Nabaz-e-punjab.com

ਮੁਲਾਜ਼ਮ ਵਰਗ ਦੀ ਅਣਦੇਖੀ: ਪੰਜਾਬ ਭਰ ਵਿੱਚ ਜ਼ਿਲ੍ਹਾ ਸਦਰ ਮੁਕਾਮਾਂ ’ਤੇ ਵਿੱਤ ਮੰਤਰੀ ਦੀਆਂ ਅਰਥੀਆਂ ਸਾੜੀਆਂ

ਨਬਜ਼-ਏ-ਪੰਜਾਬ ਬਿਊਰੋ, ਪਟਿਆਲਾ, 14 ਦਸੰਬਰ:
ਪੰਜਾਬ ਯੂ.ਟੀ. ਇੰਪਲਾਈਜ਼ ਤੇ ਪੈਨਸ਼ਨਰ ਐਕਸ਼ਨ ਕਮੇਟੀ ਦੇ ਸੱਦੇ ’ਤੇ ਪੰਜਾਬ ਵਿੱਚ ਜ਼ਿਲ੍ਹਾ ਸਦਰ ਮੁਕਾਮਾਂ ’ਤੇ ਵਿੱਤ ਮੰਤਰੀ ਦੀਆਂ ਅਰਥੀਆਂ ਸਾੜਕੇ ਮੁਜਾਹਰੇ ਕੀਤੇ ਗਏ, ਕਿਉਂ ਜੋ ਵਿਧਾਨ ਸਭਾ ਸੈਸ਼ਨ ਦੌਰਾਨ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਦਾ ਕੋਈ ਜ਼ਿਕਰ ਨਹੀਂ ਕੀਤਾ ਅਤੇ ਨਾ ਹੀ ਵਿਰੋਧੀ ਧੀਰ ਨੇ ਮੁਲਾਜ਼ਮਾਂ ਦੇ ਮੁੱਦਿਆਂ ’ਤੇ ਆਪਣਾ ਮੂੰਹ ਸੁੱਚਾ ਕੀਤਾ ਹੈ। ਸਰਕਾਰੀ ਤੇ ਅਰਧ ਸਰਕਾਰੀ ਵਿਭਾਗਾਂ ਵਿਚਲੇ ਤੀਜਾ, ਚੌਥਾ ਅਤੇ ਤਕਨੀਕੀ ਕਰਮਚਾਰੀਆਂ ਸਮੇਤ ਡੇਲੀਵੇਜਿਜ਼, ਵਰਕਚਾਰਜ, ਟੈਂਪਰੇਰੀ, ਕੰਟਰੈਕਟ, ਆਊਟ ਸੋਰਸ ਅਤੇ ਪਾਰਟ ਟਾਇਮ ਕਰਮੀਆਂ ਨੇ ਵੀ ਇਨ੍ਹਾਂ ਅਰਥੀ ਫੁੱਕ ਮੁਜ਼ਾਹਰੇ ਵਿੱਚ ਸ਼ਮੂਲੀਅਤ ਕੀਤੀ। ਪਟਿਆਲਾ ਸ਼ਹਿਰ ਵਿਚਲੇ ਮੁਲਾਜਮ ਪਹਿਲਾਂ ਸਵੇਰੇ ਸਿਚਾਈ ਵਿਭਾਗ ਦੇ ਭਾਖੜਾ ਮੇਨ ਲਾਇਨ ਕੰਪਲੈਕਸ ਵਿਖੇ ਇਕੱਤਰ ਹੋ ਕੇ ਸਰਕਾਰ ਦਾ ਪਿੱਟ ਸਿਆਪਾ ਕੀਤਾ।
ਮੁਲਾਜ਼ਮ ਤੇ ਪੈਨਸ਼ਨਰ ਮੰਗਾਂ ਕਰ ਰਹੇ ਸਨ ਕਿ ਸਾਲ 2014, 2015 ਅਤੇ 2016 ਦੇ ਪਹਿਲੇ ਮਹਿੰਗਾਈ ਭੱਤਿਆਂ ਦੇ 22 ਮਹੀਨੇ ਦਾ ਬਕਾਇਆ, ਜਨਵਰੀ ਤੇ ਜੁਲਾਈ 2017, ਜਨਵਰੀ ਤੇ ਜੁਲਾਈ 2018 ਚਾਰ ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਜਾਰੀ ਨਹੀਂ ਕੀਤੀਆਂ ਗਈਆਂ, ਐਨ.ਪੀ.ਐਸ. ਨੂੰ ਰੱਦ ਕਰਕੇ 2004 ਤੋਂ ਪਹਿਲਾਂ ਵਾਲੀ ਪੁਰਾਣੀ ਪ੍ਰਚਲਿਤ ਪੈਨਸ਼ਨ ਨੂੰ ਬਹਾਲ ਕਰਨਾ, ਰੈਗੂਲਾਇਜੇਸ਼ਨ ਐਕਟ 2016 ਅਨੁਸਾਰ ਤਿੰਨ ਸਾਲ ਦੀ ਸੇਵਾ ਪੂਰੀ ਕਰ ਚੁੱਕੇ ਟੈਂਪਰੇਰੀ, ਐਡਹਾਕ, ਵਰਮਚਾਰਜ, ਡੈਲੀਵੇਜਿਜ਼, ਕੰਟਰੈਕਟ ਅਤੇ ਆਊਟ ਸੋਰਸ ਕਰਮੀਆਂ ਦੀਆਂ ਸੇਵਾਵਾਂ ਰੈਗੂਲਰ ਕਰਨਾ, ਠੇਕੇਦਾਰੀ ਪ੍ਰਥਾ ਦਾ ਖਾਤਮਾ ਕਰਕੇ ਮਾਨਯੋਗ ਸੁਪਰੀਮ ਕੋਰਟ ਦਾ ਫੈਸਲਾ ਅਕਤੂਬਰ 2016 ‘ਬਰਾਬਰ-ਕੰਮ-ਬਰਾਬਰ ਤਨਖਾਹ’ ਦੇਣਾ ਲਾਗੂ ਕਰਨਾ, ਸਰਕਾਰੀ ਤੇ ਅਰਧ ਸਰਕਾਰੀ ਵਿਭਾਗਾਂ ਵਿੱਚ ਰੈਗੂਲਰ ਭਰਤੀ ਕਰਨਾ, ਪੰਜਾਬ ਦੇ ਛੇਵੇਂ ਵੇਤਨ ਕਮਿਸ਼ਨ ਨੂੰ ਸਮਾਂਬੱਧ ਕਰਨਾ, 200 ਰੁਪਏ ਪ੍ਰੋਫੈਸ਼ਨਲ ਟੈਕਸ ਵਾਪਸ ਲੈਣਾ, ਮੁੱਢਲੀ ਤਨਖਾਹਾਂ ਤੇ ਭਰਤੀ ਕੀਤੇ ਕਰਮਚਾਰੀਆਂ ਨੂੰ ਪੂਰੀਆਂ ਤਨਖਾਹਾਂ ਮਾਨਯੋਗ ਅਦਾਲਤਾਂ ਦੇ ਫੈਸਲਿਆਂ ਅਨੁਸਾਰ ਜਨਵਰੀ 2015 ਤੋਂ ਦੇਣਾ, ਚੋਥਾ ਦਰਜਾ ਕਰਮਚਾਰੀਆਂ, ਡਰਾਇਵਰਾਂ ਅਤੇ ਟੈਕਨੀਕਲ ਕਰਮਚਾਰੀਆਂ ਨੂੰ ਵਰਦੀਆਂ ਦੇਣਾ ਤੇ ਵਰਦੀਆਂ ਦਾ ਬੱਜਟ ਵੱਖਰਾ ਦੇਣਾ, ਆਸ਼ਾ ਵਰਕਰਾਂ, ਆਂਗਨਵਾੜੀ ਹੈਲਪਰਾਂ ਅਤੇ ਮਿਡ-ਡੇਅ-ਮੀਲ ਵਰਕਰਾਂ ਨੂੰ ਵੇਤਨ ਕਮਿਸ਼ਨ ਵਲੋਂ ਸਿਫਾਰਸ਼ ਕੀਤੀ ਤਨਖਾਹਾਂ ਦੇਣਾ, 4-9-14 ਸਾਲਾ ਸੇਵਾ ਉਪਰੰਤ ਕਰਮਚਾਰੀਆਂ ਨੂੰ ਉਚੇਰਾ ਸਕੇਲ ਅਧਿਕਾਰੀਆਂ ਵਾਂਗ ਦੇਣਾ ਸਮੇਤ ਵਿਭਾਗੀ ਮੰਗਾਂ ਸ਼ਾਮਲ ਸਨ।
ਵਿੱਤ ਮੰਤਰੀ ਦੇ ਅਰਥੀ ਫੁੱਕ ਮੁਜ਼ਾਹਰੇ ਦੀ ਅਗਵਾਈ ਮੁਲਾਜਮ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ ਨੇ ਕੀਤੀ ਤੇ ਕਿਹਾ ਕਿ ਸਰਕਾਰ ਦੀ ਮੁਲਾਜਮਾਂ ਤੇ ਪੈਨਸ਼ਨਰਾਂ ਦੀ ਅਣਦੇਖੀ ਕਰਨ, ਟਾਕਰਾ ਕਰਨ ਲਈ ਮਿਤੀ 18-12-2018 ਨੂੰ ਵੱਖੋ-ਵੱਖ ਫੈਡਰੇਸ਼ਨਾਂ, ਐਸੋਸੀਏਸ਼ਨਾਂ ਯੂਨੀਅਨਾਂ ਅਤੇ ਵਿਭਾਗੀ ਜੱਥੇਬੰਦੀਆਂ ਦੀ ਮੀਟਿੰਗ ਚੰਡੀਗੜ੍ਹ ਵਿਖੇ ਸੱਦੀ ਗਈ ਹੈ, ਜਿਸ ਵਿੱਚ ਸਾਂਝੇ ਘੋਲ ਉਲੀਕਣ ਲਈ ਵਿਚਾਰ ਕੀਤਾ ਜਾਵੇਗਾ। ਇਸ ਮੌਕੇ ਹੋਰ ਆਗੂ ਹਾਜ਼ਰ ਸਨ ਉਨ੍ਹਾਂ ਵਿੱਚ ਸਰਵ ਸ੍ਰੀ ਜਗਮੋਹਨ ਨੋ-ਲੱਖਾ, ਬਲਜਿੰਦਰ ਸਿੰਘ, ਉਤਮ ਸਿੰਘ ਬਾਗੜੀ, ਨਾਰੰਗ ਸਿੰਘ, ਬਲਬੀਰ ਸਿੰਘ, ਕਾਕਾ ਸਿੰਘ, ਰਾਮ ਲਾਲ ਰਾਮਾ, ਬੁੱਟਾ ਸਿੰਘ ਰੰਧਾਵਾ, ਜਗਜੀਤ ਸਿੰਘ ਲੱਡੂ, ਉਂਕਾਰ ਸਿੰਘ, ਰਾਮ ਜੋਧਾ, ਕੇਸਰ ਸਿੰਘ, ਗੁਰਦਰਸ਼ਨ ਸਿੰਘ, ਹਰਭਜਨ ਸਿੰਘ, ਦਿਆ ਸ਼ੰਕਰ, ਕੁਲਦੀਪ ਸਿੰਘ ਸਕਰਾਲੀ, ਰੋਹਿਤ ਸੈਣੀ, ਜਗਤਾਰ ਲਾਲ, ਦਰਸ਼ਨ ਸਿੰਘ ਘੱਗਾ, ਸੁਖਦੇਵ ਝੰਡੀ, ਜਸਵੰਤ ਸਿੰਘ, ਸ਼ਾਮ ਸਿੰਘ ਆਦਿ ਹਾਜਰ ਸਨ।

Load More Related Articles
Load More By Nabaz-e-Punjab
Load More In General News

Check Also

ਮੁਹਾਲੀ: ਫੇਜ਼-3ਏ ਵਿੱਚ ਬਣਾਏ ਗਏ ਆਰਐਮਸੀ ਪੁਆਇੰਟ ਨੂੰ ਖ਼ਤਮ ਕਰਨ ਦੀ ਗੁਹਾਰ

ਮੁਹਾਲੀ: ਫੇਜ਼-3ਏ ਵਿੱਚ ਬਣਾਏ ਗਏ ਆਰਐਮਸੀ ਪੁਆਇੰਟ ਨੂੰ ਖ਼ਤਮ ਕਰਨ ਦੀ ਗੁਹਾਰ ਫੇਜ਼-2 ਅਤੇ ਫੇਜ਼-3ਏ ਦੇ ਵਸਨੀਕਾਂ…