ਤਨਖ਼ਾਹ ਕਮਿਸ਼ਨ ਦੀ ਰਿਪੋਰਟ ਨੂੰ ਲੈ ਕੇ ਵਿੱਤ ਮੰਤਰੀ ’ਤੇ ਭੜਕੇ ਮੁਲਾਜ਼ਮ ਤੇ ਪੈਨਸ਼ਨਰ

ਵਾਅਦਾਖ਼ਿਲਾਫ਼ੀ: ਪੰਜਾਬ ਸਰਕਾਰ ਵਿਰੁੱਧ ਲੜੀਵਾਰ ਭੁੱਖ ਹੜਤਾਲ ਛੇਵੇਂ ਦਿਨ ’ਚ ਦਾਖ਼ਲ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 9 ਮਾਰਚ:
ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਹੱਕੀ ਮੰਗਾਂ ਸਬੰਧੀ ਗੂੜੀ ਨੀਂਦ ਸੁੱਤੀ ਪੰਜਾਬ ਸਰਕਾਰ ਨੂੰ ਜਗਾਉਣ ਲਈ ਪੰਜਾਬ-ਯੂਟੀ ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫਰੰਟ ਵੱਲੋਂ ਜ਼ਿਲ੍ਹਾ ਪੱਧਰ ’ਤੇ ਮੁਹਾਲੀ ਵਿਖੇ ਸ਼ੁਰੂ ਕੀਤੀ ਲੜੀਵਾਰ ਭੁੱਖ ਹੜਤਾਲ ਅੱਜ ਛੇਵੇਂ ਦਿਨ ਵਿੱਚ ਦਾਖ਼ਲ ਹੋ ਗਈ। ਅੱਜ ਦੀ ਭੁੱਖ ਹੜਤਾਲ ਅਤੇ ਧਰਨੇ ਦੀ ਅਗਵਾਈ ਸਾਂਝਾ ਫਰੰਟ ਦੇ ਕਨਵੀਨਰ ਸੱਜਣ ਸਿੰਘ, ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਜ਼ਿਲ੍ਹਾ ਮੁਹਾਲੀ ਦੇ ਪ੍ਰਧਾਨ ਮੋਹਨ ਸਿੰਘ, ਪੰਜਾਬ-ਯੂਟੀ ਸਾਂਝੀ ਐਕਸ਼ਨ ਕਮੇਟੀ ਦੇ ਪ੍ਰਧਾਨ ਕਰਤਾਰ ਸਿੰਘ ਪਾਲ ਅਤੇ ਪ੍ਰੇਮ ਪਾਲ ਨੇ ਕੀਤੀ।
ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਬੀਤੇ ਕੱਲ੍ਹ ਪੇਸ਼ ਕੀਤੇ ਕਾਂਗਰਸ ਸਰਕਾਰ ਦੇ ਅਖੀਰਲੇ ਬਜਟ ਵਿੱਚ ਛੇਵੇਂ ਪੰਜਾਬ ਤਨਖ਼ਾਹ ਕਮਿਸ਼ਨ ਦੀ ਰਿਪੋਰਟ ਕੇਂਦਰ ਸਰਕਾਰ ਅਤੇ ਹੋਰ ਰਾਜ ਸਰਕਾਰਾਂ ਦੀ ਤਰਜ਼ ’ਤੇ 1 ਜਨਵਰੀ 2016 ਤੋਂ ਲਾਗੂ ਕਰਨ ਦੀ ਬਜਾਏ 1 ਜੁਲਾਈ 2021 ਤੋਂ ਲਾਗੂ ਕਰਨ ਦੀ ਘੋਸ਼ਣਾ ਕਰਨ ’ਤੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੇ ਪੰਜਾਬ ਸਰਕਾਰ ਅਤੇ ਵਿੱਤ ਮੰਤਰੀ ਖ਼ਿਲਾਫ਼ ਜ਼ਬਰਦਸਤ ਪਿੱਟ ਸਿਆਪਾ ਕਰਕੇ ਭੜਾਸ ਕੱਢੀ।
ਆਗੂਆਂ ਨੇ ਕਿਹਾ ਕਿ ਪੰਜਾਬ ਦੀ ਕੈਪਟਨ ਸਰਕਾਰ ਜਾਣਬੁੱਝ ਕੇ ਛੇਵੇਂ ਤਨਖ਼ਾਹ ਕਮਿਸ਼ਨ ਦੀ ਰਿਪੋਰਟ ਲਾਗੂ ਕਰਨ ਵਿੱਚ ਦੇਰੀ ਕਰ ਰਹੀ ਹੈ ਅਤੇ ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਅਤੇ ਉਨ੍ਹਾਂ ਦੇ ਬਕਾਏ ਦੀ ਅਦਾਇਗੀ, ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ, ਪੁਰਾਣੀ ਪੈਨਸ਼ਨ ਬਹਾਲ ਕਰਨ ਬਾਰੇ ਵੀ ਬਜਟ ਵਿੱਚ ਸਪੱਸ਼ਟ ਹੁਕਮ ਜਾਰੀ ਨਾ ਕਰਨ ’ਤੇ ਵੀ ਰੋਸ ਪ੍ਰਗਟਾਇਆ ਗਿਆ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਸੂਬਾ ਸਰਕਾਰ ਨੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਜਾਇਜ਼ ਅਤੇ ਹੱਕੀ ਮੰਗਾਂ ਤੁਰੰਤ ਲਾਗੂ ਨਹੀਂ ਕੀਤੀਆਂ ਗਈਆਂ ਤਾਂ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਨੂੰ ਹੋਰ ਤਿੱਖਾ ਕਰਕੇ ਲੋੜ ਪੈਣ ’ਤੇ ਗੁਪਤ ਐਕਸ਼ਨ ਕੀਤੇ ਜਾਣਗੇ ਅਤੇ ਇਸ ਦੌਰਾਨ ਪੈਦਾ ਹੋਣ ਵਾਲੇ ਹਾਲਾਤਾਂ ਲਈ ਹੁਕਮਰਾਨ ਸਿੱਧੇ ਤੌਰ ’ਤੇ ਜ਼ਿੰਮੇਵਾਰ ਹੋਣਗੇ।
ਇਸ ਮੌਕੇ ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਜ਼ਿਲ੍ਹਾ ਮੁਹਾਲੀ ਦੇ ਆਗੂ ਰਵਿੰਦਰ ਕੌਰ ਗਿੱਲ, ਜਗਤਾਰ ਸਿੰਘ ਬੈਨੀਪਾਲ, ਤਿਲਕ ਰਾਜ ਸ਼ਰਮਾ, ਵਿਰਸਾ ਸਿੰਘ, ਚਰਨਜੀਤ ਸਿੰਘ, ਬੀਐਸ ਸੰਧੂ, ਧਰਮ ਸਿੰਘ, ਗੁਰਮੇਲ ਸਿੰਘ ਗਰਚਾ, ਦਰਸ਼ਨ ਸਿੰਘ, ਸੁਰੇਸ਼ ਕੁਮਾਰ, ਰਤਨ ਲਾਲ, ਫੈਡਰੇਸ਼ਨ ਦੇ ਆਗੂ ਸੁਰੇਸ਼ ਕੁਮਾਰ, ਹਨੂਮਾਨ ਪ੍ਰਸ਼ਾਦ, ਸੀਤਲਾ ਪ੍ਰਸ਼ਾਦ, ਸਵਿੰਦਰ ਕੁਮਾਰ, ਮਿਥਲੇਸ਼ ਕੁਮਾਰ, ਸੰਘਰਸ਼ ਕਮੇਟੀ ਚਿੜੀਆਘਰ ਦੇ ਕਰਮਚਾਰੀ ਨਵਨੀਤ ਸਿੰਘ, ਚਰਨਜੀਤ ਸਿੰਘ, ਦੇਸ਼ ਰਾਜ ਅਤੇ ਬਿਜਲੀ ਬੋਰਡ ਦੇ ਮੁਲਾਜ਼ਮ ਆਗੂ ਰਾਮ ਕੁਮਾਰ, ਬਲਜਿੰਦਰ ਸਿੰਘ, ਕੁਸ਼ਲਾਭ ਸਿੰਘ, ਗੰਗਾ ਰਾਮ ਅਤੇ ਸੁਰਿੰਦਰ ਕੁਮਾਰ ਮੌਜੂਦ ਸਨ।

Load More Related Articles
Load More By Nabaz-e-Punjab
Load More In Campaign

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …