Share on Facebook Share on Twitter Share on Google+ Share on Pinterest Share on Linkedin ਮੁਲਾਜ਼ਮ ਸੰਘਰਸ਼: ਪਸ਼ੂ ਪਾਲਣ ਵਿਭਾਗ ਦਾ ਡਾਇਰੈਕਟਰ ਅਤੇ ਵੈਟਰਨਰੀ ਇੰਸਪੈਕਟਰ ਆਹਮੋ ਸਾਹਮਣੇ ਡਾਇਰੈਕਟਰ ਦੀ ਘੂਰਕੀ ਦੇ ਬਾਵਜੂਦ ਵੈਟਰਨਰੀ ਇੰਸਪੈਕਟਰ 13 ਅਗਸਤ ਨੂੰ ਮੁੱਖ ਦਫ਼ਤਰ ਦਾ ਘਿਰਾਓ ਕਰਨ ਲਈ ਬਜ਼ਿੱਦ ਡਾਇਰੈਕਟਰ ਨੇ ਤਾਜ਼ਾ ਹੁਕਮ ਕੀਤੇ ਜਾਰੀ, ਕੋਈ ਅਧਿਕਾਰੀ\ਕਰਮਚਾਰੀ ਅਗਾਊਂ ਛੁੱਟੀ\ਪ੍ਰਵਾਨਗੀ ਤੋਂ ਬਿਨਾਂ ਨਹੀਂ ਛੱਡ ਸਕੇਗਾ ਆਪਣਾ ਸਟੇਸ਼ਨ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 9 ਅਗਸਤ: ਪਸ਼ੂ ਪਾਲਣ ਵਿਭਾਗ ਪੰਜਾਬ ਦੇ ਡਾਇਰੈਕਟਰ ਡਾ. ਇੰਦਰਜੀਤ ਸਿੰਘ ਅਤੇ ਵੈਟਰਨਰੀ ਇੰਸਪੈਕਟਰ ਖੁੱਲ੍ਹ ਕੇ ਆਹਮੋ ਸਾਹਮਣੇ ਆ ਗਏ ਹਨ। ਡਾਇਰੈਕਟਰ ਵੱਲੋਂ ਵੈਟਰਨਰੀ ਇੰਸਪੈਕਟਰ ਦੀਆਂ ਕੀਤੀਆਂ ਜਬਰੀ ਬਦਲੀਆਂ ਅਤੇ ਧੱਕੇ ਨਾਲ ਦਿੱਤੇ ਵਾਧੂ ਚਾਰਜਾਂ ਖ਼ਿਲਾਫ਼ ਪੰਜਾਬ ਭਰ ਦੇ ਸਮੂਹ ਵੈਟਰਨਰੀ ਇੰਸਪੈਕਟਰਾਂ ਵੱਲੋਂ 13 ਅਗਸਤ ਨੂੰ ਇੱਥੋਂ ਦੇ ਸੈਕਟਰ-68 ਸਥਿਤ ਪਸ਼ੂ ਪਾਲਣ ਵਿਭਾਗ ਪੰਜਾਬ ਦੇ ਡਾਇਰੈਕਟਰ ਦੇ ਘਿਰਾਓ ਕਰਕੇ ਵਿਸ਼ਾਲ ਰੋਸ ਮੁਜ਼ਾਹਰਾ ਕੀਤਾ ਜਾਵੇਗਾ। ਉਧਰ, ਪਸ਼ੂ ਪਾਲਣ ਵਿਭਾਗ ਦੇ ਡਾਇਰੈਕਟਰ ਡਾ. ਇੰਦਰਜੀਤ ਸਿੰਘ ਨੇ ਤਾਜ਼ਾ ਫੁਰਮਾਨ ਜਾਰੀ ਕਰਕੇ ਸਾਫ਼ ਲਫ਼ਜ਼ਾਂ ਵਿੱਚ ਆਖਿਆ ਹੈ ਕਿ ਕੋਈ ਵੀ ਅਧਿਕਾਰੀ ਅਤੇ ਕਰਮਚਾਰੀ ਅਗਾਊਂ ਛੁੱਟੀ ਜਾਂ ਪ੍ਰਵਾਨਗੀ ਲਏ ਬਿਨਾਂ ਮੁੱਖ ਦਫ਼ਤਰ ਨਹੀਂ ਆ ਸਕਦਾ ਹੈ ਅਤੇ ਨਾ ਹੀ ਆਪਣਾ ਸਟੇਸ਼ਨ ਛੱਡ ਸਕਦਾ ਹੈ। ਪੰਜਾਬ ਸਟੇਟ ਵੈਟਰਨਰੀ ਇੰਸਪੈਕਟਰ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਨਿਰਮਲ ਸੈਣੀ ਅਤੇ ਸੂਬਾ ਪ੍ਰੈੱਸ ਸਕੱਤਰ ਕਿਸ਼ਨ ਚੰਦਰ ਮਹਾਜਨ ਨੇ ਦੱਸਿਆ ਕਿ ਪਸ਼ੂ ਪਾਲਣ ਵਿਭਾਗ ਦੇ ਡਾਇਰੈਕਟਰ ਵੱਲੋਂ ਵੈਟਰਨਰੀ ਇੰਸਪੈਕਟਰ ਕਾਡਰ ਖ਼ਿਲਾਫ਼ ਧੱਕੇਸ਼ਾਹੀ ਅਤੇ ਵਧੀਕੀਆਂ ਦਾ ਰਵੱਈਆ ਅਪਣਾਇਆ ਜਾ ਰਿਹਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਡਾਇਰੈਕਟਰ ਵੱਲੋਂ ਉਨ੍ਹਾਂ ਦੇ ਸੰਘਰਸ਼ ਨੂੰ ਤਾਰਪੀਡੋ ਕਰਨ ਲਈ ਗਲਤ ਹੱਥ ਕੰਢੇ ਅਪਣਾਉਂਦਿਆਂ ਤਾਨਾਸ਼ਾਹੀ ਹੁਕਮ ਜਾਰੀ ਕੀਤੇ ਜਾ ਰਹੇ ਹਨ। ਲੇਕਿਨ ਉਹ ਅਧਿਕਾਰੀ ਦੀਆਂ ਇਨ੍ਹਾਂ ਧਮਕੀਆਂ ਤੋਂ ਡਰਨ ਵਾਲੇ ਨਹੀਂ ਹਨ। ਆਗੂਆਂ ਨੇ ਦੱਸਿਆ ਕਿ ਬੀਤੇ ਦਿਨੀਂ ਡਾਇਰੈਕਟਰ ਵੱਲੋਂ ਜਾਰੀ ਤਾਜ਼ਾ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਸਮੇਂ ਸਮੇਂ ’ਤੇ ਜਾਰੀ ਕੀਤੀਆਂ ਗਈਆਂ ਹਦਾਇਤਾਂ ਦੀ ਲਗਾਤਾਰਤਾ ਵਿੱਚ ਲਿਖਿਆ ਜਾਂਦਾ ਹੈ ਕਿ ਕੋਈ ਵੀ ਅਧਿਕਾਰੀ\ਕਰਮਚਾਰੀ ਸਦਰ ਦਫ਼ਤਰ ਵਿੱਚ ਬਿਨਾਂ ਪ੍ਰਵਾਨਗੀ ਜਾਂ ਟੂਰ ਪ੍ਰਵਾਨ ਕੀਤੇ ਬਗੈਰ ਨਾ ਆਉਣ ਪ੍ਰੰਤੂ ਦੇਖਣ ਵਿੱਚ ਆਇਆ ਹੈ ਕਿ ਇਸ ਦੇ ਬਾਵਜੂਦ ਅਧਿਕਾਰੀ\ਕਰਮਚਾਰੀ ਬਿਨਾਂ ਅਗਾਊਂ ਪ੍ਰਵਾਨਗੀ ਲਏ ਹੀ ਸਦਰ ਦਫ਼ਤਰ ਵਿੱਚ ਆ ਜਾਂਦੇ ਹਨ, ਜੋ ਸਰਕਾਰੀ ਨੇਮਾਂ ਦੇ ਖ਼ਿਲਾਫ਼ ਅਤੇ ਅਨੁਸ਼ਾਸਨਹੀਣਤਾ ਹੈ। ਇਸ ਤੋਂ ਇਲਾਵਾ ਜੇਕਰ ਕੋਈ ਅਧਿਕਾਰੀ\ਕਰਮਚਾਰੀ ਕਿਸੇ ਕਿਸਮ ਦੇ ਧਰਨੇ\ਪ੍ਰਦਰਸ਼ਨ ਵਿੱਚ ਭਾਗ ਲੈਂਦਾ ਹੈ ਤਾਂ ਉਸ ਦੀ ਵੀ ਸਮਰੱਥ ਅਥਾਰਟੀ\ਅਧਿਕਾਰੀ ਤੋਂ ਅਗਾਊਂ ਪ੍ਰਵਾਨਗੀ ਲੈਣੀ ਜ਼ਰੂਰੀ ਹੈ। ਆਗੂਆਂ ਨੇ ਕਿਹਾ ਕਿ ਵੈਟਰਨਰੀ ਇੰਸਪੈਕਟਰ ਡਾਇਰੈਕਟਰ ਦੇ ਇਨ੍ਹਾਂ ਧਮਕੀ ਭਰੇ ਹੁਕਮਾਂ ਅੱਗੇ ਝੁਕਣ ਵਾਲੇ ਨਹੀਂ ਹਨ। ਉਨ੍ਹਾਂ ਕਿਹਾ ਕਿ ਡਾਇਰੈਕਟਰ ਦੇ ਘਿਰਾਓ ਲਈ ਮੁਲਾਜ਼ਮਾਂ ਦੀ ਲਾਮਬੰਦੀ ਕੀਤੀ ਜਾ ਰਹੀ ਹੈ ਅਤੇ 13 ਅਗਸਤ ਦੇ ਸੂਬਾ ਪੱਧਰੀ ਧਰਨੇ ਲਈ ਸਮੂਹ ਵੈਟਰਨਰੀ ਇੰਸਪੈਕਟਰ ਆਪੋ ਆਪਣੇ ਖੇਤਰ ਵਿੱਚ ਸਬੰਧਤ ਅਧਿਕਾਰੀ ਤੋਂ ਅਗਾਊਂ ਛੁੱਟੀ\ਪ੍ਰਵਾਨਗੀ ਲਈ ਲਿਖਤੀ ਅਰਜ਼ੀ ਦੇਣਗੇ। ਜੇਕਰ ਅਧਿਕਾਰੀ ਨੇ ਉਨ੍ਹਾਂ ਦੀ ਅਰਜ਼ੀ ਪ੍ਰਵਾਨ ਨਹੀਂ ਕੀਤੀ ਤਾਂ ਉਹ ਆਪਣੀਆਂ ਅਰਜ਼ੀਆਂ ਅਧਿਕਾਰੀਆਂ ਦੇ ਅੱਗੇ ਰੱਖ ਕੇ ਸੰਘਰਸ਼ ਵਿੱਚ ਸ਼ਮੂਲੀਅਤ ਕਰਨਗੇ। ਉਨ੍ਹਾਂ ਕਿਹਾ ਕਿ ਡਾਇਰੈਕਟੋਰੇਟ ਵੱਲੋਂ ਮਨਮਰਜ਼ੀ ਨਾਲ ਗੈਰਵਿਹਾਰਕ ਫੈਸਲੇ ਲੈ ਕੇ ਫੀਲਡ ਸਟਾਫ਼ ਨੂੰ ਪ੍ਰੇਸ਼ਾਨ ਕਰਨ ਵਾਲਾ ਰੁੱਖ ਅਖ਼ਤਿਆਰ ਕੀਤਾ ਗਿਆ ਹੈ। ਆਗੂਆਂ ਨੇ ਡਾਇਰੈਕਟਰ ਨੂੰ ਸਵਾਲ ਕੀਤਾ ਕਿ ਇਕ ਵੈਟਰਨਰੀ ਇੰਸਪੈਕਟਰ ਨੂੰ ਦੋ ਦੋ ਅਦਾਰਿਆਂ ਦੇ ਚਾਰਜ ਅਤੇ ਦੋ ਸੰਸਥਾਵਾਂ ਦੇ ਟੀਚੇ ਦਿੱਤੇ ਗਏ ਹਨ, ਜੋ ਕਿਸੇ ਤਰ੍ਹਾਂ ਜਾਇਜ਼ ਨਹੀਂ ਹੈ। ਜਦੋਂਕਿ ਡੇਢ ਦਰਜਨ ਤੋਂ ਵੱਧ ਵੈਟਰਨਰੀ ਇੰਸਪੈਕਟਰਾਂ ਨੂੰ ਮੁੱਖ ਦਫ਼ਤਰ ਵਿੱਚ ਤਾਇਨਾਤ ਕਰਕੇ ਉਨ੍ਹਾਂ ਤੋਂ ਦਫ਼ਤਰੀ ਕੰਮ ਲਿਆ ਜਾ ਰਿਹਾ ਹੈ। ਉਨ੍ਹਾਂ ਪਸ਼ੂ ਪਾਲਣ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੂੰ ਅਪੀਲ ਕੀਤੀ ਕਿ ਉਹ ਵਿਭਾਗ ਵਿੱਚ ਚਿੱਟੇ ਹਾਥੀ ਵਜੋਂ ਵਿਚਰ ਰਹੀ ਅਫ਼ਸਰਸ਼ਾਹੀ ਦੀ ਫੀਲਡ ਵਿੱਚ ਕੰਮ ਦੀ ਸਮੀਖਿਆ ਕਰਵਾਉਣ। ਅਫ਼ਸਰਸ਼ਾਹੀ ਵੱਲੋਂ ਪਸ਼ੂ ਪਾਲਕਾਂ ਨੂੰ ਸੇਵਾਵਾਂ ਦੇਣ ਦੀ ਬਜਾਏ ਸ਼ਹਿਰਾਂ ਵਿੱਚ ਰਹਿਣ ਨੂੰ ਤਰਜ਼ੀਹ ਦਿੱਤੀ ਜਾ ਰਹੀ ਹੈ। ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਭੁਪਿੰਦਰ ਸਿੰਘ ਸੱਚਰ, ਜਨਰਲ ਸਕੱਤਰ ਕੇਵਲ ਸਿੰਘ ਸਿੱਧੂ, ਬਰਿੰਦਰਪਾਲ ਕੈਰੋਂ, ਰਾਜੀਵ ਮਲਹੋਤਰਾ, ਹਰਪ੍ਰੀਤ ਸਿੰਘ ਸਿੱਧੂ, ਸਤਨਾਮ ਸਿੰਘ ਫਤਹਿਗੜ੍ਹ ਸਾਹਿਬ, ਜਸਵੀਰ ਰਾਣਾ ਹੁਸ਼ਿਆਰਪੁਰ, ਸਤਨਾਮ ਸਿੰਘ ਰੂਪਨਗਰ, ਮਨਦੀਪ ਸਿੰਘ ਗਿੱਲ ਵੀ ਹਾਜ਼ਰ ਸਨ। (ਬਾਕਸ ਆਈਟਮ) ਪਸ਼ੂ ਪਾਲਣ ਵਿਭਾਗ ਦੇ ਡਾਇਰੈਕਟਰ ਡਾ. ਇੰਦਰਜੀਤ ਸਿੰਘ ਨੇ ਵੈਟਰਨਰੀ ਇੰਸਪੈਕਟਰਾਂ ਵੱਲੋਂ ਲਗਾਏ ਗਏ ਤਾਨਾਸ਼ਾਹ ਹੁਕਮ ਜਾਰੀ ਕਰਨ ਦੇ ਦੋਸ਼ਾਂ ਨੂੰ ਬਿਲਕੁਲ ਬੇਬੁਨਿਆਦ ਅਤੇ ਮਨਘੜਤ ਦੱਸਦਿਆਂ ਕਿਹਾ ਕਿ ਸਰਕਾਰੀ ਨੇਮਾਂ ਅਨੁਸਾਰ ਨਵੇਂ ਹੁਕਮ ਜਾਰੀ ਕੀਤੇ ਗਏ ਹਨ ਅਤੇ ਇਨ੍ਹਾਂ ਹੁਕਮਾਂ ਦਾ ਮੁਲਾਜ਼ਮਾਂ ਦੀ ਹੜਤਾਲ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਉਨ੍ਹਾਂ ਕਿਹਾ ਕਿ ਆਮ ਦੇਖਣ ਵਿੱਚ ਆਇਆ ਹੈ ਕਿ ਕੁਝ ਅਧਿਕਾਰੀ\ਕਰਮਚਾਰੀ ਬਿਨਾਂ ਪ੍ਰਵਾਨਗੀ\ਛੁੱਟੀ ਤੋਂ ਮੁੱਖ ਦਫ਼ਤਰ ਵਿੱਚ ਆ ਜਾਂਦੇ ਹਨ ਅਤੇ ਟੂਰ ਪ੍ਰੋਗਰਾਮ ਬਣਾ ਲੈਂਦੇ ਹਨ। ਉਨ੍ਹਾਂ ਕਿਹਾ ਕਿ ਮੁੱਖ ਦਫ਼ਤਰ ਵਿੱਚ ਆਉਣ ਦੀ ਕਿਸੇ ਅਧਿਕਾਰੀ ਜਾਂ ਕਰਮਚਾਰੀ ਨੂੰ ਆਉਣ ਦੀ ਕੋਈ ਲੋੜ ਹੈ ਕਿਉਂਕਿ ਸਬੰਧਤ ਕੰਮ ਫੋਨ ’ਤੇ ਵੀ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ