
ਪੰਜਾਬ ਸਕੂਲ ਸਿੱਖਿਆ ਬੋਰਡ ਦੀ ਅਕਾਦਮਿਕ ਸ਼ਾਖਾ ਦੇ ਮੁਲਾਜ਼ਮ ਇਕਾਂਤਵਾਸ ’ਚ ਭੇਜੇ
ਸਿੱਖਿਆ ਵਿਭਾਗ ਦੇ ਸਕੱਤਰ ਕਮ ਚੇਅਰਮੈਨ ਨੇ ਲੰਘੀ ਦੇਰ ਰਾਤ ਜਾਰੀ ਕੀਤੇ ਹੁਕਮ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 10 ਜੁਲਾਈ:
ਪੰਜਾਬ ਸਕੂਲ ਸਿੱਖਿਆ ਬੋਰਡ ਦੀ ਅਕਾਦਮਿਕ ਸ਼ਾਖਾ ਦੀ ਮਹਿਲਾ ਮੁਲਾਜ਼ਮ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਬ੍ਰਾਂਚ ਦੀ ਮੁਖੀ ਉਪ ਸਕੱਤਰ ਅਮਰਜੀਤ ਕੌਰ ਦਾਲਮ ਸਮੇਤ ਪੂਰੀ ਬ੍ਰਾਂਚ ਦੇ ਮੁਲਾਜ਼ਮਾਂ ਨੂੰ ਅਗਲੇ ਹੁਕਮਾਂ ਤੱਕ ਆਪੋ ਆਪਣੇ ਘਰਾਂ ਵਿੱਚ ਇਕਾਂਤਵਾਸ ਵਿੱਚ ਰਹਿਣ ਲਈ ਕਿਹਾ ਗਿਆ ਹੈ। ਦੱਸਿਆ ਗਿਆ ਹੈ ਕਿ ਸਿੱਖਿਆ ਵਿਭਾਗ ਦੇ ਸਕੱਤਰਕਮ ਸਕੂਲ ਬੋਰਡ ਦੇ ਚੇਅਰਮੈਨ ਕ੍ਰਿਸ਼ਨ ਕੁਮਾਰ ਵੱਲੋਂ ਸਿਹਤ ਵਿਭਾਗ ਦੀ ਸਿਫਾਰਿਸ਼ ’ਤੇ ਲੰਘੀ ਦੇਰ ਰਾਤ ਇਹ ਹੁਕਮ ਜਾਰੀ ਕੀਤੇ ਗਏ ਹਨ। ਸ਼ੁੱਕਰਵਾਰ ਨੂੰ ਅਕਾਦਮਿਕ ਬ੍ਰਾਂਚ ਨੂੰ ਤਾਲਾ ਲੱਗਿਆ ਹੋਇਆ ਸੀ।
ਜਾਣਕਾਰੀ ਅਨੁਸਾਰ ਪੰਜਾਬ ਪੁਲੀਸ ਦੇ ਚਰਚਿਤ ਸਾਬਕਾ ਪੁਲੀਸ ਅਧਿਕਾਰੀ ਦੀ ਧਰਮ ਪਤਨੀ ਜੋ ਕਿ ਸਿੱਖਿਆ ਬੋਰਡ ਵਿੱਚ ਨੌਕਰੀ ਕਰਦੀ ਹੈ, ਦੀ ਰਿਪੋਰਟ ਪਾਜ਼ੇਟਿਵ ਆਉਣ ਸਿੱਖਿਆ ਭਵਨ ਦੇ ਮੁਲਾਜ਼ਮ ਸਹਿਮੇ ਹੋਏ ਹਨ। ਇਸ ਤੋਂ ਪਹਿਲਾਂ ਮਹਿਲਾ ਮੁਲਾਜ਼ਮ ਦਾ ਬੇਟਾ ਕਰੋਨਾ ਤੋਂ ਪੀੜਤ ਪਾਇਆ ਗਿਆ ਸੀ। ਦਫ਼ਤਰੀ ਸਟਾਫ਼ ਅਨੁਸਾਰ ਉਕਤ ਮਹਿਲਾ ਮੁਲਾਜ਼ਮ ਬੀਤੀ 17 ਜੂਨ ਤੋਂ ਦਫ਼ਤਰ ਨਹੀਂ ਆ ਰਹੀ ਹੈ ਅਤੇ ਛੁੱਟੀ ’ਤੇ ਚਲ ਰਹੀ ਹੈ। ਇਕ ਅਧਿਕਾਰੀ ਨੇ ਦੱਸਿਆ ਕਿ ਸਿੱਖਿਆ ਬੋਰਡ ਭਵਨ ਵਿੱਚ ਰੋਜ਼ਾਨਾ ਹੀ ਸੈਂਕੜੇ ਕਰਮਚਾਰੀ ਡਿਊਟੀ ’ਤੇ ਆ ਰਹੇ ਹਨ ਅਤੇ ਪੰਜਾਬ ਭਰ ’ਚੋਂ ਆਪਣੇ ਕੰਮਾਂ ਕਾਰਾਂ ਵੀ ਲੋਕ ਆ ਜਾ ਰਹੇ ਹਨ। ਕਈ ਬ੍ਰਾਂਚਾਂ ਵਿੱਚ ਤਾਂ ਕੰਮਾਂ ਲਈ ਲੋਕਾਂ ਦੀ ਭੀੜ ਜੁੱਟ ਰਹੀ ਹੈ। ਦਫ਼ਤਰੀ ਸਟਾਫ਼ ਨੇ ਮੰਗ ਕੀਤੀ ਹੈ ਕਿ ਸਿੰਗਲ ਵਿੰਡੋਂ ਸਮੇਤ ਮੁੱਖ ਦਫ਼ਤਰ ਵਿੱਚ ਕੰਮਾਂ ਕਾਰਾਂ ਲਈ ਆਉਂਦੇ ਬਾਹਰਲੇ ਜ਼ਿਲ੍ਹਿਆਂ ਖਾਸ ਕਰਕੇ ਜਿੱਥੇ ਕਰੋਨਾ ਮਹਾਮਾਰੀ ਦਾ ਸਭ ਤੋਂ ਵਧ ਪ੍ਰਕੋਪ ਹੈ, ਉਨ੍ਹਾਂ ਇਲਾਕਿਆਂ ਦੇ ਲੋਕਾਂ ਨੂੰ ਬੋਰਡ ਵਿੱਚ ਆਉਣ ਤੋਂ ਰੋਕਿਆ ਜਾਵੇ। ਜੇਕਰ ਕਿਸੇ ਦਾ ਬਹੁਤ ਹੀ ਜ਼ਰੂਰੀ ਕੰਮ ਹੈ ਅਤੇ ਸਬੰਧਤ ਵਿਅਕਤੀ ਦੇ ਆਉਣ ਤੋਂ ਬਿਨਾਂ ਉਹ ਕੰਮ ਹੋਣ ਵਾਲਾ ਨਹੀਂ ਹੈ, ਸਿਰਫ਼ ਉਨ੍ਹਾਂ ਨੂੰ ਹੀ ਸਪੈਸ਼ਲ ਪਾਸ ਰਾਹੀਂ ਦਫ਼ਤਰ ਆਉਣ ਦੀ ਇਜਾਜ਼ਤ ਦਿੱਤੀ ਜਾਵੇ।