nabaz-e-punjab.com

ਨਵਜੋਤ ਸਿੰਘ ਸਿੱਧੂ ਵੱਲੋਂ ਠੋਸ ਯੁਵਾ ਨੀਤੀ ਉਲੀਕਣ ’ਤੇ ਜ਼ੋਰ

ਪੰਜਾਬ ਯੂਨੀਵਰਸਿਟੀ ਦੇ ‘ਲਾਅ ਫੈਸਟ’ ਮੌਕੇ ਵਿਦਿਆਰਥੀਆਂ ਨਾਲ ਰੂਬਰੂ ਹੋਏ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 1 ਫਰਵਰੀ:
ਨੌਜਵਾਨ ਸਾਡੇ ਸਮਾਜ ਦੀ ਰੀੜ੍ਹ ਦੀ ਹੱਡੀ ਅਤੇ ਜਿਸ ਦੇਸ਼ ਵਿੱਚ 60 ਫੀਸਦੀ ਵਸੋਂ ਨੌਜਵਾਨਾਂ ਦੀ ਹੋਵੇ, ਉਸ ਦੇਸ਼ ਵਿੱਚ ਨੌਜਵਾਨਾਂ ਲਈ ਵੱਖਰਾ ਬਜਟ ਅਤੇ ‘ਯੁਵਾ ਨੀਤੀ’ ਨਾ ਹੋਣਾ ਬਹੁਤ ਦੁਖਦਾਈ ਹੈ।’’ ਇਹ ਗੱਲ ਕੈਬਨਿਟ ਮੰਤਰੀ ਸ. ਨਵਜੋਤ ਸਿੰਘ ਸਿੱਧੂ ਨੇ ਅੱਜ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਕਾਨੂੰਨ ਵਿਭਾਗ ਵੱਲੋਂ ‘ਲਾਅ ਆਡੀਟੋਰੀਅਮ’ ਵਿਖੇ ਕਰਵਾਏ ਪਹਿਲੇ ‘ਲਾਅ ਫੈਸਟ’ ਦੌਰਾਨ ਵਿਦਿਆਰਥੀਆਂ ਦੇ ਰੂਬਰੂ ਹੁੰਦਿਆਂ ਕਹੀ। ਸ੍ਰੀ ਸਿੱਧੂ ਨੇ ਕਿਹਾ ਕਿ ਦੇਸ਼ ਦੀ ਅੱਧੀ ਤੋਂ ਵੱਧ ਵਸੋਂ ਨੌਜਵਾਨਾਂ ਦੀ ਹੈ ਪ੍ਰੰਤੂ ਉਨ੍ਹਾਂ ਕਦੇ ਵੀ ਕਿਸੇ ਨੀਤੀ ਦਾ ਹਿੱਸਾ ਨਹੀਂ ਬਣਾਇਆ ਗਿਆ ਅਤੇ ਨਾ ਹੀ ਨੌਜਵਾਨਾਂ ਨੂੰ ਸਸਤੀਆਂ ਦਰਾਂ ’ਤੇ ਸਿੱਖਿਆ ਲੋਨ ਮੁਹੱਈਆ ਕਰਵਾਏ ਜਾਂਦੇ ਹਨ। ਉਨ੍ਹਾਂ ਕਿਹਾ ਕਿ ਦੇਸ਼ ਨੂੰ ਆਜ਼ਾਦ ਹੋਇਆ 70 ਸਾਲ ਹੋ ਗਏ ਹਨ ਪ੍ਰੰਤੂ ਨੌਜਵਾਨਾਂ ਲਈ ਕੋਈ ਨੀਤੀ ਨਹੀਂ ਬਣਾਈ। ਉਨ੍ਹਾਂ ਕਿਹਾ ਕਿ ਉਹ ਪੰਜਾਬ ਵਿੱਚ ‘ਯੁਵਾ ਨੀਤੀ’ ਬਣਾਉਣ ਦੀ ਦਿਸ਼ਾ ਵਿੱਚ ਕਦਮ ਉਠਾਉਣਗੇ ਤਾਂ ਜੋ ਨੌਜਵਾਨਾਂ ਦੇ ਭਵਿੱਖ ਨੂੰ ਨਵੀਂ ਦਿਸ਼ਾ ਦਿੱਤੀ ਜਾਵੇ। ਉਨ੍ਹਾਂ ਵਿਦਿਆਰਥੀਆਂ ਨੂੰ ਵੱਖ-ਵੱਖ ਮਹਾਨ ਖਿਡਾਰੀਆਂ ਕਪਿਲ ਦੇਵ, ਸਚਿਨ ਤੇਂਦੁਲਕਰ ਦੇ ਜੀਵਨ ਨਾਲ ਜੁੜੀਆਂ ਉਦਾਹਰਨਾਂ ਦਿੰਦਿਆਂ ਕਿਹਾ ਕਿ ਕਾਮਯਾਬੀ ਦਾ ਰਾਜ ‘ਖੁਦ ਵਿੱਚ ਵਿਸ਼ਵਾਸ ਕਰਨਾ’ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਇਨਸਾਨ ਨੂੰ ਆਪਣੇ ਆਪ ਵਿੱਚ ਵਿਸ਼ਵਾਸ ਨਹੀਂ ਅਤੇ ਅਸਫਲਤਾ ਦਾ ਡਰ ਹੈ ਤਾਂ ਉਹ ਕਦੇ ਕਾਮਯਾਬ ਨਹੀਂ ਹੋ ਸਕਦਾ ਹੈ। ਉਨ੍ਹਾਂ ਨੌਜਵਾਨਾਂ ਨੂੰ ਅਸਫਲਤਾ ਤੋਂ ਨਾ ਡਰਨ ਦੀ ਨਸੀਹਤ ਦਿੰਦਿਆਂ ਕਿਹਾ ਕਿ ਸਾਨੂੰ ਕੋਸ਼ਿਸ਼ਾਂ ਨਹੀਂ ਛੱਡਣੀਆਂ ਚਾਹੀਦੀਆਂ। ਕ੍ਰਿਕਟਰ ਤੋਂ ਕੁਮੈਂਟੇਟਰ ਅਤੇ ਫੇਰ ਛੋਟੇ ਪਰਦੇ ਤੇ ਰਾਜਨੀਤੀ ਵਿੱਚ ਆਪਣੀ ਵੱਖਰੀ ਛਾਪ ਛੱਡਣ ਵਾਲੇ ਸ. ਸਿੱਧੂ ਨੇ ਆਪਣੇ ਜੀਵਨ ਨਾਲ ਜੁੜੀਆਂ ਕਈ ਘਟਨਾਵਾਂ ਵੀ ਸਾਂਝੀਆਂ ਕਰਦਿਆਂ ਕਿਹਾ ਕਿ ਕਿਸੇ ਵੇਲੇ ਉਹ ਸਕੂਲ ਪੜ੍ਹਦਿਆਂ ਭਾਸ਼ਣ ਦੇਣ ਤੋਂ ਬਹੁਤ ਡਰਦੇ ਹੁੰਦੇ ਸਨ। ਇਸ ਤੋਂ ਇਲਾਵਾ ਕ੍ਰਿਕਟ ਦੇ ਸ਼ੁਰੂਆਤੀ ਪਲਾਂ ਦੌਰਾਨ ਮਿਲੀ ਅਸਫਲਤਾ ਨਾਲ ਲੱਗੇ ਝਟਕੇ ਅਤੇ ਪਿਤਾ ਵੱਲੋਂ ਲਗਾਈ ਫਟਕਾਰ ਨੇ ਉਸ ਦੀ ਜ਼ਿੰਦਗੀ ਬਦਲ ਦਿੱਤੀ। ਉਨ੍ਹਾਂ ਕਿਹਾ ਕਿ ਸਖਤ ਮਿਹਨਤ ਅਤੇ ਖੁਦ ਉਪਰ ਵਿਸ਼ਵਾਸ ਹੀ ਉਸ ਨੂੰ ਅੱਜ ਇਸ ਮੰਜ਼ਿਲ ’ਤੇ ਲੈ ਕੇ ਆਇਆ ਹੈ। ਇਮਾਨਦਾਰੀ ਦਾ ਕਦੇ ਵੀ ਪੱਲਾ ਨਹੀਂ ਛੱਡਿਆ ਅਤੇ ਹਮੇਸ਼ਾ ਸੱਚ ’ਤੇ ਪਹਿਰਾ ਦਿੱਤਾ। ਉਨ੍ਹਾਂ ਕਿਹਾ ਕਿ ਇਹ ਬੜੇ ਦੁੱਖ ਦੀ ਗੱਲ ਹੈ ਕਿ ਅੱਜ ਦੀ ਨੌਜਵਾਨੀ ਵਿਦੇਸ਼ ਜਾਣ ਦੀ ਚਾਹਵਾਨ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਦੇਸ਼ ਅੰਦਰ ਹੀ ਆਤਮ-ਨਿਰਭਰ ਹੋਣ ਲਈ ਕੋਸ਼ਿਸ਼ਾਂ ਕਰਨੀਆਂ ਚਾਹੀਦੀਆਂ ਹਨ ਅਤੇ ਕਿੱਤਾਮੁਖੀ ਕੋਰਸਾਂ ਨੂੰ ਪਹਿਲ ਦੇਣੀ ਚਾਹੀਦੀ ਹੈ।

Load More Related Articles
Load More By Nabaz-e-Punjab
Load More In General News

Check Also

Excise and Taxation Department, Punjab Initiates Comprehensive GST Registration Drive for Dealers

Excise and Taxation Department, Punjab Initiates Comprehensive GST Registration Drive for …