈ। ਪੁਆਧ ਵਿਚ ਹੀ ਦੁਨੀਆਂ ਦੀ ਸਭ ਤੋਂ ਅਸਾਵੀਂ ਜੰਗ ਚਮਕੌਰ ਸਾਹਿਬ ਵਿਖੇ ਗੁਰੂ ਗੋਬਿੰਦ ਸਿੰਘ ਜੀ ਦੇ ਚਾਲੀ ਸਿੰਘਾਂ ਅਤੇ 10 ਲੱਖ ਮੁਗਲ ਫੌਜ ਦੇ ਵਿਚਾਲੇ ਹੋਈ ਪਰ ਇਸ ਦੇ ਬਾਵਜੂਦ ਸਿੰਘਾਂ ਨੇ ਸਿਦਕ ਨਹੀਂ ਹਾਰਿਆ। ਪੁਆਧ ਦੇ ਇਲਾਕੇ ਵਿਚ ਹੀ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਨੇ ਮੁਗਲ ਹਾਕਮਾਂ ਅੱਗੇ ਸਿਰ ਨਾ ਝੁਕਾਇਆ ਅਤੇ ਇੱਜਤ, ਅਣਖ ਅਤੇ ਦੇਸ਼ ਕੌਮ ਲਈ ਆਪਣੀਆਂ ਜਿੰਦਾਂ ਵਾਰ ਦਿੱਤੀਆਂ। ਮੈਂਬਰਾਂ ਦਾ ਕਹਿਣਾ ਸੀ ਕਿ ਨੰਗਲ ਤੋਂ ਲੈ ਕੇ ਪਟਿਆਲਾ, ਹਰਿਆਣਾ ਦੇ ਗੂਹਲਾ ਚੀਕਾ ਅਤੇ ਕੈਥਲ ਤਕ ਅਤੇ ਘੱਗਰ ਪਾਰ ਦੇ ਇਲਾਕਿਆਂ ਤਕ ਪੁਆਧ ਫੈਲਿਆ ਹੋਇਆ ਹੈ, ਪਰ ਇਸ ਦੀ ਕਦੇ ਕੋਈ ਗੱਲ ਨਹੀਂ ਕਰਦਾ।
ਇਹ ਫੈਸਲਾ ਕੀਤਾ ਗਿਆ ਕਿ ਮੁੱਖ ਮੰਤਰੀ ਨੂੰ ਮਿਲ ਕੇ ਸਿੱਖਿਆ ਬੋਰਡ ਦੀਆਂ ਪਾਠ ਪੁਸਤਕਾਂ ਵਿਚ ਪੁਆਧੀ ਬੋਲੀ ਅਤੇ ਪੁਆਧ ਬਾਰੇ ਪਾਠ ਸ਼ਾਮਲ ਕਰਵਾਉਣ ਲਈ ਅਪੀਲ ਕੀਤੀ ਜਾਵੇਗੀ ਅਤੇ ਪੁਆਧ ਦਾ ਇਲਾਕਾ ਨਿਰਧਾਰਤ ਕਰਨ ਲਈ ਵੀ ਮੰਗ ਕੀਤੀ ਜਾਵੇਗੀ। ਇਸ ਦੇ ਨਾਲ ਹੀ ਸਮੁੱਚੇ ਮੀਡੀਆ ਅਤੇ ਇਲੈਕਟ੍ਰਾਨਿਕ ਮੀਡੀਆ ਨੂੰ ਅਪੀਲਾਂ ਕੀਤੀਆਂ ਜਾਣਗੀਆਂ ਕਿ ਉਹ ਮਾਝਾ, ਮਾਲਵਾ ਤੇ ਦੁਆਬਾ ਦੇ ਨਾਲ-ਨਾਲ ਪੁਆਧ ਨੂੰ ਵੀ ਪ੍ਰਮੁੱਖਤਾ ਦੇਣ। ਇਸ ਮੌਕੇ ਪੁਆਧ ਨਾਲ ਸਬੰਧਤ ਅਗਲਾ ਪ੍ਰੋਗਰਾਮ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ 15 ਸਤੰਬਰ ਨੂੰ ਕਰਵਾਉਣ ਦਾ ਫੈਸਲਾ ਹੋਇਆ। ਇਹ ਮਤਾ ਵੀ ਪਾਸ ਕੀਤਾ ਗਿਆ ਕਿ ਪੁਆਧ ਇਲਾਕੇ ਨਾਲ ਸਬੰਧਤ ਖਿਡਾਰੀਆਂ, ਸਾਹਿਤਕਾਰਾਂ, ਅਫਸਰਾਂ, ਵਕੀਲਾਂ, ਪੱਤਰਕਾਰਾਂ ਅਤੇ ਹਰ ਵਰਗ ਦੇ ਲੋਕਾਂ ਨੂੰ ਇਸ ਮੰਚ ਨਾਲ ਜੋੜਿਆ ਜਾਵੇਗਾ। ਸਭ ਤੋਂ ਵੱਧ ਧਿਆਨ ਵਿਦਿਆਰਥੀਆਂ ਨੂੰ ਪੁਆਧੀ ਬੋਲੀ ਬੋਲਣ ਸਮੇਂ ਸ਼ਰਮ ਮਹਿਸੂਸ ਨਾ ਕਰਨ ਲਈ ਪੇ੍ਰਰਿਤ ਕਰਨ ਵੱਲ ਦਿੱਤਾ ਜਾਵੇਗਾ।
ਮੈਂਬਰਾਂ ਨੇ ਕਿਹਾ ਕਿ ਇਸ ਮੰਚ ਦਾ ਹਰ ਮਹੀਨੇ ਇਕ ਪ੍ਰੋਗਰਾਮ ਰੱਖਿਆ ਜਾਵੇਗਾ ਜਿਸ ਵਿਚ ਸਮਾਜ ਦੇ ਸੁਧਾਰ ਲਈ ਵੀ ਪ੍ਰੋਗਰਾਮ ਆਯੋਜਿਤ ਕੀਤੇ ਜਾਣਗੇ। ਇਸ ਮੌਕੇ ਪਰਮਦੀਪ ਸਿੰਘ ਬੈਦਵਾਣ, ਗੁਰਪ੍ਰੀਤ ਸਿੰਘ ਨਿਆਮੀਆਂ, ਮੋਹਣੀ ਤੂਰ ਸੰਤੇਮਾਜਰਾ, ਡਾ. ਕਰਮਜੀਤ ਸਿੰਘ ਚਿੱਲਾ, ਹਰਦੀਪ ਸਿੰਘ ਬਠਲਾਣਾ, ਜਗਤਾਰ ਸਿੰਘ ਜੱਗੀ, ਜਸਵਿੰਦਰ ਸਿੰਘ ਛਿੰਦਾ, ਪੁਆਧੀ ਅਖਾੜਾ ਗਾਇਕ ਸਮਰ ਸਿੰਘ ਸੰਮੀ, ਗਾਇਕ ਬਿੱਲ ਸਿੰਘ, ਗੀਤਕਾਰ ਭੁਪਿੰਦਰ ਮਟੌਰੀਆ, ਜਗਦੀਪ ਸਿੰਘ ਬੈਦਵਾਣ, ਗੁਰਮੇਜ ਸਿੰਘ ਫੌਜੀ, ਬਾਲ ਕ੍ਰਿਸ਼ਨ, ਜਗਦੀਸ਼ ਸਿੰਘ ਸ਼ਾਹੀਮਾਜਰਾ, ਸੂਬੇਦਾਰ ਸਰੂਪ ਸਿੰਘ, ਸੀਤਾ ਦੇਵੀ, ਰਮੇਸ਼ਵਰ ਸੂਦ, ਗੁਰਬਖਸ਼ ਸਿੰਘ ਬਾਵਾ ਅਤੇ ਹੋਰ ਮੈਂਬਰ ਵੱਡੀ ਗਿਣਤੀ ਵਿਚ ਹਾਜ਼ਰ ਸਨ। ਇਸ ਮੌਕੇ ਸਾਰੇ ਮੈਂਬਰਾਂ ਨੇ ਸ਼ਿਵ ਮੰਦਰ ਵਿਖੇ ਇਕ ਪੌਦਾ ਵੀ ਲਗਾਇਆ ਅਤੇ ਪੌਦਿਆਂ ਦਾ ਪ੍ਰਸ਼ਾਦ ਮੈਂਬਰਾਂ ਨੂੰ ਵੰਡਿਆ ਤਾਂ ਜੋ ਵੱਧ ਤੋਂ ਵੱਧ ਰੁੱਖ ਲਗਾਏ ਜਾ ਸਕਣ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ ਮੀਟਿੰਗ ਵਿੱਚ…